ATMs ਰਾਹੀਂ ਕਰੋੜਾਂ ਰੁਪਏ ਦੀ ਠੱਗੀ! ਲੁਧਿਆਣੇ ਦੀਆਂ 119 ਮਸ਼ੀਨਾਂ ''ਚ ਹੋਈ ਗੜਬੜੀ

Friday, Mar 06, 2026 - 04:54 PM (IST)

ATMs ਰਾਹੀਂ ਕਰੋੜਾਂ ਰੁਪਏ ਦੀ ਠੱਗੀ! ਲੁਧਿਆਣੇ ਦੀਆਂ 119 ਮਸ਼ੀਨਾਂ ''ਚ ਹੋਈ ਗੜਬੜੀ

ਲੁਧਿਆਣਾ (ਰਾਜ): ਲੁਧਿਆਣਾ ਵਿਚ ਏ.ਟੀ.ਐੱਮ. ਮਸ਼ੀਨਾਂ ਨਾਲ ਛੇੜਛਾੜ ਕਰਕੇ ਵੱਡੇ ਪੱਧਰ 'ਤੇ ਧੋਖਾਧੜੀ ਕਰਨ ਵਾਲੇ ਗਿਰੋਹ ਦੇ ਖ਼ਿਲਾਫ਼ ਪੁਲਸ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਥਿਤ ਕਰੀਬ 119 ਏ.ਟੀ.ਐਮ. ਮਸ਼ੀਨਾਂ ਨਾਲ ਤਕਨੀਕੀ ਛੇੜਛਾੜ ਕਰਕੇ ਅਣਪਛਾਤੇ ਮੁਲਜ਼ਮਾਂ ਨੇ ਲੱਖਾਂ-ਕਰੋੜਾਂ ਰੁਪਏ ਦੀ ਠੱਗੀ ਮਾਰੀ ਸੀ। ਇਸ ਹਾਈ-ਟੈਕ ਲੁੱਟ ਦੇ ਮਾਮਲੇ ਵਿਚ ਹੁਣ ਸੈਸ਼ਨ ਕੋਰਟ ਦੇ ਸਖ਼ਤ ਹੁਕਮਾਂ ਤੋਂ ਬਾਅਦ ਸਾਈਬਰ ਕ੍ਰਾਈਮ ਪੁਲਸ ਨੇ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕਰਕੇ ਤਫ਼ਤੀਸ਼ ਤੇਜ਼ ਕਰ ਦਿੱਤੀ ਹੈ।

SBI ਬੈਂਕ ਦੀ ਟ੍ਰੇਜ਼ਰੀ ਬ੍ਰਾਂਚ ਦੇ ਮੈਨੇਜਰ ਅਵਿਨਾਸ਼ ਕੁਮਾਰ ਵੱਲੋਂ ਦਿੱਤੀ ਗਈ ਅਰਜ਼ੀ ਮੁਤਾਬਕ, ਇਹ ਪੂਰਾ ਖੇਡ ਸਾਲ 2021 ਵਿਚ ਖੇਡਿਆ ਗਿਆ ਸੀ ਜਦੋਂ ਸ਼ਾਤਰ ਠੱਗਾਂ ਨੇ ਲੁਧਿਆਣਾ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਛਿੱਕੇ ਟੰਗਦੇ ਹੋਏ ਇਕ ਤੋਂ ਬਾਅਦ ਇਕ ਕੁੱਲ 119 ਏ.ਟੀ.ਐੱਮ. ਮਸ਼ੀਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਇਨ੍ਹਾਂ ਮਸ਼ੀਨਾਂ ਨਾਲ ਛੇੜਛਾੜ ਕਰਕੇ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਜਿਸ ਨਾਲ ਬੈਂਕਾਂ ਅਤੇ ਖਾਤਾਧਾਰਕਾਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪਿਆ। ਹਾਲਾਂਕਿ ਉਸ ਸਮੇਂ ਮਾਮਲਾ ਸੁਲਝ ਨਹੀਂ ਸਕਿਆ ਸੀ, ਪਰ ਹੁਣ ਲੁਧਿਆਣਾ ਸੈਸ਼ਨ ਕੋਰਟ ਦੇ ਦਖ਼ਲ ਅਤੇ ਜੱਜ ਸਾਹਿਬ ਦੇ ਹੁਕਮਾਂ ਤੋਂ ਬਾਅਦ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਬੈਂਕ ਅਧਿਕਾਰੀਆਂ ਮੁਤਾਬਕ ਇਹ ਕਿਸੇ ਵੱਡੇ ਅੰਤਰਰਾਜੀ ਗਿਰੋਹ ਦਾ ਕੰਮ ਹੋ ਸਕਦਾ ਹੈ ਜੋ ਏ.ਟੀ.ਐੱਮ. ਦੀਆਂ ਤਕਨੀਕੀ ਖਾਮੀਆਂ ਦਾ ਫਾਇਦਾ ਉਠਾ ਕੇ ਪੈਸੇ ਉਡਾਉਂਦਾ ਸੀ। ਕੋਰਟ ਦੇ ਹੁਕਮ ਤੋਂ ਬਾਅਦ ਹੁਣ ਪੁਲਸ ਪੁਰਾਣੇ ਰਿਕਾਰਡ ਅਤੇ ਸੀ.ਸੀ.ਟੀ.ਵੀ. ਫੁਟੇਜ ਖੰਗਾਲ ਰਹੀ ਹੈ ਤਾਂ ਜੋ ਇਨ੍ਹਾਂ ਅਣਪਛਾਤੇ ਚਿਹਰਿਆਂ ਨੂੰ ਬੇਨਕਾਬ ਕੀਤਾ ਜਾ ਸਕੇ। ਇਲਾਕੇ ਵਿਚ ਇਸ ਮਾਮਲੇ ਦੀ ਚਰਚਾ ਜ਼ੋਰਾਂ 'ਤੇ ਹੈ ਕਿਉਂਕਿ ਇਕੋ ਵਾਰ 119 ਮਸ਼ੀਨਾਂ ਨੂੰ ਨਿਸ਼ਾਨਾ ਬਣਾਉਣਾ ਸੁਰੱਖਿਆ ਵਿਵਸਥਾ 'ਤੇ ਵੀ ਵੱਡੇ ਸਵਾਲ ਖੜ੍ਹੇ ਕਰਦਾ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News