NRHM ਮੁਲਾਜ਼ਮ ਯੂਨੀਅਨ ਵਲੋਂ ਕੇਂਦਰੀ ਉਦਯੋਗ ਮੰਤਰੀ ਸੋਮਪ੍ਰਕਾਸ਼ ਨੂੰ ਮੰਗ ਪੱਤਰ
Monday, May 03, 2021 - 01:59 PM (IST)
ਹੁਸ਼ਿਆਰਪੁਰ- ਐੱਨ.ਆਰ.ਐੱਚ.ਐੱਮ ਮੁਲਾਜ਼ਮ ਯੂਨੀਅਨ, ਪੰਜਾਬ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਧਾਨ ਤਰਵਿੰਦਰ ਦੀ ਪ੍ਰਧਾਨਗੀ ਹੇਠ ਅੱਜ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰੀ ਉਦਯੋਗ ਅਤੇ ਵਣਜ ਰਾਜ ਮੰਤਰੀ ਸੋਮਪ੍ਰਕਾਸ਼ ਨੂੰ ਹੁਸ਼ਿਆਰਪੁਰ ਵਿਖੇ ਉਨ੍ਹਾਂ ਦੇ ਦਫਤਰ 'ਚ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ 'ਚ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਲੰਮੇ ਸਮੇਂ ਤੋਂ ਉਨ੍ਹਾਂ ਦੀ ਤਕਰੀਬਣ 10 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਪੰਜਾਬ ਸਰਕਾਰ ਨਾਲ ਲੜਾਈ ਚੱਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਬਰਾਬਰ ਕੰਮ, ਬਰਾਬਰ ਤਨਖਾਹ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਦਿਆਂ ਹੋਇਆਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਕੋਰੋਨਾ ਕਾਲ 'ਚ ਉਨ੍ਹਾਂ ਵੱਲੋਂ ਮੁਸ਼ਕਿਲ ਹਲਾਤਾਂ 'ਚ ਵੀ ਸੇਵਾ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਕਈ ਸਾਥੀ ਵੀ ਕੋਰੋਨਾ ਪਾਜ਼ੇਟਿਵ ਹੋਏ ਹਨ। ਹਰਿਆਣਾ ਆਦਿ ਗੁਆਂਢੀ ਸੂਬਿਆਂ 'ਚ ਉਨ੍ਹਾਂ ਦੇ ਨਾਲ ਭਰਤੀ ਹੋਏ ਮੁਲਾਜ਼ਮ ਪੱਕੇ ਹੋ ਗਏ ਹਨ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਆਪਣੇ ਨਾਲ ਹੋ ਰਹੇ ਭੇਦਭਾਵ ਨੂੰ ਪੰਜਾਬ ਸਰਕਾਰ ਨਾਲ ਗੱਲਬਾਤ ਕਰ ਦੂਰ ਕਰਨ ਦੀ ਮੰਗ ਕੀਤੀ ਹੈ।