6 ਮਹੀਨਿਆਂ ਤੋਂ ਰਸ਼ੀਆ ''ਚ ਫ਼ਸੇ 24 ਨੌਜਵਾਨ ਪਰਤੇ ਵਤਨ

Friday, Dec 20, 2019 - 10:09 AM (IST)

6 ਮਹੀਨਿਆਂ ਤੋਂ ਰਸ਼ੀਆ ''ਚ ਫ਼ਸੇ 24 ਨੌਜਵਾਨ ਪਰਤੇ ਵਤਨ

ਫਗਵਾੜਾ (ਹਰਜੋਤ) : ਪਿਛਲੇ 6 ਮਹੀਨਿਆਂ ਤੋਂ ਰਸ਼ੀਆ 'ਚ ਫ਼ਸੇ 24 ਨੌਜਵਾਨਾਂ ਦੇ ਪਰਿਵਾਰਾਂ 'ਚ ਉਸ ਸਮੇਂ ਖੁਸ਼ੀ ਪਰਤ ਆਈ, ਜਦੋਂ ਰੋਜ਼ਗਾਰ ਦੇ ਚੱਕਰ 'ਚ ਰਸ਼ੀਆ 'ਚ ਫ਼ਸੇ ਨੌਜਵਾਨ ਆਖਿਰ ਆਪਣੇ ਵਤਨ ਪਰਤ ਆਏ ਹਨ ਅਤੇ ਇਨ੍ਹਾਂ ਦੇ ਪਰਿਵਾਰਿਕ ਮੈਂਬਰਾਂ 'ਚ ਕਾਫ਼ੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਗਵਾੜਾ ਦੇ ਨਵੀਂ ਆਬਾਦੀ ਨਾਰੰਗਸ਼ਾਹਪੁਰ 'ਚ ਆਪਣੇ ਘਰ ਪੁੱਜੇ ਨੌਜਵਾਨ ਪਿੰਕੂ ਰਾਮ ਪੁੱਤਰ ਰਾਜਨ ਰਾਮ ਦੇ ਘਰ ਪੁੱਜਣ 'ਤੇ ਕਾਫ਼ੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਪੁੱਤਰ ਘਰ ਪਰਤ ਆਇਆ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਰਾਜਨ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿੰਕੂ ਰਾਮ ਜਿਸ ਨੂੰ ਕਰੀਬ 6 ਮਹੀਨੇ ਪਹਿਲਾਂ ਕਰਜ਼ਾ ਚੁੱਕ ਕੇ ਏਜੰਟ ਦਲਜੀਤ ਸਿੰਘ ਰਾਹੀਂ 1 ਲੱਖ 20 ਹਜ਼ਾਰ ਰੁਪਏ 'ਚ ਰਸ਼ੀਆ ਭੇਜਿਆ ਸੀ। ਜਿਥੇ ਦੱਸੀ ਗਈ ਕੰਪਨੀ ਦੀ ਥਾਂ ਕਿਸੇ ਹੋਰ ਕੰਪਨੀ 'ਚ 8-9 ਹਜ਼ਾਰ ਰੁਪਏ ਭਾਰਤੀ ਕਰੰਸੀ ਦੀ ਨੌਕਰੀ ਕਰ ਰਿਹਾ ਸੀ ਅਤੇ ਕਾਫ਼ੀ ਮੰਦੀ ਹਾਲਤ 'ਚ ਜ਼ਿੰਦਗੀ ਬਤੀਤ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਪਿੰਕੂ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਚੁੱਕਿਆ ਸੀ, ਜਿਸ ਦੀ ਪੰਡ ਵੀ ਦਿਨੋ-ਦਿਨ ਭਾਰੀ ਹੁੰਦੀ ਜਾ ਰਹੀ ਸੀ ਅਤੇ ਉਹ ਕੋਈ ਪੈਸੇ ਵੀ ਨਹੀਂ ਭੇਜ ਰਿਹਾ ਸੀ। ਪਿੰਕੂ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਫ਼ੀ ਮਾੜੀ ਹਾਲਤ 'ਚ ਉੱਥੇ ਰਹਿਣਾ ਪਿਆ ਅਤੇ ਬਹੁਤ ਘੱਟ ਤਨਖਾਹ 'ਚ ਆਪਣਾ ਗੁਜ਼ਾਰਾ ਕਰਨਾ ਪੈਂਦਾ ਸੀ ਅਤੇ ਬੜੀ ਮੁਸ਼ਕਿਲ ਨਾਲ ਉਹ ਆਪਣੇ ਵਤਨ ਵਾਪਸ ਪੁੱਜੇ ਹਨ। ਪਿੰਕੂ ਰਾਮ ਨੇ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਸ ਨੇ ਉੱਥੇ ਬੜੀ ਮੁਸ਼ਕਲ ਨਾਲ ਸਮਾਂ ਬਤੀਤ ਕੀਤਾ ਹੈ ਅਤੇ ਉੱਥੇ ਸਿਰਫ਼ ਗੁਜ਼ਾਰੇ ਜੋਗੇ ਹੀ ਪੈਸੇ ਮਿਲੇ। ਜਿਸ ਨਾਲ ਉਨ੍ਹਾਂ ਦਾ ਸਿਰਫ਼ ਖਾਣ-ਪੀਣ ਦਾ ਖਰਚ ਹੀ ਚੱਲਦਾ ਸੀ ਤੇ ਬਾਕੀ ਖਰਚ ਤੋਂ ਵਾਂਝੇ ਹੁੰਦੇ ਸਨ ਅਤੇ ਨਾ ਹੀ ਆਪਣੇ ਘਰ ਬੱਚਿਆਂ ਲਈ ਕੋਈ ਪੈਸੇ ਭੇਜ ਸਕੇ। ਪਿੰਕੂ ਰਾਮ ਦੇ ਵਾਪਸ ਪਰਤਣ 'ਤੇ ਉਸ ਦੀ 8 ਸਾਲਾ ਲੜਕੀ ਕਿਰਨਦੀਪ ਤੇ 5 ਸਾਲਾ ਲੜਕੇ ਸੈਮਸਨ 'ਚ ਕਾਫ਼ੀ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਸ ਦੌਰਾਨ ਰਸ਼ੀਆ ਤੋਂ ਵਾਪਸ ਭਾਰਤ ਪੁੱਜੇ ਉਕਤ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ 'ਪੰਜਾਬੀ ਕੇਸਰੀ ਗਰੁੱਪ' ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ 'ਪੰਜਾਬ ਕੇਸਰੀ ਗਰੁੱਪ' ਇਕ ਅਜਿਹਾ ਗਰੁੱਪ ਹੈ, ਜਿਸ ਨੇ ਔਖੇ ਸਮੇਂ 'ਚ ਲੋੜਵੰਦ ਲੋਕਾਂ ਦੀ ਸਹੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਇਸ ਦੀ ਮਿਸਾਲ ਇਹ ਹੈ ਕਿ ਉਨ੍ਹਾਂ ਦੇ ਰਸ਼ੀਆ 'ਚ ਫ਼ਸੇ ਹੋਣ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਇਆ, ਜਿਸ ਨਾਲ ਇਹ ਸਾਰਾ ਮਾਮਲਾ ਕੇਂਦਰ ਸਰਕਾਰ, ਪੁਲਸ ਪ੍ਰਸ਼ਾਸਨ ਦੇ ਧਿਆਨ 'ਚ ਆਇਆ ਤੇ ਸਰਕਾਰ ਨੇ ਉਨ੍ਹਾਂ ਦੀ ਮੱਦਦ ਕਰ ਕੇ ਨੌਜਵਾਨਾਂ ਨੂੰ ਠੀਕ-ਠਾਕ ਭਾਰਤ ਆਪਣੇ ਘਰ ਪਹੁੰਚਾਇਆ।

ਪਹਿਲਾਂ ਹੋ ਚੁੱਕੀ ਹੈ ਇਕ ਵਿਅਕਤੀ ਦੀ ਮੌਤ
ਦੱਸ ਦੇਈਏ ਕਿ ਰਸ਼ੀਆ 'ਚ ਕੁੱਲ 26 ਨੌਜਵਾਨ ਫ਼ਸੇ ਸਨ, ਜਿਨ੍ਹਾਂ 'ਚੋਂ ਪਾਸਲਾ ਪਿੰਡ ਦੇ ਨੌਜਵਾਨ ਮਲਕੀਅਤ ਰਾਮ ਪੁੱਤਰ ਦੇਸ ਰਾਜ ਦੀ ਉੱਥੇ ਮੌਤ ਹੋ ਗਈ ਸੀ। ਜਿਸ ਦੀ ਲਾਸ਼ ਪਹਿਲਾਂ ਹੀ ਭਾਰਤ ਪੁੱਜ ਚੁੱਕੀ ਹੈ। ਜਿਸ ਨੂੰ ਇਨ੍ਹਾਂ ਦਾ ਇਕ ਸਾਥੀ ਜੋਗਿੰਦਰਪਾਲ ਪੁੱਤਰ ਬਲਵੀਰ ਚੰਦ ਵਾਸੀ ਰੁੜਕੀ ਲੈ ਕੇ ਆਇਆ ਸੀ। ਜਿਸ ਤੋਂ ਬਾਅਦ ਫ਼ਸੇ ਨੌਜਵਾਨਾਂ ਦੀ ਗਿਣਤੀ 24 ਰਹਿ ਗਈ ਸੀ।

ਗ੍ਰਿਫ਼ਤਾਰ ਏਜੰਟ ਜੇਲ 'ਚ ਹੈ ਬੰਦ
ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਉਕਤ ਨੌਜਵਾਨਾਂ ਨੂੰ ਰਸ਼ੀਆ 'ਚ ਭੇਜਣ ਵਾਲੇ ਏਜੰਟ ਅਤੇ ਉਸਦੇ ਸਾਥੀ ਨੂੰ ਪੁਲਸ ਨੇ ਪਹਿਲਾਂ ਹੀ ਕਾਬੂ ਕਰ ਲਿਆ ਸੀ। ਜੋ ਹੁਣ ਜੇਲ ਵਿਚ ਬੰਦ ਹਨ।

ਕਿਸ ਤਰ੍ਹਾਂ ਪਰਤੇ ਭਾਰਤ
ਇਸ ਦੌਰਾਨ ਉਕਤ ਨੌਜਵਾਨਾਂ ਨੇ ਦੱਸਿਆ ਕਿ ਇੰਡੀਅਨ ਅੰਬੈਸੀ ਦੁਆਰਾ ਉੱਥੇ ਅੰਬੈਸੀ ਨਾਲ ਤਾਲਮੇਲ ਕੀਤਾ ਗਿਆ, ਜਿਸ ਉਪਰੰਤ ਉਨ੍ਹਾਂ ਸਾਨੂੰ ਰਸਤਾ ਦਿਖਾਇਆ ਅਤੇ ਸਰਕਾਰ ਦੀ ਮੱਦਦ ਨਾਲ ਸਾਨੂੰ ਟਿਕਟਾਂ ਮੁਹੱਈਆ ਕਰਵਾਈਆਂ, ਜਿਸ ਉਪਰੰਤ ਉਨ੍ਹਾਂ ਨੂੰ ਆਪਣੇ ਮੁਲਕ ਦੀ ਧਰਤੀ ਨਸੀਬ ਹੋਈ। ਉਨ੍ਹਾਂ ਇਸ ਲਈ ਵਿਸ਼ੇਸ਼ ਤੌਰ 'ਤੇ ਕੇਂਦਰ ਸਰਕਾਰ ਦਾ ਵੀ ਧੰਨਵਾਦ ਕੀਤਾ।

ਬਾਕੀ ਨੌਜਵਾਨਾਂ ਨੂੰ ਆਪਣੇ ਮੁਲਕ 'ਚ ਹੀ ਕੰਮ ਕਰਨ ਦੀ ਕੀਤੀ ਅਪੀਲ
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਰਸ਼ੀਆ 'ਚੋਂ ਭਾਰਤ ਪਰਤੇ ਨੌਜਵਾਨਾਂ ਨੇ ਬਾਕੀ ਨੌਜਵਾਨਾਂ ਨੂੰ ਵੀ ਆਪਣੇ ਹੀ ਦੇਸ਼ 'ਚ ਰੋਜ਼ਗਾਰ ਕਰ ਕੇ ਰੋਜ਼ੀ ਰੋਟੀ ਕਮਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਥੇ ਠੱਗ ਏਜੰਟ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ 'ਚ ਫ਼ਸਾ ਕੇ ਵਿਦੇਸ਼ ਭੇਜ ਦਿੰਦੇ ਹਨ ਅਤੇ ਇਥੇ ਕੁੱਝ ਐਗਰੀਮੈਂਟ ਕਰਦੇ ਹਨ, ਉੱਥੇ ਕੁੱਝ ਨਿਕਲਦਾ ਹੈ, ਜਿਸ ਨਾਲ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਕਈਆਂ ਦੀ ਜਾਨ ਵੀ ਖਤਰੇ 'ਚ ਪੈ ਜਾਂਦੀ ਹੈ। ਉਨ੍ਹਾਂ ਬਾਕੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿੰਨਾ ਵੀ ਹੋਵੇ ਆਪਣੇ ਮੁਲਕ 'ਚ ਰਹਿ ਕੇ ਹੀ ਛੋਟਾ-ਮੋਟਾ ਕੰਮ ਕਰ ਕੇ ਗੁਜ਼ਾਰਾ ਕਰ ਲੈਣ।

ਨਾਂ ਪੁੱਤਰ ਪਿੰਡ/ਸ਼ਹਿਰ ਜ਼ਿਲਾ
ਪਿੰਕੂ ਰਾਮ ਰਾਜਨ ਰਾਮ  ਨਵੀਂ ਆਬਾਦੀ ਨਰੰਗਸ਼ਾਹਪੁਰ ਕਪੂਰਥਲਾ
ਅਸ਼ਨੀ ਰਾਮ ਸਿਮਰੂ ਘੋੜਾਵਾਹੀ ਜਲੰਧਰ
ਜਸਪ੍ਰੀਤ ਕਲੇਰ ਹਰਮੇਸ਼ ਲਾਲ  ਪੰਡੋਰੀ ਜਲੰਧਰ
ਰੂਪ ਲਾਲ ਚਰਨਜੀਤ ਦੂੜ੍ਹੇ ਜਲੰਧਰ
ਕੁਲਵੀਰ ਸਿੰਘ ਹਰਭਜਨ ਸਿੰਘ ਸੈਲਾਖੁਰਦ ਹੁਸ਼ਿਆਰਪੁਰ
ਧਰਮਿੰਦਰ ਜਸਵੰਤ ਰਾਏ ਰਸੂਲਪੁਰ ਸ. ਭ. ਸ. ਨਗਰ
ਦਵਿੰਦਰ ਸਿੰਘ ਧਰਮ ਸਿੰਘ ਭਦਰਾਣਾ ਹੁਸ਼ਿਆਰਪੁਰ
ਰਕੇਸ਼ ਕੁਮਾਰ ਸ਼ਰਨਜੀਤ ਮੰਢਾਲੀ ਸ. ਭ. ਸ. ਨਗਰ
ਸੁਖਵਿੰਦਰ ਸਿੰਘ ਪਰਮਜੀਤ ਸਿੰਘ ਕਟਾਰੀਆਂ ਸ. ਭ. ਸ. ਨਗਰ
ਹਰਦੀਪ ਕੁਮਾਰ ਸ਼ਕਤੀ ਦਾਸ ਬਖਲੇਰ ਸ. ਭ. ਸ. ਨਗਰ
ਮਨੂ ਬਸਰਾ ਸੋਢੀ ਰਾਮ ਫਗਵਾੜਾ ਕਪੂਰਥਲਾ
ਕਿਸ਼ਨ ਲਾਲ ਕਰਮ ਚੰਦ ਨਵਾਂਸ਼ਹਿਰ ਸ. ਭ. ਸ. ਨਗਰ
ਹਰਜਿੰਦਰ ਕੁਮਾਰ ਮਲਕੀਤ ਸਿੰਘ ਮੱਲ੍ਹੀਆ ਜਲੰਧਰ
ਸੋਨੀ ਕੁਮਾਰ ਹੁਸਨ ਲਾਲ ਸੰਧਵਾਂ ਸ. ਭ. ਸ. ਨਗਰ
ਮਨੀਸ਼ ਕੁਮਾਰ ਗੁਰਮੀਤ ਰਾਮ ਢੰਡਵਾੜ ਜਲੰਧਰ
ਸੁਨੀਲ ਕੁਮਾਰ ਸਦਾ ਰਾਮ ਘੁੰਮਣਾ ਸ. ਭ. ਸ. ਨਗਰ
ਰਵੀ ਕੁਮਾਰ ਜੁਗਿੰਦਰ ਪਾਲ ਘੁੰਮਣਾ ਸ. ਭ. ਸ. ਨਗਰ
ਚਰਨਜੀਤ ਹੀਰਾ ਪ੍ਰੇਮ ਲਾਲ ਸੰੰਧਵਾਂ ਸ. ਭ. ਸ. ਨਗਰ
ਮਨਪ੍ਰੀਤ ਬਲਵਿੰਦਰ ਪੱਦੀ ਮੱਟ ਵਾਲੀ ਸ. ਭ. ਸ. ਨਗਰ
ਸੋਮਨਾਥ ਸੋਹਣ ਲਾਲ ਰਟੈਂਡਾ ਸ. ਭ. ਸ. ਨਗਰ
ਅਮਨਦੀਪ ਰੂਪ ਚੰਦ ਜੱਸੋਵਾਲ ਹੁਸ਼ਿਆਰਪੁਰ
ਗੁਰਪ੍ਰੀਤ ਸਿੰਘ ਜਰਨੈਲ ਸਿੰਘ ਮੱਲਮਾਜਰਾ ਸ. ਭ. ਸ. ਨਗਰ
ਗੁਰਪਾਲ ਗਿਆਨਚੰਦ ਚੌਹੜਾ ਹੁਸ਼ਿਆਰਪੁਰ
ਅਸ਼ੋਕ ਕੁਮਾਰ ਗੁਰਚਰਨ ਸਿੰਘ ਚੌਹੜਾ ਹੁਸ਼ਿਆਰਪੁਰ
       

author

cherry

Content Editor

Related News