ਸੁਲਤਾਨਪੁਰ ਲੋਧੀ ਦੇ 52 ਪਟਵਾਰ ਸਰਕਲ ਤੇ ਪਟਵਾਰੀ ਸਿਰਫ 9, ਜਨਤਾ ਹੋ ਰਹੀ ਖੱਜਲ ਖੁਆਰ

02/23/2018 5:33:26 PM

ਸੁਲਤਾਨਪੁਰ ਲੋਧੀ (ਸੁਰਿੰਦਰ ਸਿੰਘ ਸੋਢੀ) : ਜ਼ਿਲਾ ਕਪੂਰਥਲਾ ਦੀ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਚ ਪਟਵਾਰੀਆਂ ਦੀ ਘਾਟ ਕਾਰਨ ਆਮ ਜਨਤਾ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰ ਰਹੀ ਹੈ। ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ 'ਚ ਮਾਲ ਭਾਗ ਦੇ ਕੁੱਲ 52 ਪਟਵਾਰ ਸਰਕਲ ਹਨ, ਜਿਨ੍ਹਾਂ 'ਚ ਸਿਰਫ਼ 9 ਪਟਵਾਰੀ ਹੀ ਤਾਇਨਾਤ ਹਨ, ਜਿਨ੍ਹਾਂ ਨੂੰ ਵੱਖ-ਵੱਖ ਪਟਵਾਰ ਸਰਕਲਾਂ ਦਾ ਵਾਧੂ ਕੰਮ-ਕਾਜ ਦਿੱਤਾ ਹੋਇਆ ਹੈ। ਇਕ-ਇਕ ਪਟਵਾਰੀ ਨੂੰ 5-6 ਪਟਵਾਰ ਸਰਕਲਾਂ ਦਾ ਵਾਧੂ ਕੰਮ ਦਿੱਤੇ ਜਾਣ ਕਾਰਨ ਜਿੱਥੇ  ਕਈ ਪਟਵਾਰੀ ਵੀ ਡਿਪਰੈਸ਼ਨ ਦਾ ਸ਼ਿਕਾਰ ਹਨ, ਉੱਥੇ ਕੁਝ ਪਟਵਾਰੀਆਂ ਵਲੋ ਕੰਮ ਦੇ ਬੋਝ ਦਾ ਬਹਾਨਾ ਲਗਾ ਕੇ ਆਮ ਲੋਕਾਂ ਦੀ ਚੰਗੀ ਛਿੱਲ ਲਾਹੀ ਜਾ ਰਹੀ ਹੈ। ਤਹਿਸੀਲ ਕੰਪਲੈਕਸ ਵਿਚ ਇਸ ਪੱਤਰਕਾਰ ਨੂੰ ਮਿਲੀ ਇਕ ਬੀਬੀ ਨੇ ਭਾਵੁਕ ਹੁੰਦੇ ਦੱਸਿਆ ਕਿ ਉਹ ਆਪਣੇ ਜ਼ਮੀਨ ਦੇ ਕੰਮ ਲਈ ਪਿਛਲੇ ਕਈ ਦਿਨਾਂ ਤੋਂ ਭਟਕ ਰਹੀ ਹੈ ਪਰ ਪਟਵਾਰੀ ਨਹੀਂ ਮਿਲ ਰਿਹਾ ।
ਹੋਰ ਜਾਣਕਾਰੀ ਅਨੁਸਾਰ ਕੁਝ ਪਟਵਾਰੀਆਂ ਵਲੋਂ ਵੀ ਲੋਕਾਂ ਦਾ ਕੰਮ ਕਾਜ ਨਿਪਟਾਉਣ ਲਈ ਮਜਬੂਰਨ ਪ੍ਰਾਈਵੇਟ ਬੰਦੇ ਆਪਣੇ ਨਾਲ ਰੱਖੇ ਹੋਏ ਹਨ ਤਾਂ ਜੋ ਲੋਕ ਪ੍ਰੇਸ਼ਾਨ ਨਾ ਹੋਵਣ। ਤਹਿਸੀਲ ਸੁਲਤਾਨਪੁਰ ਲੋਧੀ ਦੇ ਮਾਲ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 43 ਪਟਵਾਰ ਹਲਕਿਆਂ ਦੇ ਪਟਵਾਰੀ ਨਹੀਂ ਹਨ, ਜਿਸ ਕਾਰਨ ਜਨਤਾ ਕਈ-ਕਈ ਦਿਨ ਦਫਤਰਾਂ ਵਿਚ ਭਟਕਦੀ ਰਹਿੰਦੀ ਹੈ ।ਭਾਵੇਂ ਸੁਲਤਾਨਪੁਰ ਲੋਧੀ ਦੇ ਤਹਿਸੀਲਦਾਰ ਗੁਰਮੀਤ ਸਿੰਘ ਮਾਨ ਜਨਤਾ ਦੀਆਂ ਸ਼ਿਕਾਇਤਾਂ ਸੁਣ ਕੇ ਉਸਦਾ ਨਿਪਟਾਰਾ ਕਰਦੇ ਹਨ ਤੇ ਸਾਰੇ ਪਟਵਾਰੀਆਂ ਨੂੰ ਜਨਤਾ ਦੇ ਕੰਮ ਨਾਲੋ-ਨਾਲ ਈਮਾਨਦਾਰੀ ਨਾਲ ਕਰਨ ਦੇ ਸਖਤ ਹੁਕਮ ਦਿੰਦੇ ਰਹਿੰਦੇ ਹਨ ਪਰ ਫਿਰ ਵੀ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਕਾਰਨ ਜਨਤਾ ਦੇ ਮਾਲ ਵਿਭਾਗ ਨਾਲ ਸੰਬੰਧਿਤ ਕਈ ਕੰਮ ਰੁਕੇ ਹੋਏ ਹਨ ।
ਤਿੰਨ ਪਟਵਾਰੀ ਚੱਲ ਰਹੇ ਸਸਪੈਡ
ਤਹਿਸੀਲ ਸੁਲਤਾਨਪੁਰ ਲੋਧੀ ਨਾਲ ਸੰਬੰਧਿਤ ਤਿੰਨ ਪਟਵਾਰੀ ਪਿਛਲੇ ਕੁਝ ਅਰਸੇ ਤੋਂ ਵੱਖ-ਵੱਖ ਕੇਸਾਂ 'ਚ ਸਸਪੈਂਡ ਚੱਲ ਰਹੇ ਹਨ। ਜਿਨ੍ਹਾਂ ਵਿਚੋਂ ਇਕ ਸਤਪਾਲ ਪਟਵਾਰੀ ਪਿਛਲੇ ਮਹੀਨੇ ਹੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਵਿਜੀਲੈਸ ਵਿਭਾਗ ਨੇ ਕਾਬੂ ਕੀਤਾ ਸੀ। ਇਸ ਤੋਂ ਇਲਾਵਾ 2 ਹੋਰ ਪਟਵਾਰੀ ਕਰਮ ਸਿੰਘ ਤੇ ਕੁਲਦੀਪ ਸਿੰਘ ਇਕ ਚਰਚਿਤ ਬੈਂਕ ਘੁਟਾਲੇ ਦੇ ਕੇਸ ਦੀ ਚੱਲ ਰਹੀ ਜਾਂਚ ਕਾਰਨ ਸਸਪੈਡ ਚੱਲ ਰਹੇ ਹਨ । ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਇਸ ਸਮੇਂ ਸੁਲਤਾਨਪੁਰ ਲੋਧੀ ਵਿਚ ਸਿਰਫ 9 ਪਟਵਾਰੀ ਪ੍ਰਭਜੋਤ ਸਿੰਘ, ਮਨੋਹਰ ਸਿੰਘ ਗਿੱਦੜਪਿੰਡੀ, ਗੁਰਸਾਹਿਬ ਸਿੰਘ, ਲਵਪ੍ਰੀਤ ਸਿੰਘ, ਜਸਵਿੰਦਰ ਸਿੰਘ, ਕਰਮਜੀਤ ਸਿੰਘ, ਸੁਰਿੰਦਰ ਸਿੰਘ ਖੰਨਾ ਤੇ ਸੁਖਵਿੰਦਰ ਸਿੰਘ ਮਾਹਲ, ਜੋਗਿੰਦਰ ਲਾਲ (ਦੋਵੇਂ ਸਬ ਤਹਿਸੀਲ ਤਲਵੰਡੀ ਚੌਧਰੀਆਂ) ਮੌਕੇ 'ਤੇ ਡਿਊਟੀ ਕਰ ਰਹੇ ਹਨ ਤੇ 52 ਪਟਵਾਰ ਹਲਕਿਆਂ ਦੇ ਦਰਜਨਾਂ ਪਿੰਡਾਂ ਦਾ ਕੰਮ ਸੰਭਾਲ ਰਹੇ ਹਨ। ਇਸ ਤੋ ਇਲਾਵਾ ਸੁਲਤਾਨਪੁਰ ਲੋਧੀ ਦੇ ਦਫ਼ਤਰ ਕਾਨੂਗੋ ਵਿਖੇ ਵੀ 1 ਅੰਕੜਾ ਕਲਰਕ, ਇਕ ਸਹਾਇਕ ਪਟਵਾਰੀ ਦਫਤਰ ਕਾਨੂਗੋ, 6 ਸੇਵਾਦਾਰ ਤੋਂ ਇਲਾਵਾ ਮਾਲ ਵਿਭਾਗ ਦੀਆਂ ਹੋਰ ਕਈ ਅਸਾਮੀਆਂ ਖਾਲੀ ਹਨ ਪਰ ਕੋਈ ਧਿਆਨ ਨਹੀਂ ਦੇ ਰਿਹਾ । ਕਿਸਾਨਾਂ ਸੰਘਰਸ਼ ਕਮੇਟੀ ਸੁਲਤਾਨਪੁਰ ਲੋਧੀ ਦੇ ਜ਼ੋਨ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਪੱਸਨ ਕਦੀਮ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਸੁਲਤਾਨਪੁਰ ਲੋਧੀ ਵਿਚ  ਪਟਵਾਰੀਆਂ ਦੀ ਘਾਟ ਦੂਰ ਕੀਤੀ ਜਾਵੇ ਤਾਂ ਜੋ ਆਮ ਜਨਤਾ ਨੂੰ ਖੱਜਲ-ਖੁਆਰੀ ਤੇ ਭ੍ਰਿਸ਼ਟਾਚਾਰ ਤੋਂ ਬਚਾਇਆ ਜਾ ਸਕੇ ।


Related News