ਘਰਾਂ ਦੇ ਘਰ ਨਸ਼ੇ ਨਾਲ ਹੋ ਰਹੇ ਤਬਾਹ, ‘ਆਪ’ ਸਰਕਾਰ ਦੀ ਨਸ਼ਿਆਂ ਖਿਲਾਫ ਜੰਗ ਸਿਰਫ ਬੈਨਰਾਂ ਤਕ ਸੀਮਤ : ਬਾਜਵਾ

Wednesday, Jan 21, 2026 - 10:54 PM (IST)

ਘਰਾਂ ਦੇ ਘਰ ਨਸ਼ੇ ਨਾਲ ਹੋ ਰਹੇ ਤਬਾਹ, ‘ਆਪ’ ਸਰਕਾਰ ਦੀ ਨਸ਼ਿਆਂ ਖਿਲਾਫ ਜੰਗ ਸਿਰਫ ਬੈਨਰਾਂ ਤਕ ਸੀਮਤ : ਬਾਜਵਾ

ਸਿੱਧਵਾਂ ਬੇਟ (ਚਾਹਲ) - ਜਗਰਾਓਂ ਨੇੜਲੇ ਪਿੰਡ ਸ਼ੇਰੇਵਾਲ ਵਿਖੇ 6 ਸਕੇ ਭਰਾਵਾਂ ਦੀ ਨਸ਼ੇ ਨਾਲ ਮੌਤ ਹੋਣ ਦੀ ਖਬਰ ਸੁਣਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅੱਜ ਮ੍ਰਿਤਕਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਪੁੱਜੇ, ਜਿੱਥੇ ਉਨ੍ਹਾਂ ਨੇ ਦਿਲਾਸਾ ਦਿੱਤਾ ਕਿ ਕਾਂਗਰਸ ਪਾਰਟੀ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰ ਦੇ ਨਾਲ ਖੜ੍ਹੀ ਹੈ ਤੇ ਉਸ ਦੀ ਹਰ ਸੰਭਵ ਮਦਦ ਕਰੇਗੀ |

ਇਸ ਸਮੇਂ ਛਿੰਦਰ ਕੌਰ ਉਰਫ ਛਿੰਦੋ ਬਾਈ ਨੇ ਬਾਜਵਾ ਨੂੰ ਦੱਸਿਆ ਕਿ ਉਸ ਦਾ ਪਤੀ ਮੁਖਤਿਆਰ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਤੇ ਨਸ਼ੇ ਦੀ ਹਾਲਤ ਵਿਚ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ | ਉਸ ਤੋਂ ਬਾਅਦ ਉਸ ਦੇ ਬੇਟੇ ਚਿੱਟੇ ਦਾ ਨਸ਼ਾ ਕਰਨ ਲੱਗ ਗਏ ਤੇ ਇਕ-ਇਕ ਕਰ ਕੇ 6 ਬੇਟਿਆਂ ਦੀ ਮੌਤ ਹੋ ਗਈ | ਸਿਰਫ 13 ਸਾਲਾਂ ਵਿਚ ਹੀ ਉਸ ਦਾ ਪੂਰਾ ਹੱਸਦਾ-ਖੇਡਦਾ ਪਰਿਵਾਰ ਉਜੜ ਗਿਆ | ਹੁਣ ਪਰਿਵਾਰ ਵਿਚ ਸਿਰਫ਼ ਮੈਂ, ਦੋ ਵਿਧਵਾ ਨੂੰਹਾਂ ਅਤੇ ਤਿੰਨ ਮਾਸੂਮ ਬੱਚੇ ਬਚੇ ਹਨ |

ਉਸ ਨੇ ਦੱਸਿਆ ਕਿ ਬੱਚਿਆਂ ਨੇ ਆਪਣੀ ਕਮਾਈ ਦਾ ਸਾਰਾ ਪੈਸਾ ਨਸ਼ਿਆਂ ’ਤੇ ਖਰਚ ਕਰ ਦਿੱਤਾ ਅਤੇ ਘਰ ਦੀ ਮੁਰੰਮਤ ਕਰਨ ਲਈ ਵੀ ਕੋਈ ਪੈਸਾ ਨਹੀਂ ਬਚਿਆ | ਉਸ ਨੇ ਕਿਹਾ ਕਿ ਸਾਡਾ ਘਰ ਤਬਾਹ ਹੋ ਗਿਆ ਹੈ ਅਤੇ ਹੁਣ ਉਸ ਲਈ ਕਮਾਉਣ ਵਾਲਾ ਕੋਈ ਨਹੀਂ ਬਚਿਆ ਹੈ | ਛਿੰਦੋ ਬਾਈ ਨੇ ਕਿਹਾ ਕਿ ਜਿਵੇਂ-ਜਿਵੇਂ ਉਸ ਦੇ ਪੁੱਤਰ ਮਰਦੇ ਰਹੇ, ਉਹ ਉਨ੍ਹਾਂ ਦੀਆਂ ਫੋਟੋਆਂ ਘਰ ਦੀ ਕੰਧ ’ਤੇ ਲਟਕਾਉਂਦੀ ਰਹੀ |

ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਨੇ ਆਪਣੇ ਪਤੀ ਅਤੇ ਪੰਜ ਪੁੱਤਰਾਂ ਦੀਆਂ ਫੋਟੋਆਂ ਕੰਧ ’ਤੇ ਲਟਕਾਈਆਂ ਸਨ ਅਤੇ ਹੁਣ ਛੇਵੇਂ ਪੁੱਤਰ ਜਸਵੀਰ, ਜਿਸ ਦੀ ਮੌਤ 14 ਜਨਵਰੀ ਨੂੰ ਹੋਈ ਹੈ, ਦੀ ਫੋਟੋ ਵੀ ਲਟਕਾਉਣੀ ਪਵੇਗੀ |

ਬਾਜਵਾ ਨੇ ਪੀੜਿਤ ਪਰਿਵਾਰ ਦੀ ਵਿੱਤੀ ਮਦਦ ਕਰਦਿਆਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਇਕ ਪਰਿਵਾਰ ਨੇ ਆਪਣੇ 6 ਪੁੱਤਰਾਂ ਨੂੰ ਨਸ਼ਿਆਂ ਨਾਲ ਖੋਹਿਆ ਹੈ ਪਰ ਨਸ਼ਿਆਂ ਵਿਰੁੱਧ ਯੁੱਧ ਛੇੜਨ ਦਾ ਦਾਅਵਾ ਕਰਨ ਵਾਲੀ ਸੂਬਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਪੀੜਿਤ ਪਰਿਵਾਰ ਦੀ ਸਾਰ ਲੈਣ ਨਹੀਂ ਆਇਆ |

ਉਨ੍ਹਾਂ ਕਿਹਾ ਕਿ ਇਹ ਸ਼ੇਰੇਵਾਲ ਪਿੰਡ ਵਿਚ ਅਚਾਨਕ ਦੁਖਾਂਤ ਨਹੀਂ ਹੈ ਸਗੋਂ ਸਰਕਾਰੀ ਅਸਫਲਤਾਵਾਂ ਦੀ ਇਕ ਲੜੀ ਹੈ, ਜੋ ਪਿਛਲੇ ਕਈ ਸਾਲਾਂ ਤੋਂ ਨਿਰੰਤਰ ਜਾਰੀ ਹੈ | ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨਸ਼ਾ ਖਤਮ ਕਰਨ ਦਾ ਦਾਅਵਾ ਕਰ ਕੇ ਦੂਜੇ ਪੜਾਅ ਦੀ ਗੱਲ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਹਰ ਪਿੰਡ ਵਿਚ ਖੁੱਲ੍ਹੇਆਮ ਨਸ਼ੇ ਵਿਕ ਰਹੇ ਹਨ |

ਪੀੜਤ ਪਰਿਵਾਰ ਦਾ ਮੁੱਦਾ ਵਿਧਾਨ ਸਭਾ ’ਚ ਚੁੱਕਾਂਗਾ
ਉਨ੍ਹਾਂ ਕਿਹਾ ਕਿ ਕੀ ਮਾਨ ਸਰਕਾਰ ਇਹ ਦੱਸੇਗੀ ਕਿ ਸ਼ੇਰੇਵਾਲ ਵਿਚ ਨਸ਼ਿਆਂ ਨਾਲ ਤਬਾਹ ਹੋਏ ਇਸ ਪਰਿਵਾਰ ਦੀ ਜ਼ਿਮੇਵਾਰੀ ਕੌਣ ਲਵੇਗਾ? ਉਨ੍ਹਾਂ ਕਿਹਾ ਕਿ ਕੀ ਸਰਕਾਰ ਦੀ ਨਸ਼ਿਆਂ ਵਿਰੁੱਧ ਜੰਗ ਬੈਨਰਾਂ ਤਕ ਹੀ ਸੀਮਤ ਰਹੇਗੀ ਜਾਂ ਉਹ ਜ਼ਮੀਨੀ ਪੱਧਰ ’ਤੇ ਨਸ਼ਿਆਂ ਦੇ ਖਾਤਮੇ ਲਈ ਇਕ ਠੋਸ ਅਤੇ ਪ੍ਰਭਾਵਸ਼ਾਲੀ ਰਣਨੀਤੀ ਬਣਾਏਗੀ ? ਬਾਜਵਾ ਨੇ ਕਿਹਾ ਕਿ ਉਹ ਸ਼ੇਰੇਵਾਲ ਪਿੰਡ ਦੇ ਇਸ ਪਰਿਵਾਰ ਦਾ ਮੁੱਦਾ ਵਿਧਾਨ ਸਭਾ ਵਿਚ ਚੁੱਕਣਗੇ | ਇਸ ਸਮੇਂ ਉਨ੍ਹਾਂ ਨਾਲ ਕ੍ਰਿਸ਼ਨ ਕੁਮਾਰ ਬਾਵਾ ਤੇ ਸੀਨੀਅਰ ਆਗੂ ਰਾਜੇਸ਼ਇੰਦਰ ਸਿੰਘ ਸਿੱਧੂ ਵੀ ਹਾਜ਼ਰ ਸਨ |


author

Inder Prajapati

Content Editor

Related News