ਪ੍ਰਕਾਸ਼ ਪੁਰਬ 'ਤੇ ਜੇਬ ਕਤਰੇ ਵੀ ਹੋਏ ਸਰਗਰਮ, ਸ਼ਰਧਾਲੂ ਦੇ ਲੱਖ ਰੁਪਏ ਚੋਰੀ
Tuesday, Oct 29, 2019 - 01:30 PM (IST)

ਸੁਲਤਾਨਪੁਰ ਲੋਧੀ (ਸੋਢੀ)— 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਤਾਬਦੀ ਸਮਾਗਮ 'ਚ ਪੁੱਜਣ ਵਾਲੀਆਂ ਸੰਗਤਾਂ ਦੀਆਂ ਜੇਬਾਂ ਸਾਫ ਕਰਨ ਲਈ ਜੇਬ ਕਤਰਿਆਂ ਨੇ ਵੀ ਆਪਣੀ ਤਿਆਰੀ ਖਿੱਚ ਲਈ ਹੈ। ਮੱਸਿਆਂ ਦੇ ਦਿਹਾੜੇ 'ਤੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਦੀ ਜੇਬ ਕਤਰਿਆਂ ਨੇ ਸ਼ਰਧਾਲੂ ਦੀ ਇਕ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਣ ਬਾਅਦ ਇਕ ਸ਼ਰਧਾਲੂ ਹਰਬਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਸੈਣੀ ਗੁਰੂ ਨਾਨਕ ਪੁਰਾ ਜਲੰਧਰ ਨੇ ਦੱਸਿਆ ਕਿ ਉਹ ਘਰੋਂ ਇਹ ਸੋਚ ਕੇ ਇਕ ਲੱਖ ਰੁਪਏ ਦੀ ਨਕਦੀ ਦਾ ਪੈਕਟ ਜੇਬ 'ਚ ਪਾ ਕੇ ਨਾਲ ਲੈ ਕੇ ਆਇਆ ਸੀ ਕਿ ਘਰ ਨੂੰ ਜਿੰਦਰੇ ਮਾਰ ਕੇ ਚੱਲੇ ਹਾਂ ਕਿ ਕਿਤੇ ਕੋਈ ਉਨ੍ਹਾਂ ਦੀ ਗੈਰਹਾਜ਼ਰੀ 'ਚ ਚੋਰੀ ਨਾਂ ਕਰ ਲਵੇ ਪਰ ਗੁਰਦੁਆਰਾ ਬੇਰ ਸਾਹਿਬ ਮੱਥਾ ਟੇਕਣ ਉਪਰੰਤ ਉਸ ਨੇ ਦੇਖਿਆ ਕਿ ਜੇਬ 'ਚੋਂ ਇਕ ਲੱਖ ਰੁਪਏ ਗਾਇਬ ਸਨ।
ਉਨ੍ਹਾਂ ਸਥਾਨਕ ਪੁਲਸ ਨੂੰ ਵੀ ਲਿਖਤੀ ਸ਼ਿਕਾਇਤ ਕੀਤੀ ਹੈ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪ੍ਰਬੰਧਕਾਂ ਦੇ ਵੀ ਧਿਆਨ 'ਚ ਲਿਆਦਾ ਹੈ। ਇਸੇ ਦੌਰਾਨ ਵੱਡੀ ਗਿਣਤੀ 'ਚ ਹੋਰ ਸ਼ਰਧਾਲੂਆਂ ਦੀਆਂ ਜੇਬਾਂ ਵੀ ਬੜੀ ਹੁਸ਼ਿਆਰੀ ਨਾਲ ਲੁਟੇਰੇ ਸਾਫ ਕਰਕੇ ਲੈ ਗਏ ਜੋ ਵੀ ਆਲੇ ਦੁਆਲੇ ਭਾਲ ਕਰਦੇ ਦੇਖੇ ਗਏ ਕਿ ਉਨ੍ਹਾਂ ਦੇ ਪਰਸ 'ਚ ਜੋ ਕਾਗਜ਼ ਸਨ ਉਹ ਹੀ ਮਿਲ ਜਾਣ। ਇਸ ਸੰਬੰਧੀ ਥਾਨਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ ਸਰਬਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ।
ਦੱਸਣਯੋਗ ਹੈ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਿਦੇਸ਼ ਤੋਂ ਸੁਲਤਾਨਪੁਰ ਲੋਧੀ ਪੁੱਜਣ ਵਾਲੀਆਂ ਸੰਗਤਾਂ ਲਈ ਜਿੱਥੇ ਸਰਕਾਰ, ਸਿਵਲ ਅਤੇ ਪੁਲਸ ਪ੍ਰਸ਼ਾਸ਼ਨ ਵੱਡੇ ਪੱਧਰ 'ਤੇ ਪ੍ਰਬੰਧ ਕਰਨ 'ਚ ਲੱਗਾ ਹੋਇਆ ਹੈ, ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।