Lays ਦੇ ਸਪਲਾਇਰ ਨਾਲ ਹੋਈ ਲੁੱਟ! ਕਿਰਚ ਦਿਖਾ ਕੇ ਲੁੱਟ ਲਏ 54 ਹਜ਼ਾਰ ਰੁਪਏੇ
Monday, Mar 16, 2026 - 07:12 PM (IST)
ਲੁਧਿਆਣਾ (ਰਾਜ): ਸ਼ਹਿਰ ਵਿਚ ਲੁਟੇਰਿਆਂ ਦੇ ਹੌਸਲੇ ਬੁਲੰਦ ਹਨ। ਤਾਜ਼ਾ ਮਾਮਲਾ ਲੇਜ਼ ਅਤੇ ਚਿਪਸ ਏਜੰਸੀ ਨਾਲ ਜੁੜਿਆ ਹੈ, ਜਿੱਥੇ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਏਜੰਸੀ ਮਾਲਕ ਵਿਕਾਸ ਸ਼ਰਮਾ ਨੇ ਦੱਸਿਆ ਕਿ ਉਸ ਦੇ ਕਰਿੰਦਿਆਂ ਤੋਂ ਦੋ ਅਣਪਛਾਤੇ ਨੌਜਵਾਨਾਂ ਨੇ ਹਥਿਆਰ ਦੇ ਜ਼ੋਰ 'ਤੇ ਨਕਦੀ ਅਤੇ ਮੋਬਾਈਲ ਖੋਹ ਲਿਆ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵਾਰਦਾਤ ਵਿਚ ਸਪਲਾਈਰ ਦੇ ਹੀ ਇਕ ਸਾਥੀ ਦੀ ਮਿਲੀਭੁਗਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਏਜੰਸੀ ਮਾਲਕ ਨੇ ਪੁਲਸ ਨੂੰ ਬਿਆਨ ਵਿਚ ਦੱਸਿਆ ਹੈ ਕਿ ਉਸ ਦੇ ਦੋ ਕਰਮਚਾਰੀ, ਸਤੀਸ਼ ਕੁਮਾਰ ਅਤੇ ਸੰਦੀਪ ਸਿੰਘ, ਛੋਟਾ ਹਾਥੀ 'ਤੇ ਸਵਾਰ ਹੋ ਕੇ ਲੇਜ਼ ਅਤੇ ਚਿਪਸ ਦੀ ਸਪਲਾਈ ਦੇਣ ਨਿਕਲੇ ਸਨ। ਸ਼ਾਮ ਕਰੀਬ 4:30 ਵਜੇ ਸਤੀਸ਼ ਕੁਮਾਰ ਦਾ ਫੋਨ ਆਇਆ ਅਤੇ ਉਸ ਨੇ ਦੱਸਿਆ ਕਿ ਜਦੋਂ ਉਹ ਵੱਖ-ਵੱਖ ਪਾਰਟੀਆਂ ਨੂੰ ਮਾਲ ਸਪਲਾਈ ਕਰਕੇ ਅਤੇ ਪੇਮੈਂਟ ਇਕੱਠੀ ਕਰਕੇ ਏ.ਆਈ.ਟੀ. ਰੋਡ ਸਥਿਤ ਵਰਧਮਾਨ ਕਰਿਆਨਾ ਸਟੋਰ ਕੋਲ ਪਹੁੰਚੇ, ਤਾਂ ਦੋ ਅਣਪਛਾਤੇ ਲੜਕਿਆਂ ਨੇ ਜ਼ਬਰਦਸਤੀ ਉਨ੍ਹਾਂ ਦਾ ਵਾਹਨ ਰੁਕਵਾ ਲਿਆ। ਸਤੀਸ਼ ਦਾ ਦੋਸ਼ ਹੈ ਕਿ ਦੂਜੇ ਕਰਮਚਾਰੀ ਸੰਦੀਪ ਕੁਮਾਰ ਨੇ ਉਨ੍ਹਾਂ ਲੁਟੇਰਿਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਸਤੀਸ਼ ਤੋਂ ਵਸੂਲੀ ਗਈ ਕਰੀਬ 54,000/- ਰੁਪਏ ਦੀ ਨਕਦੀ ਅਤੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਸ ਨੇ ਸੰਦੀਪ ਸਿੰਘ ਅਤੇ ਉਸ ਦੇ ਦੋ ਸਾਥੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ। ਸ਼ੁਰੂਆਤੀ ਜਾਂਚ ਵਿਚ ਮਾਮਲਾ ਆਪਸੀ ਮਿਲੀਭੁਗਤ ਦਾ ਵੀ ਲੱਗ ਰਿਹਾ ਹੈ, ਕਿਉਂਕਿ ਸ਼ਿਕਾਇਤਕਰਤਾ ਨੇ ਆਪਣੇ ਹੀ ਸਾਥੀ ਸੰਦੀਪ 'ਤੇ ਗੰਭੀਰ ਦੋਸ਼ ਲਗਾਏ ਹਨ। ਪੁਲਸ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਖੰਗਾਲ ਰਹੀ ਹੈ ਤਾਂ ਜੋ ਲੁਟੇਰਿਆਂ ਦੀ ਪਛਾਣ ਕੀਤੀ ਜਾ ਸਕੇ।
