ਲੁਧਿਆਣਾ ਦੇ ਕਾਰੋਬਾਰੀ ਨੂੰ ਧਮਕੀ! ਪਾਲ ਜੀ ਬੇਕਰੀ ਦੇ ਮਾਲਕ ਤੋਂ ਮੰਗੀ ਗਈ 20 ਲੱਖ ਦੀ ਫ਼ਿਰੌਤੀ
Tuesday, Mar 17, 2026 - 12:05 PM (IST)
ਲੁਧਿਆਣਾ (ਰਾਜ): ਮਹਾਨਗਰ ਵਿਚ ਕਾਰੋਬਾਰੀਆਂ ਅੰਦਰ ਗੈਂਗਸਟਰਾਂ ਦਾ ਖ਼ੌਫ਼ ਘਟਣ ਦਾ ਨਾਂ ਨਹੀਂ ਲੈ ਰਿਹਾ। ਹੁਣ ਸ਼ਹਿਰ ਦੀ ਮਸ਼ਹੂਰ 'ਪਾਲ ਜੀ ਬੇਕਰੀ' ਦੇ ਮਾਲਕ ਪੁਲਸ ਕੋਲ ਪਹੁੰਚੇ ਹਨ, ਜਿਨ੍ਹਾਂ ਨੂੰ ਜੱਗੂ ਲਾਹੌਰੀਆ ਗੈਂਗ ਦੇ ਨਾਂ 'ਤੇ ਵਿਦੇਸ਼ੀ ਨੰਬਰ ਤੋਂ ਫ਼ੋਨ ਕਰ ਕੇ ਮੋਟੀ ਰਕਮ ਦੀ ਮੰਗ ਕੀਤੀ ਗਈ ਹੈ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਸ ਨੇ ਤੁਰੰਤ ਐਕਸ਼ਨ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਬੇਕਰੀ ਮਾਲਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾਵਾਂ ਦੇ ਨਾਲ ਮਿਲ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਬੇਕਰੀ ਦੇ ਚਾਰ ਆਊਟਲੈਟਸ ਚਲਾ ਰਹੇ ਹਨ। ਉਨ੍ਹਾਂ ਨੂੰ ਫ਼ੋਨ ਉਦੋਂ ਆਇਆ, ਜਦੋਂ ਗੁਰਪ੍ਰੀਤ ਮਲਹਾਰ ਰੋਡ ਸਥਿਤ ਆਪਣੀ ਦੁਕਾਨ 'ਤੇ ਮੌਜੂਦ ਸਨ। ਦੁਕਾਨ ਦੇ ਮੋਬਾਈਲ ਨੰਬਰ 'ਤੇ ਇਕ ਵਿਦੇਸ਼ੀ ਨੰਬਰ ਤੋਂ ਫ਼ੋਨ ਆਇਆ, ਜਿਸ ਨੂੰ ਮੈਨੇਜਰ ਨੇ ਚੁੱਕਿਆ। ਫ਼ੋਨ ਕਰਨ ਵਾਲੇ ਸ਼ਖਸ਼ ਨੇ ਆਪਣੇ ਆਪ ਨੂੰ ਗੈਂਗਸਟਰ ਜੱਗੂ ਲਾਹੌਰੀਆ ਦੱਸਿਆ ਤੇ ਸਿੱਧੇ ਤੌਰ 'ਤੇ 20 ਲੱਖ ਰੁਪਏ ਦੀ ਫ਼ਿਰੌਤੀ ਮੰਗੀ।
ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੇ ਸਿਰਫ਼ ਪੈਸੇ ਹੀ ਨਹੀਂ ਮੰਗੇ, ਸਗੋਂ ਧਮਕੀ ਦਿੱਤੀ ਕਿ ਜੇਕਰ ਇਹ ਮੰਗ ਪੂਰੀ ਨਾ ਹੋਈ ਤਾਂ ਉਨ੍ਹਾਂ ਦਾ ਹਾਲ ਵੀ ਰਾਜਗੁਰੂ ਨਗਰ ਦੇ ਇਸ ਬੇਕਰੀ ਮਾਲਕ ਵਰਗਾ ਕੀਤਾ ਜਾਵੇਗਾ, ਜਿਸ ਨਾਲ ਹਾਲ ਹੀ ਵਿਚ ਅਣਹੋਣੀ ਵਾਪਰੀ ਸੀ। ਦਹਿਸ਼ਤ ਫ਼ੈਲਾਉਣ ਦੇ ਇਰਾਦੇ ਨਾਲ ਮੁਲਜ਼ਮ ਨੇ ਇਕ ਤੋਂ ਬਾਅਦ ਇਕ ਤਕਰੀਬਨ 4-5 ਵਾਰ ਫ਼ੋਨ ਕੀਤਾ। ਗੁਰਪ੍ਰੀਤ ਸਿੰਘ ਨੇ ਬਿਨਾਂ ਦੇਰ ਕੀਤੇ ਪੁਲਸ ਨੂੰ ਸੂਚਨਾ ਦਿੱਤੀ, ਜਿਸ ਮਗਰੋਂ ਉਨ੍ਹਾਂ ਦੇ ਬਿਆਨਾਂ ਦੇ ਅਧਾਰ 'ਤੇ ਜਾਂਚ ਸ਼ੁਰੂ ਕਰ ਕੇ ਉਸ ਵਿਦੇਸ਼ੀ ਨੰਬਰ ਨੂੰ ਟ੍ਰੇਸ ਕਰਨ ਵਿਚ ਜੁਟੀ ਹੈ, ਤਾਂ ਜੋ ਧਮਕੀ ਦੇਣ ਵਾਲੇ ਤਕ ਪਹੁੰਚਿਆ ਜਾ ਸਕੇ।
