ਚੰਡੀਗੜ੍ਹ ''ਚ ਪਹਿਲੀ ਵਾਰ ਆਊਟਸੋਰਸਿੰਗ ''ਤੇ ਚੱਲਣਗੀਆਂ ਬੱਸਾਂ, ਵਿਰੋਧ ਦੀ ਤਿਆਰੀ

06/11/2018 6:20:32 AM

ਚੰਡੀਗੜ੍ਹ,   (ਵਿਜੇ)-  ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਆਪਣੇ ਨਵੇਂ ਪ੍ਰੋਜੈਕਟ ਤਹਿਤ ਹੁਣ ਪ੍ਰਾਈਵੇਟਾਈਜ਼ੇਸ਼ਨ ਦੀ ਰਾਹ 'ਤੇ ਚੱਲ ਪਿਆ ਹੈ। ਇਸ ਤਹਿਤ ਸ਼ਹਿਰ ਵਿਚ ਪਹਿਲੀ ਵਾਰ ਪਬਲਿਕ ਟਰਾਂਸਪੋਰਟ ਲਈ ਪ੍ਰਾਈਵੇਟ ਕੰਟਰੈਕਟਰ ਦੀ ਮਦਦ ਲਈ ਜਾ ਰਹੀ ਹੈ। ਸੀ. ਟੀ. ਯੂ. ਵਲੋਂ ਇਸ ਸਾਲ ਜਨਵਰੀ 'ਚ ਪਹਿਲੀ ਵਾਰ 6 ਵੋਲਵੋ ਬੱਸਾਂ ਚਲਾਉਣ ਲਈ ਟੈਂਡਰ ਜਾਰੀ ਕੀਤਾ ਗਿਆ ਸੀ, ਜਿਸ 'ਤੇ ਹੁਣ ਸਵਾਲ ਉੱਠਣ ਲੱਗੇ ਹਨ ਕਿਉਂਕਿ ਇਹ ਬੱਸਾਂ ਚੱਲਣਗੀਆਂ ਤਾਂ ਸੀ. ਟੀ. ਯੂ. ਦੇ ਨਾਂ 'ਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਇਨ੍ਹਾਂ ਦਾ ਕਿਰਾਇਆ ਦਿੱਤਾ ਜਾਵੇਗਾ। 
ਦਰਅਸਲ, ਅਜਿਹਾ ਸ਼ਹਿਰ ਵਿਚ ਪਹਿਲੀ ਵਾਰ ਹੋ ਰਿਹਾ ਹੈ ਕਿ ਬੱਸਾਂ ਨੂੰ ਵੀ ਆਊਟਸੋਰਸ ਜ਼ਰੀਏ ਚਲਾਉਣ ਦਾ ਫੈਸਲਾ ਲਿਆ ਗਿਆ ਹੋਵੇ। ਸੂਤਰਾਂ ਦੀ ਮੰਨੀਏ ਤਾਂ ਅਜਿਹਾ ਕਰਕੇ ਪ੍ਰਸਾਸ਼ਨ ਨੇ 1971 ਦੇ ਰੀ-ਆਰਗੇਨਾਈਜ਼ੇਸ਼ਨ ਐਕਟ ਦੀ ਵੀ ਉਲੰਘਣਾ ਕੀਤੀ ਹੈ, ਜਿਸ 'ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਪਬਲਿਕ ਟਰਾਂਸਪੋਰਟ ਨੂੰ ਪ੍ਰਾਈਵੇਟ ਹੱਥਾਂ 'ਚ ਨਹੀਂ ਦਿੱਤਾ ਜਾ ਸਕਦਾ ਹੈ। ਇਹੀ ਕਾਰਨ ਹੈ ਕਿ ਹੁਣ ਕੁਝ ਕਰਮਚਾਰੀ ਸੰਗਠਨ ਪ੍ਰਸ਼ਾਸਨ ਦੇ ਇਸ ਫੈਸਲੇ ਖਿਲਾਫ ਆਵਾਜ਼ ਚੁੱਕਣ ਦੀ ਤਿਆਰੀ 'ਚ ਹਨ ਕਿਉਂਕਿ ਇਸ ਨਾਲ ਸਿੱਧੇ ਤੌਰ 'ਤੇ ਸੀ. ਟੀ. ਯੂ. 'ਚ ਪ੍ਰਾਈਵੇਟ ਸੈਕਟਰ ਦਾ ਦਾਖਲਾ ਹੋ ਜਾਵੇਗਾ। ਇਹੀ ਨਹੀਂ, ਸੀ. ਟੀ. ਯੂ. ਲਈ ਇਹ ਬੱਸਾਂ ਚਲਾਉਣਾ ਮਹਿੰਗਾ ਸੌਦਾ ਵੀ ਹੋਵੇਗਾ। ਸੂਤਰਾਂ ਦੀ ਮੰਨੀਏ ਤਾਂ ਇਕ ਬੱਸ ਲਈ 20000 ਰੁਪਏ ਰੋਜ਼ਾਨਾ ਕਿਰਾਇਆ ਦੇਣਾ ਪੈ ਸਕਦਾ ਹੈ, ਫਿਰ ਚਾਹੇ ਇਹ ਬੱਸਾਂ ਇੰਨਾ ਰੈਵੇਨਿਊ ਕਮਾ ਕੇ ਦੇਣ ਜਾਂ ਨਾ ਦੇਣ। 
ਸੀ. ਟੀ. ਯੂ. ਦੀ ਸਿੱਧੇ ਤੌਰ 'ਤੇ ਪ੍ਰਾਈਵੇਟਾਈਜ਼ੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ, ਜੋ ਕਿ ਨਿਯਮ ਦੇ ਖਿਲਾਫ ਹੈ ਜੇਕਰ ਪ੍ਰਸ਼ਾਸਨ ਨੇ ਆਪਣਾ ਫੈਸਲਾ ਨਾ ਬਦਲਿਆ ਤਾਂ ਇਸ ਖਿਲਾਫ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਛੇਤੀ ਹੀ ਸ਼ਿਕਾਇਤ ਲੈ ਕੇ ਪ੍ਰਬੰਧਕੀ ਅਧਿਕਾਰੀਆਂ ਨੂੰ ਮਿਲਾਂਗੇ। 
-ਜਸਵੰਤ ਸਿੰਘ ਜੱਸਾ, ਪ੍ਰਧਾਨ ਚੰਡੀਗੜ੍ਹ ਗਵਰਨਮੈਂਟ ਟਰਾਂਸਪੋਰਟ ਵਰਕਰਜ਼ ਯੂਨੀਅਨ।
ਸੀ. ਟੀ. ਯੂ. ਦਾ ਹੋਵੇਗਾ ਕੰਡਕਟਰ
ਸੁਪਰ ਲਗਜ਼ਰੀ ਬੱਸ ਨੂੰ ਚਲਾਉਣ ਲਈ ਡਰਾਈਵਰ ਦੀ ਸਹੂਲਤ ਵੀ ਕੰਪਨੀ ਵਲੋਂ ਹੀ ਦਿੱਤੀ ਜਾਵੇਗੀ। ਹਾਲਾਂਕਿ ਸੀ. ਟੀ. ਯੂ. ਵਲੋਂ ਹਰੇਕ ਬੱਸ 'ਚ ਆਪਣਾ ਕੰਡਕਟਰ ਰੱਖਿਆ ਜਾਵੇਗਾ। ਹੁਣ ਤਕ ਸੀ. ਟੀ. ਯੂ. ਵਲੋਂ ਇਹ ਤੈਅ ਨਹੀਂ ਕੀਤਾ ਗਿਆ ਹੈ ਕਿ ਬੱਸਾਂ ਦਾ ਕਿਰਾਇਆ ਕਿੰਨਾ ਹੋਵੇਗਾ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸਮੇਂ ਚੱਲ ਰਹੀਆਂ ਏ. ਸੀ. ਬੱਸਾਂ ਤੋਂ ਜ਼ਿਆਦਾ ਕਿਰਾਇਆ ਪ੍ਰਸ਼ਾਸਨ ਵਲੋਂ ਵਸੂਲਿਆ ਜਾਵੇਗਾ।  ਏ. ਸੀ. ਬੱਸਾਂ ਦਾ ਕਿਰਾਇਆ ਸ਼ੁਰੂਆਤੀ 3 ਕਿਲੋਮੀਟਰ ਲਈ 10 ਰੁਪਏ ਵਸੂਲਿਆ ਜਾ ਰਿਹਾ ਹੈ।  
ਪ੍ਰਸ਼ਾਸਨ ਸਾਹਮਣੇ ਮੁੱਦਾ ਚੁੱਕਣਗੇ ਸੰਸਦ ਮੈਂਬਰ
ਸੀ. ਟੀ. ਯੂ. ਵਲੋਂ ਸ਼ਹਿਰ 'ਚ ਪਹਿਲੀ ਵਾਰ ਪ੍ਰਾਈਵੇਟ ਬੱਸਾਂ ਨੂੰ ਚਲਾਉਣ ਦੇ ਫੈਸਲੇ ਖਿਲਾਫ ਕੋਆਰਡੀਨੇਸ਼ਨ ਕਮੇਟੀ ਆਫ ਗਵਰਨਮੈਂਟ ਐਂਡ ਐੱਮ. ਸੀ. ਇੰਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਦੇ ਇਕ ਵਫਦ ਨੇ ਸੰਸਦ ਮੈਂਬਰ ਕਿਰਨ ਖੇਰ ਨੂੰ ਸ਼ਿਕਾਇਤ ਕੀਤੀ। ਕਮੇਟੀ ਦੇ ਕਨਵੀਨਰ ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਜੇਕਰ ਸੀ. ਟੀ. ਯੂ. ਵਿਚ ਵੋਲਵੋ ਬੱਸਾਂ ਆਉਂਦੀਆਂ ਹਨ ਤਾਂ ਸੀ. ਟੀ. ਯੂ. 'ਤੇ ਵਿੱਤੀ ਬੋਝ ਪਵੇਗਾ। ਇਸ ਲਈ ਸੀ. ਟੀ. ਯੂ. ਵਿਚ ਵੋਲਵੋ ਬੱਸਾਂ ਨਾ ਲਿਆਂਦੀਆਂ ਜਾਣ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਸੀ. ਟੀ. ਯੂ. ਦੀਆਂ ਬੱਸਾਂ ਦੀ ਗਿਣਤੀ ਵਧਾਏ। ਇਸ 'ਤੇ ਕਿਰਨ ਖੇਰ ਨੇ ਭਰੋਸਾ ਦਿੱਤਾ ਕਿ ਉਹ ਇਸ ਮੁੱਦੇ ਨੂੰ ਛੇਤੀ ਹੀ ਪ੍ਰਸ਼ਾਸਨ ਸਾਹਮਣੇ ਚੁੱਕਣਗੇ। 


Related News