ਪਰਿਵਾਰ ਗਿਆ ਸੀ ਰਿਸ਼ਤੇਦਾਰੀ ’ਚ, ਪਿੱਛੋਂ ਚੋਰ 12 ਲੱਖ ਦੇ ਗਹਿਣਿਆਂ ਤੇ ਨਕਦੀ ’ਤੇ ਕਰ ਗਏ ਹੱਥ ਸਾਫ਼

Monday, Jan 19, 2026 - 10:14 AM (IST)

ਪਰਿਵਾਰ ਗਿਆ ਸੀ ਰਿਸ਼ਤੇਦਾਰੀ ’ਚ, ਪਿੱਛੋਂ ਚੋਰ 12 ਲੱਖ ਦੇ ਗਹਿਣਿਆਂ ਤੇ ਨਕਦੀ ’ਤੇ ਕਰ ਗਏ ਹੱਥ ਸਾਫ਼

ਲੁਧਿਆਣਾ (ਰਾਜ) : ਚੋਰਾਂ ਦੇ ਹੌਸਲੇ ਬੁਲੰਦ ਹਨ। ਚੋਰਾਂ ਨੇ ਇਕ ਸਿਵਲ ਇੰਜੀਨੀਅਰ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰ ਘਰੋਂ ਲਗਭਗ 12 ਲੱਖ ਰੁਪਏ ਦੇ ਸੋਨੇ-ਚਾਂਦੀ ਦੇ ਗਹਿਣੇ, ਕੀਮਤੀ ਘੜੀਆਂ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਸਿਵਲ ਇੰਜੀਨੀਅਰ ਪੁਨੀਤ ਕਮਲ ਸਿੰਘ ਨੇ ਦੱਸਿਆ ਕਿ ਉਹ ਰਾਜਗੁਰੂ ਨਗਰ ਸਥਿਤ ਸੁਖਦੇਵ ਐਵੇਨਿਊ ’ਚ ਕਿਰਾਏ ਦੇ ਮਕਾਨ ’ਚ ਰਹਿੰਦਾ ਹੈ। ਬੀਤੇ ਦਿਨੀਂ ਉਹ ਆਪਣੇ ਪਰਿਵਾਰ ਸਮੇਤ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ। ਇਸ ਦੌਰਾਨ ਘਰ ਦੇ ਮਾਲਕ ਵੀ ਕਿਸੇ ਜ਼ਰੂਰੀ ਕੰਮ ਲਈ ਬਾਹਰ ਗਏ ਸਨ। ਜਦੋਂ ਵਾਪਸ ਆਏ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਘਰ ਦੇ ਉੱਪਰਲੇ ਹਿੱਸੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਅੰਦਰ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਚੋਰਾਂ ਨੇ ਅਲਮਾਰੀਆਂ ਦੇ ਤਾਲੇ ਤੋੜ ਕੇ ਬੜੀ ਬੇਰਹਿਮੀ ਨਾਲ ਤਲਾਸ਼ੀ ਲਈ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਚੋਰ 59000 ਦੀ ਨਕਦੀ, ਕੀਮਤੀ ਬ੍ਰਾਂਡਿਡ ਘੜੀਆਂ, ਸੋਨੇ ਅਤੇ ਚਾਂਦੀ ਦੇ ਭਾਰੀ ਗਹਿਣੇ (ਕੁੱਲ ਕੀਮਤ ਲਗਭਗ 12 ਲੱਖ ਰੁਪੈ) ਚੋਰੀ ਕਰ ਕੇ ਲੈ ਗਏ। ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ।

ਇਹ ਵੀ ਪੜ੍ਹੋ : ਲੁਧਿਆਣਾ ਕੇਂਦਰੀ ਜੇਲ੍ਹ ਦੇ ਬਾਹਰੋਂ ਫਰਾਰ ਹੋਇਆ ਹਵਾਲਾਤੀ, ਪੁਲਸ ਨੇ ਜਾਲ ਵਿਛਾ ਕੇ ਮੁੜ ਕੀਤਾ ਕਾਬੂ

ਜਦੋਂ ਘਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਉਸ ’ਚ ਚੋਰ ਕੰਧ ਟੱਪ ਕੇ ਘਰ ਦੇ ਉੱਪਰਲੇ ਹਿੱਸੇ ’ਚ ਦਾਖ਼ਲ ਹੁੰਦੇ ਸਾਫ਼ ਦਿਖਾਈ ਦੇ ਰਹੇ ਹਨ। ਚੋਰਾਂ ਨੇ ਬੜੀ ਚਲਾਕੀ ਨਾਲ ਤਾਲੇ ਤੋੜੇ ਅਤੇ ਆਰਾਮ ਨਾਲ ਚੋਰੀ ਕੀਤੀ। ਪੁਲਸ ਦਾ ਕਹਿਣਾ ਹੈ ਕਿ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।


author

Sandeep Kumar

Content Editor

Related News