ਚੰਡੀਗੜ੍ਹ ’ਚ ਓਮੀਕ੍ਰੋਨ ਨੇ ਦਿੱਤੀ ਦਸਤਕ, 20 ਸਾਲਾਂ ਨੌਜਵਾਨ ਨਿਕਲਿਆ ਪਾਜ਼ੇਟਿਵ
Sunday, Dec 12, 2021 - 03:45 PM (IST)
ਚੰਡੀਗੜ੍ਹ (ਬਿਊਰੋ) – ਕੋਰੋਨਾ ਦੇ ਨਵੇਂ ਵੇਰੀਐਂਟ ਦਾ ਸੰਕ੍ਰਮਣ ਹੌਲੀ-ਹੌਲੀ ਸਾਰੇ ਦੇਸ਼ਾਂ ’ਚ ਫੈਲ ਰਿਹਾ ਹੈ। ਭਾਰਤ ’ਚ ਵੀ 1 ਦਸੰਬਰ ਨੂੰ ਓਮੀਕ੍ਰੋਨ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਹੁਣ ਪੰਜਾਬ ਦੇ ਚੰਡੀਗੜ੍ਹ ਸ਼ਹਿਰ ’ਚ ਵੀ ਓਮੀਕ੍ਰੋਨ ਦਾ ਪਹਿਲਾ ਮਰੀਜ਼ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ 20 ਸਾਲਾ ਇਹ ਮਰੀਜ਼ 22 ਨਵੰਬਰ ਨੂੰ ਇਟਲੀ ਤੋਂ ਭਾਰਤ ਆਇਆ ਸੀ ਅਤੇ ਨਿਯਮਾਂ ਅਨੁਸਾਰ ਉਸ ਨੂੰ ਇਕਾਂਤਵਾਸ ਰੱਖਿਆ ਗਿਆ ਸੀ ਅਤੇ ਉਸਦਾ ਕੋਰੋਨਾ ਟੈਸਟ ਕੀਤਾ ਗਿਆ ਸੀ। ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਉਸ ਦੀ ਰਿਪੋਰਟ ਨੂੰ ਅੱਗੇ ਸੀਕੁਐਂਸਿੰਗ ਲਈ ਭੇਜਿਆ ਗਿਆ ਸੀ, ਜਿੱਥੇ ਉਸ ’ਚ ਓਮੀਕਰੋਨ ਸੰਕ੍ਰਮਣ ਦੀ ਪੁਸ਼ਟੀ ਹੋਈ ਹੈ।
ਇੱਥੇ ਇਹ ਦੱਸਣਯੋਗ ਹੈ ਕਿ 2 ਦਸੰਬਰ ਨੂੰ ਇਟਲੀ ਤੋਂ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ 39 ਸਾਲਾ ਔਰਤ ਅਤੇ ਉਸਦਾ 10 ਸਾਲਾ ਪੁੱਤਰ ’ਚ ਵੀ ਕੋਰੋਨਾ ਦੇ ਸੰਕ੍ਰਮਣ ਸਾਹਮਣਾ ਆਇਆ ਸੀ। ਸਿਹਤ ਵਿਭਾਗ ਵਲੋਂ ਉਨ੍ਹਾਂ ਦੋਵਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਸੀ। ਉਸ ਔਰਤ ਦਾ ਕਹਿਣਾ ਸੀ ਕਿ ਭਾਰਤ ਆਉਣ ਤੋਂ ਪਹਿਲਾ ਮਿਲਾਨ ਸ਼ਹਿਰ ’ਚ ਉਸ ਦਾ ਕੋਵਿਡ ਟੈਸਟ ਹੋਇਆ ਸੀ ਜਿਸ ਦੀ ਰਿਪੋਰਟ ਨੈਗਟਿਵ ਆਈ ਸੀ ਫਿਰ ਕੁਝ ਘੰਟਿਆਂ ’ਚ ਰਿਪੋਰਟ ਪਾਜ਼ੇਟਿਵ ਕਿਵੇਂ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮਹਾਰਾਸ਼ਟਰ ’ਚ ਓਮੀਕਰੋਨ ਦੇ 7 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 3 ਮੁੰਬਈ ਅਤੇ 4 ਪਿੰਪਰੀ ਚਿੰਚਵਡ ਮਹਾਨਗਰਪਾਲਿਕਾ ’ਚ ਮਿਲੇ ਹਨ। ਭਾਰਤ ਦੀ ਗੱਲ ਕਰੀਏ ਤਾਂ 33 ਮਾਮਲੇ ਨਵੇਂ ਵੈਰੀਐਂਟ ਦੇ ਮਿਲ ਚੁਕੇ ਹਨ। ਸਭ ਤੋਂ ਵੱਧ ਮਹਾਰਾਸ਼ਟਰ ’ਚ 17, ਰਾਜਸਥਾਨ ’ਚ 9, ਗੁਜਰਾਤ ’ਚ 3, ਦਿੱਲੀ ’ਚ 2 ਅਤੇ ਕਰਨਾਟਕ ’ਚ 2 ਮਾਮਲੇ ਮਿਲੇ ਹਨ। ਰਾਹਤ ਦੀ ਗੱਲ ਇਹ ਹੈ ਕਿ ਰਾਜਸਥਾਨ ’ਚ ਸਾਰੇ 9 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਚੁਕੀ ਹੈ।
ਇਹ ਵੀ ਪੜੋ : ਸਕੂਲ ਬੱਸ ਘੇਰਕੇ ਚਾਲਕ ’ਤੇ ਕੀਤਾ ਕਾਤਲਾਨਾ ਹਮਲਾ, ਗੰਭੀਰ ਜ਼ਖ਼ਮੀ 3 ਨਾਮਜ਼ਦ ਦੋਸ਼ੀਆਂ ਸਣੇ 7 ‘ਤੇ ਮਾਮਲਾ ਦਰਜ