ਚੰਡੀਗੜ੍ਹ ''ਚ ਹਾਕੀ ਖਿਡਾਰਣ ਦਾ ਬੇਰਹਿਮੀ ਨਾਲ ਕਤਲ, ਭੂਆ ਦੇ ਮੁੰਡੇ ਨੇ ਮਾਰੇ ਚਾਕੂ
Friday, Mar 06, 2026 - 10:58 AM (IST)
ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-38 ’ਚ ਜਾਇਦਾਦੀ ਝਗੜੇ ਨੇ ਖ਼ੂਨੀ ਰੂਪ ਧਾਰ ਲਿਆ, ਜਿੱਥੇ ਰਾਜ ਪੱਧਰੀ ਮਹਿਲਾ ਹਾਕੀ ਖਿਡਾਰਣ ਤਾਨੀਆ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ। ਪੁਲਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਤਾਨੀਆ ਦੇ ਪਿਤਾ ਰਵੀ ਨੇ ਪੁਲਸ ਨੂੰ ਦੱਸਿਆ ਕਿ ਉਹ ਸੈਕਟਰ-38 ’ਚ ਪਰਿਵਾਰ ਸਮੇਤ ਰਹਿੰਦਾ ਹੈ ਅਤੇ ਆਟੋ ਚਲਾਉਂਦਾ ਹੈ। ਘਰ ਦੀ ਪਹਿਲੀ ਮੰਜ਼ਿਲ ’ਤੇ ਉਸ ਦੀ ਭੈਣ ਆਪਣੇ ਬੱਚਿਆਂ ਨਾਲ ਰਹਿੰਦੀ ਹੈ। ਦੋਵੇਂ ਪਰਿਵਾਰਾਂ ’ਚ ਘਰ ਦੀ ਮਲਕੀਅਤ ਨੂੰ ਲੈ ਕੇ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਇਸ ਗੱਲ ਨੂੰ ਲੈ ਕੇ ਅਕਸਰ ਝਗੜੇ ਵੀ ਹੁੰਦੇ ਰਹਿੰਦੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਲਈ ਚਿੰਤਾ ਭਰੀ ਖ਼ਬਰ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਸਖ਼ਤ ਹੁਕਮ
ਰਵੀ ਮੁਤਾਬਕ ਭੈਣ ਦਾ ਪੁੱਤਰ ਕ੍ਰਿਸ਼ਨ ਘਰ ਦੇ ਕਬਜ਼ੇ ਨੂੰ ਲੈ ਕੇ ਅਕਸਰ ਝਗੜਾ ਕਰਦਾ ਸੀ। ਵੀਰਵਾਰ ਦੁਪਹਿਰ ਵੀ ਇਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਰਵੀ ਜਦੋਂ ਮਾਮਲਾ ਸੁਲਝਾਉਣ ਲਈ ਪਹਿਲੀ ਮੰਜ਼ਿਲ ’ਤੇ ਗਿਆ ਤਾਂ ਕੁੱਝ ਸਮੇਂ ਬਾਅਦ ਵਾਪਸ ਹੇਠਾਂ ਆਉਣ ਲੱਗਾ। ਇਸ ਦੌਰਾਨ ਉਸ ਦੀ ਧੀ ਤਾਨੀਆ ਉੱਪਰ ਆ ਰਹੀ ਸੀ। ਦੋਸ਼ ਹੈ ਕਿ ਕ੍ਰਿਸ਼ਨ, ਗੰਗਨ, ਅਨੀਕੇਤ, ਨਵੀਨ ਤੇ ਟੀਨਾ ਨੇ ਮਿਲ ਕੇ ਤਾਨੀਆ ’ਤੇ ਹਮਲਾ ਕਰ ਦਿੱਤਾ। ਝਗੜੇ ਦੌਰਾਨ ਕ੍ਰਿਸ਼ਨ ਨੇ ਤਾਨੀਆ ਦੀ ਕਮਰ ਕੋਲ ਚਾਕੂ ਨਾਲ ਵਾਰ ਕਰ ਦਿੱਤਾ। ਗੰਭੀਰ ਜ਼ਖਮੀ ਤਾਨੀਆ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਸੂਚਨਾ ਮਿਲਣ ’ਤੇ ਸੈਕਟਰ-39 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਤੇ ਫਾਰੈਂਸਿਕ ਮੋਬਾਇਲ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ। ਪੁਲਸ ਨੇ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ ਪਾਵਰਕਾਮ ਦਾ ਵੱਡਾ ਝਟਕਾ, ਹੁਣ ਨਵੇਂ ਬਿਜਲੀ ਮੀਟਰ...
ਰਾਜ ਪੱਧਰੀ ਹਾਕੀ ਖਿਡਾਰਣ ਸੀ ਤਾਨੀਆ
ਰਵੀ ਨੇ ਦੱਸਿਆ ਕਿ ਉਸ ਦੇ ਪੰਜ ਬੱਚੇ ਹਨ ਅਤੇ ਤਾਨੀਆ ਗ੍ਰੈਜੂਏਟ ਹੋਣ ਦੇ ਨਾਲ ਰਾਜ ਪੱਧਰੀ ਹਾਕੀ ਖਿਡਾਰਣ ਸੀ। ਉਹ ਜਲਦ ਹੀ ਰਾਜ ਪੱਧਰੀ ਮੁਕਾਬਲੇ ’ਚ ਹਿੱਸਾ ਲੈਣ ਲਈ ਜਾਣ ਵਾਲੀ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਦਰਦਨਾਕ ਘਟਨਾ ਵਾਪਰ ਗਈ, ਜਿਸ ਨਾਲ ਪਰਿਵਾਰ ’ਚ ਸੋਗ ਦੀ ਲਹਿਰ ਦੌੜ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
