‘ਮੰਗਾਂ ਨਾ ਮੰਨੀਆਂ ਤਾਂ ਪੰਚਾਇਤੀ ਚੋਣਾਂ ਦਾ ਪਿੰਡ-ਪਿੰਡ ਜਾ ਕੇ ਕੀਤਾ ਜਾਵੇਗਾ ਵਿਰੋਧ’

Friday, Aug 03, 2018 - 05:49 AM (IST)

‘ਮੰਗਾਂ ਨਾ ਮੰਨੀਆਂ ਤਾਂ ਪੰਚਾਇਤੀ ਚੋਣਾਂ ਦਾ ਪਿੰਡ-ਪਿੰਡ ਜਾ ਕੇ ਕੀਤਾ ਜਾਵੇਗਾ ਵਿਰੋਧ’

 ਕਪੂਰਥਲਾ,   (ਗੁਰਵਿੰਦਰ ਕੌਰ)-  ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੋਈ ਗੰਭੀਰ ਨਜ਼ਰ ਨਹੀਂ ਆ ਰਹੀ ਤੇ ਨਾ ਹੀ ਅਜੇ ਤਕ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਗਿਆ ਹੈ , ਜਿਸ ਕਾਰਨ ਸਮੂਹ ਮੁਲਾਜ਼ਮਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟੈਕਸ ਕੁਲੈਕਟਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਮਲਕੀਤ ਸਿੰਘ ਤੇ ਸੂਬਾ ਕਮੇਟੀ ਮੈਂਬਰ ਤੇ ਪੰਚਾਇਤ ਸਕੱਤਰ ਪਰਮਜੀਤ ਬਾਲੂ ਨੇ ਪੰਚਾਇਤ ਰਾਜ ਮੁਲਾਜ਼ਮ ਐਸੋਸੀਏਸ਼ਨ ਪੰਜਾਬ ਵੱਲੋਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ’ਚ ਅੱਜ 8ਵੇਂ ਦਿਨ ਦਿੱਤੇ ਜਾ ਰਹੇ ਧਰਨੇ ਤੇ ਕੀਤੀ ਜਾ ਰਹੀ ਕਲਮਛੋਡ਼ ਹਡ਼ਤਾਲ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਦੌਰਾਨ ਸਮੂਹ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੂਨੀਅਨ ਦੀਆਂ ਮੰਗਾਂ ਸਬੰਧੀ ਯੂਨੀਅਨ ਨਾਲ ਲਿਖਤੀ ਇਕਰਾਰ 30 ਅਪ੍ਰੈਲ ਨੂੰ ਕੀਤਾ ਗਿਆ ਸੀ ਕਿ ਇਕ ਮਹੀਨੇ ਦੇ ਅੰਦਰ ਅੰਦਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਪਰ ਲਗਭਗ 3 ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਤੇ ਅੱਜ ਤਕ ਉਪਰੋਕਤ ਕੀਤੇ ਗਏ ਇਕਰਾਰਨਾਮੇ ’ਤੇ ਕਾਰਵਾਈ ਵੀ ਸ਼ੁਰੂ ਨਹੀਂ ਕੀਤੀ ਗਈ ਹੈ। ਉਨ੍ਹਾਂ ਚਿਤਾਵਨੀ ਦਿੰਦਿਅਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਇਸ ਸਬੰਧੀ ਲੋਡ਼ੀਂਦੀ ਕਾਰਵਾਈ ਅਮਲ ’ਚ ਲਿਆ ਕੇ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਪੰਚਾਇਤੀ ਸੰਸਥਾਵਾਂ ਦੇ ਮੁਲਾਜ਼ਮ ਸਡ਼ਕਾਂ ’ਤੇ ਆਉਣ ਲਈ ਮਜਬੂਰ ਹੋਣਗੇ ਤੇ ਪੰਚਾਇਤੀ ਚੋਣਾਂ ਸਮੇਂ ਪੰਜਾਬ ਸਰਕਾਰ ਦਾ ਪਿੰਡ-ਪਿੰਡ ਜਾ ਕੇ ਵਿਰੋਧ ਕੀਤਾ ਜਾਵੇਗਾ, ਜਿਸਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਖਾਸ ਕਰਕੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਹੋਵੇਗੀ। 
ਇਸ ਮੌਕੇ ਸੁਪਰਡੈਂਟ ਰਵਿੰਦਰਪਾਲ ਸਿੰਘ, ਸੁਖਜਿੰਦਰ ਸਿੰਘ ਤੇ ਰਵਿੰਦਰ ਸਿੰਘ ਦੋਵੇਂ ਪੰਚਾਇਤ ਅਫਸਰ, ਰਜਿੰਦਰ ਕੁਮਾਰ, ਹਰਜੀਤ ਧੰਮ, ਬਲਦੇਵ ਸਿੰਘ, ਪ੍ਰਸ਼ੋਤਮ ਲਾਲ, ਸਵਰਨਦੀਪ ਕੁਮਾਰ, ਰਾਮ ਲੁਭਾਇਆ, ਗੁਰਮੇਲ ਸਿੰਘ, ਇੰਦਰਜੀਤ ਸਿੰਘ ਪਟਵਾਰੀ, ਸਰਬਜੀਤ ਸਿੰਘ, ਜਸਵੰਤ ਰਾਏ, ਰਾਮ ਕਿਸ਼ੋਰ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।
 


Related News