ਕਾਂਗਰਸ 'ਚੋਂ ਬਾਗੀ ਹੋਏ ਆਗੂਆਂ ਲਈ ਰੰਧਾਵਾ ਦੇ ਸਖ਼ਤ ਤੇਵਰ, ਘਰ ਵਾਪਸੀ ਨੂੰ ਲੈ ਕੇ ਸੁਣਾਈਆਂ ਖ਼ਰੀਆਂ-ਖ਼ਰੀਆਂ

Wednesday, Jun 19, 2024 - 10:52 AM (IST)

ਕਾਂਗਰਸ 'ਚੋਂ ਬਾਗੀ ਹੋਏ ਆਗੂਆਂ ਲਈ ਰੰਧਾਵਾ ਦੇ ਸਖ਼ਤ ਤੇਵਰ, ਘਰ ਵਾਪਸੀ ਨੂੰ ਲੈ ਕੇ ਸੁਣਾਈਆਂ ਖ਼ਰੀਆਂ-ਖ਼ਰੀਆਂ

ਜਲੰਧਰ (ਧਵਨ)-ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਸਖ਼ਤ ਤੇਵਰ ਵਿਖਾਉਂਦੇ ਹੋਏ ਕਿਹਾ ਕਿ ਉਹ ਹਰ ਉਸ ਵਿਅਕਤੀ ਦੀ ਘਰ ਵਾਪਸੀ ਦਾ ਵਿਰੋਧ ਕਰਨਗੇ, ਜੋ ਔਖੇ ਸਮੇਂ ’ਚ ਪਾਰਟੀ ਨਾਲ ਖੜ੍ਹੇ ਨਹੀਂ ਹੋਏ। ਵਰਨਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦੇ ਕੁਝ ਆਗੂਆਂ ਵੱਲੋਂ ਭਾਜਪਾ ਅਤੇ ਹੋਰ ਪਾਰਟੀਆਂ ’ਚ ਗਏ ਸਾਬਕਾ ਆਗੂਆਂ ਨੂੰ ਵਾਪਸ ਲਿਆਉਣ ਦੇ ਯਤਨ ਕੀਤੇ ਜਾ ਰਹੇ ਸਨ। ਸੁਖਜਿੰਦਰ ਰੰਧਾਵਾ ਨੇ ਬੀਤੇ ਦਿਨ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਕਿਹਾ ਕਿ ਸੰਕਟ ’ਚ ਪਾਰਟੀ ਦਾ ਸਾਥ ਛੱਡਣ ਵਾਲੇ ਆਗੂਆਂ ਦੇ ਘਰਾਂ ’ਚ ਜਾਣ ਦੀ ਬਜਾਏ ਸਾਨੂੰ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਅਤੇ ਬਲਾਕ ਪ੍ਰਧਾਨਾਂ ਦੇ ਘਰ ਜਾਣਾ ਚਾਹੀਦਾ ਹੈ, ਜੋ ਸੰਕਟ ਦੇ ਸਮੇਂ ’ਚ ਵੀ ਸਾਡੇ ਨਾਲ ਖੜ੍ਹੇ ਹਨ।

ਇਹ ਵੀ ਪੜ੍ਹੋ- ਨਿਹੰਗ ਬਾਣੇ 'ਚ ਆਏ ਨੌਜਵਾਨ ਘਰ ਦੇ ਬਾਹਰੋਂ ਕਰ ਗਏ ਵੱਡਾ ਕਾਂਡ, ਜਦ ਵੇਖਿਆ CCTV ਤਾਂ ਉੱਡੇ ਪਰਿਵਾਰ ਦੇ ਹੋਸ਼

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਬਲਾਕ ਕਾਂਗਰਸ ਪ੍ਰਧਾਨ ਵੀ ਕਾਂਗਰਸ ਪਰਿਵਾਰ ਦਾ ਹਿੱਸਾ ਹਨ। ਇਨ੍ਹਾਂ ਨੂੰ ਉਚਿਤ ਮਾਣ-ਸਨਮਾਨ ਦੇਣ ਦੀ ਲੋੜ ਹੈ ਕਿਉਂਕਿ ਅਸਲ ’ਚ ਇਨ੍ਹਾਂ ਨੇ ਹੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਕਈ ਆਗੂ ਪਾਰਟੀ ਨੂੰ ਅਲਵਿਦਾ ਕਹਿ ਕੇ ਚਲੇ ਗਏ ਸੀ। ਹੁਣ ਪਾਰਟੀ ਨੇ ਕਿਉਂਕਿ ਸੂਬੇ ’ਚ 7 ਸੀਟਾਂ ਜਿੱਤੀਆਂ ਹਨ ਤਾਂ ਉਸ ਨੂੰ ਵੇਖਦੇ ਹੋਏ ਪੁਰਾਣੇ ਆਗੂ ਘਰ ਵਾਪਸੀ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੋ ਸੰਕਟ ’ਚ ਵੀ ਸਾਡੇ ਨਾਲ ਨਹੀਂ ਚੱਲੇ, ਉਨ੍ਹਾਂ ਨੂੰ ਮੁੜ ਪਾਰਟੀ ’ਚ ਲਿਆਉਣ ਦਾ ਕੀ ਫਾਇਦਾ।

ਉਨ੍ਹਾਂ ਕਿਹਾ ਕਿ ਬਿਹਤਰ ਹੋਵੇਗਾ ਕਿ ਅਸੀਂ ਆਪਣੇ ਪਰਿਵਾਰ ਨੂੰ ਮਜ਼ਬੂਤੀ ਦੇਈਏ। ਇਸ ਨਾਲ ਪਾਰਟੀ ਖ਼ੁਦ ਹੀ ਮਜ਼ਬੂਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਹਰੇਕ ਪਲੇਟਫਾਰਮ ’ਤੇ ਉਹ ਆਪਣੇ ਵਿਚਾਰ ਸਾਹਮਣੇ ਰੱਖਣਗੇ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਉਹ ਆਪਣੇ ਵਿਚਾਰਾਂ ਬਾਰੇ ਹਾਈਕਮਾਨ ਨੂੰ ਵੀ ਜਾਣੂੰ ਕਰਵਾ ਦੇਣਗੇ। ਡੇਰਾ ਬਾਬਾ ਨਾਨਕ ਸੀਟ ਤੋਂ ਜ਼ਿਮਨੀ ਚੋਣ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਇਹ ਜ਼ਿਮਨੀ ਚੋਣ ਜਿੱਤੇਗੀ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਪੰਜਾਬ ਦੀ ਜਨਤਾ ਨੇ ਅਸਲ ’ਚ ਕਾਂਗਰਸ ’ਤੇ ਭਰੋਸਾ ਪ੍ਰਗਟ ਕੀਤਾ।

ਇਹ ਵੀ ਪੜ੍ਹੋ- ਸਤਲੁਜ ਦਰਿਆ 'ਚ ਡੁੱਬਿਆ ਮਾਪਿਆਂ ਦਾ 21 ਸਾਲਾ ਪੁੱਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News