ਪਿੰਡ ਜੀਦਾ ਬੰਬ ਧਮਾਕਾ ਮਾਮਲਾ: NIA ਦੀ ਫਿਰ ਐਂਟਰੀ, 24 ਫਰਵਰੀ ਨੂੰ ਅਦਾਲਤ ''ਚ ਪੇਸ਼ ਹੋਵੇਗਾ ਚਲਾਨ

Friday, Feb 13, 2026 - 07:29 PM (IST)

ਪਿੰਡ ਜੀਦਾ ਬੰਬ ਧਮਾਕਾ ਮਾਮਲਾ: NIA ਦੀ ਫਿਰ ਐਂਟਰੀ, 24 ਫਰਵਰੀ ਨੂੰ ਅਦਾਲਤ ''ਚ ਪੇਸ਼ ਹੋਵੇਗਾ ਚਲਾਨ

ਗੋਨਿਆਣਾ ਮੰਡੀ (ਗੋਰਾ ਲਾਲ) – ਪਿਛਲੇ ਸਾਲ 10 ਸਤੰਬਰ 2025 ਨੂੰ ਨਜ਼ਦੀਕੀ ਪਿੰਡ ਜੀਦਾ ਵਿੱਚ ਹੋਏ ਰਹੱਸਮਈ ਬੰਬ ਧਮਾਕੇ ਦੇ ਮਾਮਲੇ ਨੇ ਇੱਕ ਵਾਰ ਫਿਰ ਤਪਸ਼ ਫੜ ਲਈ ਹੈ ਕਿਉਂਕਿ ਅੱਜ ਚੰਡੀਗੜ੍ਹ ਤੋਂ ਐੱਨ.ਆਈ.ਏ. ਨਾਲ ਸੰਬੰਧਿਤ ਕਰਮਚਾਰੀ ਮੰਦੀਪ ਸਿੰਘ ਦੇ ਪਿੰਡ ਵਿੱਚ ਅਚਾਨਕ ਪਹੁੰਚਣ ਨਾਲ ਇਲਾਕੇ ਵਿੱਚ ਚਰਚਾਵਾਂ ਦਾ ਬਜ਼ਾਰ ਗਰਮ ਹੋ ਗਿਆ। 

ਜਾਣਕਾਰੀ ਮੁਤਾਬਕ ਉਕਤ ਅਧਿਕਾਰੀ ਨੇ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਦੇ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਲੰਬੀ ਪੁੱਛਗਿੱਛ ਕੀਤੀ ਅਤੇ ਖਾਸ ਤੌਰ ‘ਤੇ ਉਸ ਮੋਬਾਈਲ ਫੋਨ ਬਾਰੇ ਜਾਣਕਾਰੀ ਹਾਸਲ ਕੀਤੀ ਜਿਸ ਨੂੰ ਲੈ ਕੇ ਇਹ ਸਾਰਾ ਧਮਾਕਾ ਹੋਣ ਦੀ ਗੱਲ ਸਾਹਮਣੇ ਆਈ ਸੀ। ਪਰਿਵਾਰ ਵੱਲੋਂ ਦੱਸਿਆ ਗਿਆ ਕਿ ਮੋਬਾਈਲ ਫੋਨ ਕਮਿਸ਼ਨ ਏਜੰਟ ਤੋਂ ਪੈਸੇ ਉਧਾਰ ਲੈ ਕੇ ਖਰੀਦਿਆ ਗਿਆ ਸੀ, ਜਿਸ ਤੋਂ ਬਾਅਦ ਅਧਿਕਾਰੀ ਨੇ ਸਾਫ਼ ਕੀਤਾ ਕਿ ਗੁਰਪ੍ਰੀਤ ਸਿੰਘ ਵਿਰੁੱਧ ਦਰਜ ਐੱਫ.ਆਈ.ਆਰ. ਦਾ ਚਲਾਨ 24 ਫਰਵਰੀ 2026 ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪਰਿਵਾਰ ਨੂੰ ਅਦਾਲਤੀ ਕਾਰਵਾਈ ਲਈ ਵਕੀਲ ਨਿਯੁਕਤ ਕਰਨ ਦੀ ਸਲਾਹ ਦਿੱਤੀ। 

ਯਾਦ ਰਹੇ ਕਿ 10 ਸਤੰਬਰ 2025 ਨੂੰ ਗੁਰਪ੍ਰੀਤ ਸਿੰਘ ਨੇ ਇਕ ਅਣਪਛਾਤੀ ਸਮੱਗਰੀ ਆਨਲਾਈਨ ਮੰਗਵਾਈ ਸੀ ਅਤੇ ਜਦੋਂ ਉਹ ਘਰ ਵਿੱਚ ਉਸ ਨਾਲ ਕਥਿਤ ਤੌਰ ‘ਤੇ ਕੰਮ ਕਰ ਰਿਹਾ ਸੀ ਤਾਂ ਅਚਾਨਕ ਭਿਆਨਕ ਧਮਾਕਾ ਹੋ ਗਿਆ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰ ਨੇ ਪਹਿਲਾਂ ਇਹ ਸਮਝਿਆ ਕਿ ਮੋਬਾਈਲ ਫੋਨ ਫਟਿਆ ਹੈ ਅਤੇ ਉਸ ਨੂੰ ਤੁਰੰਤ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੋਂ ਉਸ ਨੂੰ ਬਾਅਦ ਵਿੱਚ ਐਮਜ਼ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ ਗਿਆ। ਇਸ ਘਟਨਾ ਨੇ ਤਦ ਹੋਰ ਸੰਸਨੀਖੇਜ਼ ਰੂਪ ਧਾਰ ਲਿਆ ਜਦੋਂ ਉਸੇ ਦਿਨ ਸ਼ਾਮ ਨੂੰ ਪਿਤਾ ਜਗਤਾਰ ਸਿੰਘ ਜਦੋਂ ਧਮਾਕੇ ਵਾਲੇ ਕਮਰੇ ਦੀ ਸਫਾਈ ਕਰ ਰਹੇ ਸਨ ਤਾਂ ਉਥੇ ਦੂਜਾ ਧਮਾਕਾ ਹੋ ਗਿਆ, ਜਿਸ ਕਾਰਨ ਉਹ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਅਤੇ ਧਮਾਕੇ ਦੀ ਤੀਬਰਤਾ ਨਾਲ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। 

ਜਾਂਚ ਦੌਰਾਨ ਫੋਰੈਂਸਿਕ ਟੀਮ ਵੱਲੋਂ ਘਰ ਤੋਂ ਸਕ੍ਰੂਡਰਾਈਵਰ, ਤਾਰਾਂ, ਸੋਲਡਰਿੰਗ ਆਇਰਨ, ਬੈਟਰੀ ਹੋਲਡਰ ਅਤੇ ਹੋਰ ਸ਼ੱਕੀ ਸਮੱਗਰੀ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਥਾਣਾ ਨੇਹੀਆਵਾਲਾ ਦੀ ਪੁਲਿਸ ਨੇ ਐਫ.ਆਈ.ਆਰ. ਨੰਬਰ 198 ਮਿਤੀ 11 ਸਤੰਬਰ 2025 ਨੂੰ ਵਿਸਫੋਟਕ ਪਦਾਰਥ ਐਕਟ 1908 ਦੀਆਂ ਧਾਰਾਵਾਂ 3, 4, 5 ਅਤੇ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 287, 288 ਅਤੇ 326(ਐਫ) ਤਹਿਤ ਮਾਮਲਾ ਦਰਜ ਕਰ ਲਿਆ ਸੀ। ਹੁਣ ਐੱਨ.ਆਈ.ਏ. ਦੀ ਦੁਬਾਰਾ ਦਖ਼ਲਅੰਦਾਜ਼ੀ ਨੇ ਇਹ ਸੰਕੇਤ ਦਿੱਤਾ ਹੈ ਕਿ ਮਾਮਲਾ ਆਮ ਹਾਦਸਾ ਨਹੀਂ ਸਗੋਂ ਗੰਭੀਰ ਤਫਤੀਸ਼ ਦਾ ਵਿਸ਼ਾ ਬਣ ਚੁੱਕਾ ਹੈ ਅਤੇ ਜਾਂਚ ਏਜੰਸੀਆਂ ਹਰ ਪੱਖ ਨੂੰ ਗਹਿਰਾਈ ਨਾਲ ਖੰਗਾਲ ਰਹੀਆਂ ਹਨ। 

ਪਿੰਡ ਵਿੱਚ ਚਰਚਾ ਹੈ ਕਿ ਆਨਲਾਈਨ ਮੰਗਵਾਈ ਸਮੱਗਰੀ ਆਖਿਰ ਕੀ ਸੀ, ਕੀ ਇਹ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਸੀ ਜਾਂ ਫਿਰ ਅਣਜਾਣੇ ਵਿੱਚ ਹੋਈ ਲਾਪਰਵਾਹੀ ਦਾ ਨਤੀਜਾ, ਇਸ ਬਾਰੇ ਅਧਿਕਾਰਕ ਤੌਰ ‘ਤੇ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ। ਦੂਜੇ ਪਾਸੇ ਪਰਿਵਾਰ ਆਪਣੇ ਆਪ ਨੂੰ ਬੇਗੁਨਾਹ ਦੱਸਦਿਆਂ ਕਹਿ ਰਿਹਾ ਹੈ ਕਿ ਉਹ ਸਿਰਫ਼ ਇਕ ਆਮ ਪਰਿਵਾਰ ਹੈ ਜਿਸ ਨਾਲ ਦੁਖਦਾਈ ਹਾਦਸਾ ਵਾਪਰਿਆ, ਪਰ ਕਾਨੂੰਨੀ ਕਾਰਵਾਈ ਅਤੇ ਫੋਰੈਂਸਿਕ ਬਰਾਮਦਗੀਆਂ ਨੇ ਮਾਮਲੇ ਨੂੰ ਗੰਭੀਰ ਮੋੜ ਦੇ ਦਿੱਤਾ ਹੈ। ਇਲਾਕੇ ਦੇ ਲੋਕਾਂ ਵਿੱਚ ਡਰ ਅਤੇ ਉਤਸੁਕਤਾ ਦੋਵਾਂ ਦੇ ਮਾਹੌਲ ਵਿੱਚ 24 ਫਰਵਰੀ ਦੀ ਅਦਾਲਤੀ ਤਰੀਖ਼ ਹੁਣ ਕੇਂਦਰ ਬਿੰਦੂ ਬਣ ਗਈ ਹੈ, ਜਦੋਂ ਚਲਾਨ ਪੇਸ਼ ਹੋਣ ਨਾਲ ਕਈ ਅਹਿਮ ਤੱਥ ਸਾਹਮਣੇ ਆ ਸਕਦੇ ਹਨ। ਫਿਲਹਾਲ ਪਿੰਡ ਜੀਦਾ ਦਾ ਇਹ ਧਮਾਕਾ ਕੇਸ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਅਤੇ ਸਭ ਦੀਆਂ ਨਜ਼ਰਾਂ ਅਦਾਲਤ ਅਤੇ ਜਾਂਚ ਏਜੰਸੀਆਂ ਦੀ ਅਗਲੀ ਕਾਰਵਾਈ ‘ਤੇ ਟਿਕੀਆਂ ਹੋਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News