ਇਨਸਾਨੀਅਤ ਸ਼ਰਮਸਾਰ: ਮੰਦਬੁੱਧੀ ਨੌਜਵਾਨ ਨੂੰ ਬਣਾਇਆ ਬੰਧਕ, 2 ਸਾਲ ਤੱਕ ਪਸ਼ੂਆਂ ਦਾ ਗੋਹਾ ਚੁਕਵਾਇਆ

Tuesday, Mar 17, 2026 - 07:05 PM (IST)

ਇਨਸਾਨੀਅਤ ਸ਼ਰਮਸਾਰ: ਮੰਦਬੁੱਧੀ ਨੌਜਵਾਨ ਨੂੰ ਬਣਾਇਆ ਬੰਧਕ, 2 ਸਾਲ ਤੱਕ ਪਸ਼ੂਆਂ ਦਾ ਗੋਹਾ ਚੁਕਵਾਇਆ

ਲੁਧਿਆਣਾ (ਰਾਜ): ਲੁਧਿਆਣਾ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਮਨੁੱਖੀ ਸੰਵੇਦਨਾਵਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਾਹਨੇਵਾਲ ਦੇ ਨਜ਼ਦੀਕ ਪਿੰਡ ਟਿੱਬਾ ਵਿਚ ਇਕ ਬੇਬਸ ਮੰਦਬੁੱਧੀ ਨੌਜਵਾਨ ਨੂੰ ਪਿਛਲੇ ਦੋ ਸਾਲਾਂ ਤੋਂ ਬੰਧਕ ਬਣਾ ਕੇ ਉਸ ਤੋਂ ਜਬਰਨ ਮਜ਼ਦੂਰੀ ਕਰਵਾਈ ਜਾ ਰਹੀ ਸੀ। ਇਸ ਦਾ ਖ਼ੁਲਾਸਾ 'ਧੰਨ-ਧੰਨ ਬਾਬਾ ਰਤਨ ਦੇਵ ਜੀ ਚੈਰੀਟੇਬਲ ਸੁਸਾਇਟੀ' (ਤਰਨਤਾਰਨ) ਦੇ ਮੈਂਬਰਾਂ ਨੇ ਕੀਤਾ ਹੈ, ਜਿਨ੍ਹਾਂ ਨੇ ਪੀੜਤ ਨੌਜਵਾਨ ਨੂੰ ਨਰਕ ਭਰੀ ਜ਼ਿੰਦਗੀ ਤੋਂ ਆਜ਼ਾਦ ਕਰਵਾਇਆ।

ਸੰਸਥਾ ਦੇ ਪ੍ਰਧਾਨ ਜਗਜੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਭੋਲੂ ਖਾਨ ਨਾਮਕ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਇਕ ਮੰਦਬੁੱਧੀ ਨੌਜਵਾਨ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਕੈਦ ਕਰ ਰੱਖਿਆ ਹੈ। ਮੁਲਜ਼ਮ ਉਸ ਤੋਂ ਦਿਨ-ਰਾਤ ਆਪਣੇ ਪਸ਼ੂਆਂ ਦਾ ਗੋਹਾ ਅਤੇ ਕੂੜਾ-ਕਰਕਟ ਸਾਫ਼ ਕਰਵਾਉਂਦਾ ਸੀ ਅਤੇ ਉਸ ਨੂੰ ਪ੍ਰਤਾੜਿਤ ਕੀਤਾ ਜਾਂਦਾ ਸੀ। ਸੂਚਨਾ ਮਿਲਦੇ ਹੀ ਸੰਸਥਾ ਦੇ ਮੈਂਬਰ 22 ਫਰਵਰੀ ਨੂੰ ਪਿੰਡ ਟਿੱਬਾ ਸਥਿਤ ਭੋਲੂ ਖਾਨ ਦੇ ਡੇਰੇ 'ਤੇ ਪਹੁੰਚੇ ਅਤੇ ਉੱਥੇ ਛਾਪੇਮਾਰੀ ਕਰਕੇ ਨੌਜਵਾਨ ਨੂੰ ਮੁਲਜ਼ਮ ਦੇ ਚੁੰਗਲ ਵਿੱਚੋਂ ਛੁਡਵਾਇਆ।

ਹੈਰਾਨੀ ਦੀ ਗੱਲ ਇਹ ਹੈ ਕਿ ਰੈਸਕਿਊ ਤੋਂ ਬਾਅਦ ਜਦੋਂ ਸੰਸਥਾ ਨੇ ਸੋਸ਼ਲ ਮੀਡੀਆ ਅਤੇ ਫੇਸਬੁੱਕ 'ਤੇ ਇਸ ਘਟਨਾ ਦੀ ਪੋਸਟ ਪਾਈ, ਤਾਂ ਪੀੜਤ ਨੌਜਵਾਨ ਦੀ ਪਛਾਣ 'ਇਮਤਿਆਜ਼' ਵਜੋਂ ਹੋਈ। ਪੋਸਟ ਦੇਖਣ ਤੋਂ ਬਾਅਦ ਨੌਜਵਾਨ ਦੀ ਮਾਂ ਬੀਬੀ ਜ਼ੋਹਰਾ ਸਾਹਮਣੇ ਆਈ, ਜਿਸ ਤੋਂ ਬਾਅਦ ਪੁਲਿਸ ਨੇ ਇਸ ਗੰਭੀਰ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਪੀੜਤ ਦੀ ਮਾਤਾ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਖ਼ਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News