ਕਲਾਊਡ ਪਾਰਕੀਟਲ ਘਪਲੇ ''ਚ 60 ਲੱਖ ਦੀ ਠੱਗੀ ਦਾ ਨਵਾਂ ਮਾਮਲਾ ਦਰਜ
Friday, Mar 13, 2026 - 06:40 PM (IST)
ਲੁਧਿਆਣਾ (ਰਾਜ): ਅਰਬਾਂ ਰੁਪਏ ਦੇ ਚਰਚਿਤ 'ਕਲਾਉਡ ਪਾਰਟੀਕਲ' ਨਿਵੇਸ਼ ਘੁਟਾਲੇ ਦੇ ਕਾਲੇ ਕਾਰਨਾਮੇ ਇਕ-ਇਕ ਕਰਕੇ ਸਾਹਮਣੇ ਆ ਰਹੇ ਹਨ। ਇਸ ਮਹਾਂ-ਠੱਗੀ ਦੇ ਜਾਲ ਵਿਚ ਹੁਣ ਸ਼ਹਿਰ ਦੇ ਰਸੂਖਦਾਰ ਲੋਕ ਵੀ ਫਸਦੇ ਨਜ਼ਰ ਆ ਰਹੇ ਹਨ। ਤਾਜ਼ਾ ਮਾਮਲੇ ਵਿਚ ਸਰਾਭਾ ਨਗਰ ਥਾਣਾ ਪੁਲਸ ਨੇ ਵਿਊਨਾਉ ਮਾਰਕੀਟਿੰਗ ਸਰਵਿਸਿਜ਼ ਲਿਮਟਿਡ ਦੇ ਸੀ.ਈ.ਓ. ਸੁਖਵਿੰਦਰ ਸਿੰਘ ਖਰੌੜ ਅਤੇ ਉਨ੍ਹਾਂ ਦੀ ਪਤਨੀ ਡਿੰਪਲ ਖਰੌੜ ਸਮੇਤ 5 ਲੋਕਾਂ ਖਿਲਾਫ਼ 60 ਲੱਖ ਰੁਪਏ ਦੀ ਧੋਖਾਧੜੀ ਦਾ ਇੱਕ ਹੋਰ ਮੁਕੱਦਮਾ ਦਰਜ ਕੀਤਾ ਹੈ। ਇਹ ਕਾਰਵਾਈ ਸਾਬਕਾ ਜ਼ਿਲ੍ਹਾ ਅਟਾਰਨੀ (ਲੀਗਲ) ਮਿੱਤਰ ਸੇਨ ਗੋਇਲ ਦੀ ਸ਼ਿਕਾਇਤ 'ਤੇ ਕੀਤੀ ਗਈ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰ ਨਾਲ ਹੋਈ ਜਾਅਲਸਾਜ਼ੀ ਦਾ ਪਰਦਾਫਾਸ਼ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਾਬਕਾ ਜ਼ਿਲ੍ਹਾ ਅਟਾਰਨੀ ਗੋਇਲ ਨੇ ਦੱਸਿਆ ਕਿ ਇਸ ਖੇਡ ਦੀ ਸ਼ੁਰੂਆਤ ਸੁਰੇਸ਼ ਕੁਮਾਰ ਨਾਮ ਦੇ ਸ਼ਖਸ ਤੋਂ ਹੋਈ, ਜਿਸ ਨੇ ਉਨ੍ਹਾਂ ਦੀ ਨੂੰਹ ਰਿਤੂ ਗੋਇਲ ਨੂੰ ਉੱਚੇ ਮੁਨਾਫ਼ੇ ਦਾ ਸਬਜ਼ਬਾਗ ਦਿਖਾਇਆ। ਮੁਲਜ਼ਮਾਂ ਨੇ 'ਕਲਾਉਡ ਪਾਰਟੀਕਲ' ਨਾਂ ਦੀ ਡਿਜੀਟਲ ਇੰਫਰਾਸਟਰੱਕਚਰ ਯੂਨਿਟ ਖਰੀਦਣ ਅਤੇ ਉਸ ਨੂੰ ਕੰਪਨੀ ਨੂੰ ਲੀਜ਼ 'ਤੇ ਦੇ ਕੇ ਘਰ ਬੈਠੇ ਲੱਖਾਂ ਕਮਾਉਣ ਦਾ ਲਾਲਚ ਦਿੱਤਾ। ਦਾਅਵੇ ਕੀਤੇ ਗਏ ਕਿ ਇਹ ਨਿਵੇਸ਼ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਹਰ ਮਹੀਨੇ ਬੈਂਕ ਖਾਤੇ ਵਿੱਚ ਮੋਟਾ ਮੁਨਾਫ਼ਾ ਆਵੇਗਾ। ਮੁਲਜ਼ਮਾਂ ਦੀਆਂ ਚਿਕਨੀਆਂ-ਚੋਪੜੀਆਂ ਗੱਲਾਂ ਵਿੱਚ ਆ ਕੇ ਰਿਤੂ ਗੋਇਲ ਨੇ ਜੁਲਾਈ 2023 ਤੋਂ ਜੁਲਾਈ 2024 ਦੇ ਵਿਚਕਾਰ ਕਰੀਬ 54 ਲੱਖ ਰੁਪਏ ਲੁਟਾ ਦਿੱਤੇ। ਉੱਥੇ ਹੀ ਗੋਇਲ ਦੀ ਬੇਟੀ ਚਾਰੂ ਗੁਪਤਾ ਨੇ ਵੀ ਭਵਿੱਖ ਦੇ ਸੁਪਨੇ ਸਜਾਉਂਦੇ ਹੋਏ 6 ਲੱਖ ਰੁਪਏ ਦਾ ਨਿਵੇਸ਼ ਕਰ ਦਿੱਤਾ। ਸ਼ਾਤਿਰ ਠੱਗਾਂ ਨੇ ਆਪਣਾ ਪੁਰਾਣਾ ਤਰੀਕਾ ਵਰਤਦੇ ਹੋਏ ਸ਼ੁਰੂਆਤ ਵਿੱਚ ਤਾਂ ਕੁਝ ਭੁਗਤਾਨ ਕੀਤੇ ਤਾਂ ਜੋ ਨਿਵੇਸ਼ਕਾਂ ਦਾ ਭਰੋਸਾ ਪੱਕਾ ਹੋ ਜਾਵੇ, ਪਰ ਜਿਵੇਂ ਹੀ ਵੱਡੀ ਰਕਮ ਹੱਥ ਆਈ, ਭੁਗਤਾਨ ਬੰਦ ਕਰ ਦਿੱਤੇ ਗਏ। ਜਦੋਂ ਪਰਿਵਾਰ ਨੇ ਆਪਣੇ ਪੈਸੇ ਮੰਗੇ ਤਾਂ ਮੁਲਜ਼ਮਾਂ ਨੇ ਕਾਨੂੰਨੀ ਅੜਚਨਾਂ ਦਾ ਬਹਾਨਾ ਬਣਾ ਕੇ ਪੱਲਾ ਝਾੜ ਲਿਆ।
ਨੇਪਾਲ ਭੱਜਣ ਦੀ ਫਿਰਾਕ ਵਿਚ ਸੀ ਖਰੌੜ ਜੋੜਾ
ਜ਼ਿਕਰਯੋਗ ਹੈ ਕਿ ਇਸ ਘਪਲੇ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਪਹਿਲਾਂ ਹੀ 3,558 ਕਰੋੜ ਰੁਪਏ ਦੇ ਇਸ ਵੱਡੇ ਘਪਲੇ ਦੀ ਜਾਂਚ ਕਰ ਰਿਹਾ ਹੈ। ਸੁਖਵਿੰਦਰ ਸਿੰਘ ਖਰੌੜ ਅਤੇ ਡਿੰਪਲ ਖਰੌੜ ਨੂੰ ਈ.ਡੀ. ਨੇ ਬੀਤੀ 1 ਮਾਰਚ 2025 ਨੂੰ ਦਿੱਲੀ ਏਅਰਪੋਰਟ ਤੋਂ ਉਸ ਵੇਲੇ ਦਬੋਚਿਆ ਸੀ ਜਦੋਂ ਉਹ ਦੇਸ਼ ਛੱਡ ਕੇ ਨੇਪਾਲ ਭੱਜਣ ਦੀ ਫਿਰਾਕ ਵਿਚ ਸਨ। ਹੁਣ ਤੱਕ ਇਸ ਮਾਮਲੇ ਵਿਚ ਕਰੀਬ 271 ਕਰੋੜ ਰੁਪਏ ਦੀਆਂ ਸੰਪਤੀਆਂ ਫਰੀਜ਼ ਕੀਤੀਆਂ ਜਾ ਚੁੱਕੀਆਂ ਹਨ। ਉੱਧਰ, ਸਰਾਭਾ ਨਗਰ ਪੁਲਿਸ ਦੇ ਏ.ਐੱਸ.ਆਈ. ਉਮੇਸ਼ ਕੁਮਾਰ ਦਾ ਕਹਿਣਾ ਹੈ ਕਿ ਆਰਿਫ ਨਿਸਾਰ, ਅਰੁਣ ਕੁਮਾਰ ਅਤੇ ਸੁਰੇਸ਼ ਕੁਮਾਰ ਸਮੇਤ ਸਾਰੇ ਮੁਲਜ਼ਮਾਂ ਖਿਲਾਫ਼ ਜਾਂਚ ਤੇਜ਼ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
