ਚੰਡੀਗੜ੍ਹ ''ਚ ਵੋਟਾਂ ਪੈਣ ਦਾ ਕੰਮ ਸ਼ੁਰੂ, ਪੋਲਿੰਗ ਬੂਥਾਂ ''ਤੇ ਲੰਬੀਆਂ ਲਾਈਨਾਂ ''ਚ ਲੱਗੇ ਲੋਕ

06/01/2024 7:28:06 AM

ਚੰਡੀਗੜ੍ਹ : ਪੰਜਾਬ ਸਮੇਤ ਚੰਡੀਗੜ੍ਹ 'ਚ ਸਵੇਰੇ 7 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸਵੇਰੇ ਹੀ ਪੋਲਿੰਗ ਬੂਥਾਂ 'ਤੇ ਵੋਟ ਪਾਉਣ ਆਏ ਲੋਕਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ। ਚੰਡੀਗੜ੍ਹ ਦੇ 6,59 ਹਜ਼ਾਰ 804 ਰਜਿਸਟਰਡ ਵੋਟਰ ਅੱਜ ਆਪਣੇ ਵੋਟ ਦੀ ਵਰਤੋਂ ਕਰਨਗੇ। ਇਨ੍ਹਾਂ ਵਿੱਚੋਂ 3,41,544 ਪੁਰਸ਼ ਵੋਟਰ ਅਤੇ 3,18,226 ਮਹਿਲਾ ਵੋਟਰਾਂ ਤੋਂ ਇਲਾਵਾ 35 ਟਰਾਂਸ ਜੈਂਡਰ ਵੋਟਰ ਸ਼ਾਮਲ ਹਨ। 

ਇਹ ਵੀ ਪੜ੍ਹੋ : ਪੋਲਿੰਗ ਬੂਥ 'ਤੇ ਲੱਗੀ ਲਾਈਨ ਦਾ ਵੋਟਰਾਂ ਨੂੰ ਘਰ ਬੈਠਿਆਂ ਹੀ ਲੱਗੇਗਾ ਪਤਾ, ਪੜ੍ਹੋ ਪੂਰੀ ਖ਼ਬਰ
ਇਹ ਉਮੀਦਵਾਰ ਹਨ ਚੋਣ ਮੈਦਾਨ 'ਚ
ਚੰਡੀਗੜ੍ਹ 'ਚ ਇੰਡੀਆ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ, ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਵਿਚਕਾਰ ਸਖ਼ਤ ਮੁਕਾਬਲਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਸਪਾ ਦੀ ਉਮੀਦਵਾਰ ਡਾ. ਰਿਤੂ ਸਿੰਘ ਵੀ ਇਸ ਚੋਣ 'ਚ ਵੱਡੀ ਭੂਮਿਕਾ ਨਿਭਾਅ ਸਕਦੇ ਹਨ। ਚੰਡੀਗੜ੍ਹ ਲੋਕ ਸਭਾ ਹਲਕੇ ਲਈ 614 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਸਾਰੇ 614 ਪੋਲਿੰਗ ਸਟੇਸ਼ਨ 'ਤੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇਗੀ। ਇਨ੍ਹਾਂ ਪੋਲਿੰਗ ਸਟੇਸ਼ਨਾ 'ਚ ਚੰਡੀਗੜ੍ਹ ਦੇ 6 ਲੱਖ 59 ਹਜ਼ਾਰ 804 ਵੋਟਰ ਆਪਣੇ ਮਤਦਾਨ ਦੀ ਵਰਤੋਂ ਕਰਨਗੇ। ਜੇਕਰ ਚੰਡੀਗੜ੍ਹ ਦੇ ਸਾਲ 2019 ਦੇ ਚੋਣ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਉਦੋਂ ਚੰਡੀਗੜ੍ਹ ਦੇ 597 ਪੋਲਿੰਗ ਬੂਥ ਸਨ, ਤੇ ਇਸ ਵਾਰ ਪੋਲਿੰਗ ਬੂਥਾਂ ਦੀ ਗਿਣਤੀ 614 ਹੈ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਨੇ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੂੰ ਹਰਾਇਆ ਸੀ। ਚੰਡੀਗੜ੍ਹ ਵਿੱਚ ਸਾਲ 2019 ਦੀਆਂ ਚੋਣਾਂ ਦੌਰਾਨ ਕੁੱਲ ਚਾਰ ਲੱਖ 56 ਹਜ਼ਾਰ ਦੋ ਸੌ ਸੱਤ ਵੋਟਾਂ ਪਈਆਂ ਸਨ। ਇਨ੍ਹਾਂ ਵਿੱਚੋਂ ਕਿਰਨ ਖੇਰ ਨੂੰ 2,30,967 ਵੋਟਾਂ ਮਿਲੀਆਂ ਸਨ। ਜਦੋਂ ਕਿ ਪਵਨ ਕੁਮਾਰ ਬਾਂਸਲ ਨੂੰ 1,84,117 ਵੋਟਾਂ ਮਿਲੀਆਂ ਸਨ। ਕਿਰਨ ਖੇਰ ਨੇ ਪਵਨ ਕੁਮਾਰ ਬਾਂਸਲ ਨੂੰ 46,850 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਚੰਡੀਗੜ ਵਿੱਚ 2019 ਦੀ ਵੋਟਿੰਗ ਫ਼ੀਸਦ 50.62 ਫ਼ੀਸਦ ਰਹੀ ਸੀ। 

ਇਹ ਵੀ ਪੜ੍ਹੋ : ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਲਈ ਆਏ ਬਾਹਰਲੇ ਵਿਅਕਤੀਆਂ ਨੂੰ ਜ਼ਿਲ੍ਹਾ ਛੱਡਣ ਦੇ ਹੁਕਮ ਜਾਰੀ
ਵੋਟਰਾਂ ਲਈ ਪੋਲਿੰਗ ਸਟੇਸ਼ਨਾਂ ਤੇ ਖ਼ਾਸ ਪ੍ਰਬੰਧ 
ਚੋਣਾਂ ਦੌਰਾਨ ਸ਼ਹਿਰ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਵਾਟਰ ਕੂਲਰ, ਵੇਟਿੰਗ ਰੂਮ, ਰੈਸਟ ਰੂਮ, ਛਾਂ ਅਤੇ ਐੱ. ਐੱਸ. ਐੱਸ. ਵਲੰਟੀਅਰਾਂ ਬਜ਼ੁਰਗ ਵੋਟਰਾਂ ਦੀ ਸਹਾਇਤਾ ਲਈ ਪੋਲਿੰਗ ਸਟੇਸ਼ਨ ਤੇ ਤਾਇਨਾਤ ਰਹਿਣਗੇ। ਇਸ ਤੋ ਇਲਾਵਾ ਹੀਟ ਵੇਵ ਨਾਲ ਨਜਿੱਠਣ ਲਈ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਵੋਟਿੰਗ ਦਾ ਸੁਖਾਲਾ ਅਨੁਭਵ ਯਕੀਨੀ ਬਣਾਇਆ ਜਾ ਸਕੇ। ਬਜ਼ੁਰਗ ਨਾਗਰਿਕਾਂ ਅਤੇ ਅਪਾਹਜ ਵਿਅਕਤੀਆਂ ਲਈ ਬਿਨਾਂ ਦੇਰੀ ਦੇ ਆਪਣੀ ਵੋਟ ਪਾਉਣ ਲਈ ਵਿਸ਼ੇਸ਼ ਕਤਾਰ ਬਣਾਈ ਜਾਵੇਗੀ। ਪੀ. ਡਬਲਯੂ. ਡੀ. ਵੋਟਰਾਂ ਲਈ ਸੁਵਿਧਾਵਾਂ, ਰੈਂਪ ਦਾ ਪ੍ਰਬੰਧ, ਵ੍ਹੀਲਚੇਅਰਾਂ ਦੀ ਉਪਲੱਬਧਤਾ, ਪੋਲਿੰਗ ਸਟੇਸ਼ਨਾਂ ਵਿੱਚ ਪਹਿਲ ਦੇ ਆਧਾਰ ਤੇ ਦਾਖ਼ਲਾ, ਪੀ. ਡਬਲਯੂ. ਡੀ. ਵੋਟਰਾਂ ਨੂੰ ਪਿਕ ਐਂਡ ਡਰਾਪ ਦੀਆਂ ਸਹੂਲਤਾਂ ਉਪਲੱਬਧ ਹੋਣਗੀਆਂ।
ਪੋਲਿੰਗ ਸਟੇਸ਼ਨ ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ 
ਪੁਲਸ ਵੱਲੋਂ ਪੋਲਿੰਗ ਸਟੇਸ਼ਨਾ ਅਤੇ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਐੱਸ. ਐੱਸ. ਪੀ. ਚੰਡੀਗੜ੍ਹ ਕੰਵਰਦੀਪ ਕੌਰ ਨੇ ਦੱਸਿਆ ਕਿ ਸ਼ਹਿਰ ਵਿੱਚ 38 ਅੰਤਰਰਾਜੀ ਸਰਹੱਦਾਂ ’ਤੇ ਨਾਕੇ ਲਗਾਏ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ ਅਤੇ ਸ਼ਹਿਰ ਦੀ ਸੁਰੱਖਿਆ ਲਈ 16 ਡੀ. ਐੱਸ. ਪੀ., 16 ਐੱਸ. ਐੱਚ. ਓ., 29 ਇੰਸਪੈਕਟਰ ਅਤੇ 4000 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋ ਇਲਾਵਾ ਸੁਰੱਖਿਆ ਲਈ 56 ਰਿਜ਼ਰਵ ਅਤੇ 32 ਗਸ਼ਤ ਟੁਕੜੀਆਂ ਤਾਇਨਾਤ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8 

 


Babita

Content Editor

Related News