ਫੋਟੋਗ੍ਰਾਫਰ ਨਾਲ ਹੋਈ ਗਈ ਵੱਡੀ ਠੱਗੀ, ਫੰਕਸ਼ਨ ਲਾਉਣ ਦੇ ਬਹਾਨੇ...
Monday, Apr 28, 2025 - 01:06 PM (IST)

ਸਮਰਾਲਾ (ਵਰਮਾ ਸਚਦੇਵਾ) : ਸਮਰਾਲਾ ਤੋਂ ਲੁਧਿਆਣਾ ਫੰਕਸ਼ਨ ਲਾਉਣ ਚੱਲਿਆ ਫੋਟੋਗ੍ਰਾਫਰ ਨਾਲ ਠੱਗੀ ਹੋ ਗਈ। ਕਾਰ ਚਾਲਕ ਸਮੇਤ ਦੋ ਨੌਸਰਬਾਜ਼, ਫੋਟੋਗ੍ਰਾਫਰ ਦੇ ਕਰੀਬ 5 ਲੱਖ ਰੁਪਏ ਦੇ ਕੈਮਰੇ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਫਰਾਰ ਹੋ ਗਏ। ਇਸ ਸਬੰਧੀ ਪੀੜਤ ਵੱਲੋਂ ਸਮਰਾਲਾ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਿੱਤੀ ਗਈ ਹੈ ਅਤੇ ਆਲੇ ਦੁਆਲੇ ਦੇ ਫੋਟੋਗ੍ਰਾਫਰ ਪੁਲਸ ਸਟੇਸ਼ਨ ਵਿਚ ਇਕੱਠੇ ਹੋ ਗਏ ਹਨ। ਪੀੜਤ ਰਾਹੁਲ ਨੇ ਦੱਸਿਆ ਕਿ ਮੈਨੂੰ ਬੀਤੇ ਦਿਨੀਂ ਰਾਣਾ ਫੋਟੋਗਰਾਫੀ ਦੇ ਦਮਨਪ੍ਰੀਤ ਸਿੰਘ ਤੋਂ ਫੋਨ ਆਇਆ ਕਿ ਇਕ ਫੰਕਸ਼ਨ ਲਾਉਣ ਲੁਧਿਆਣਾ ਜਾਣਾ ਹੈ, ਜਿਨ੍ਹਾਂ ਨਾਲ ਫੰਕਸ਼ਨ ਲਾਉਣ ਜਾਣਾ ਹੈ ਉਹ ਵਿਅਕਤੀ ਚੰਡੀਗੜ੍ਹ ਦੇ ਹਨ। ਪੀੜਤ ਨੇ ਦੱਸਿਆ ਕਿ ਚੰਡੀਗੜ੍ਹ ਦੇ ਵਿਅਕਤੀਆਂ ਨਾਲ ਮੇਰੀ ਗੱਲ ਹੋਈ ਹੈ ਅਤੇ ਉਨ੍ਹਾਂ ਨੇ ਮੈਨੂੰ ਅੱਜ ਸਵੇਰੇ 5 ਵਜੇ ਸਮਰਾਲਾ ਦੇ ਮੇਨ ਚੌਂਕ ਵਿਚ ਆਉਣ ਨੂੰ ਕਿਹਾ ਹੈ।
ਅੱਜ ਸਵੇਰੇ ਜਦੋਂ ਆਪਣੇ ਪਿੰਡ ਤੋਂ ਸਮਰਾਲਾ ਦੇ ਮੇਨ ਚੌਂਕ ਪਹੁੰਚਿਆ ਤਾਂ ਉਕਤ ਨੌਸਰਬਾਜ਼ ਆਪਣੀ ਵੋਕਸਵੈਗਨ ਗੱਡੀ ਵਿਚ ਆਏ ਜਿਸ ਵਿਚ ਦੋ ਵਿਅਕਤੀ ਸਵਾਰ ਸਨ। ਉਨ੍ਹਾਂ ਨੇ ਮੈਨੂੰ ਕਿਹਾ ਕਿ ਅਸੀਂ ਇਕ ਹੀ ਗੱਡੀ ਵਿਚ ਚੱਲਦੇ ਹਾਂ ਤੁਸੀਂ ਆਪਣੇ ਕੈਮਰੇ ਮੇਰੇ ਗੱਡੀ ਵਿਚ ਰੱਖ ਦਿਓ ਅਤੇ ਆਪਣੀ ਗੱਡੀ ਪਾਰਕਿੰਗ ਵਿਚ ਲਾ ਦਵੋ। ਇਸ "ਤੇ ਮੈਂ ਆਪਣੇ ਕੈਮਰੇ ਅਤੇ ਅਕਸੈੱਸਰੀ ਉਕਤ ਨੌਸਰਬਾਜ਼ਾਂ ਦੀ ਗੱਡੀ ਵਿਚ ਰੱਖ ਦਿੱਤੇ ਅਤੇ ਆਪਣੀ ਗੱਡੀ ਪਾਰਕਿੰਗ ਚੌਂਕ ਦੇ ਕੋਲ ਪੈਟਰੋਲ ਪੰਪ ਕੋਲ ਲਾਉਣ ਗਿਆ ਤਾਂ ਇੰਨੇ ਵਿਚ ਨੌਸਰਬਾਜ਼ ਮੇਰੇ ਕੈਮਰੇ ਅਤੇ ਮਹਿੰਗਾ ਸਮਾਨ ਲ਼ੈ ਕੇ ਫਰਾਰ ਹੋ ਗਏ।
ਪੀੜਤ ਰਾਹੁਲ ਪਿੰਡ ਬਲਾਲਾ ਵਾਸੀ ਇਕ ਗਰੀਬ ਪਰਿਵਾਰ ਤੋਂ ਸੰਬੰਧ ਰੱਖਦਾ ਹੈ ਅਤੇ ਉਸਦੀ ਰੋਜ਼ੀ ਰੋਟੀ ਫੋਟੋਗ੍ਰਾਫੀ ਨਾਲ ਹੀ ਚੱਲਦੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਦਾ ਚਾਰ ਤੋਂ ਪੰਜ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਰਾਹੁਲ ਨੇ ਕੈਮਰੇ ਅਤੇ ਹੋਰ ਸਮਾਨ ਕਿਸ਼ਤਾਂ 'ਤੇ ਲਿਆ ਸੀ ਅਤੇ ਕਿਸ਼ਤਾਂ ਵੀ ਪੀੜਤ ਤਾਂ ਉਤਾਰ ਸਕਦਾ ਹੈ ਜੇਕਰ ਉਹ ਕੰਮ ਕਰੇਗਾ। ਇਸ ਘਟਨਾ ਤੋਂ ਬਾਅਦ ਆਲੇ ਦੁਆਲੇ ਦੇ ਫੋਟੋਗ੍ਰਾਫਰਾਂ ਵਿਚ ਰੋਸ ਹੈ। ਇਸ ਸੰਬੰਧ ਵਿਚ ਸਮਰਾਲਾ ਪੁਲਸ ਦੇ ਐੱਸਐੱਚਓ ਪਵਿੱਤਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।