ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚੋਂ ਮੋਬਾਇਲ ਫੋਨ ਤੇ ਨਸ਼ੀਲੇ ਪਦਾਰਥ ਬਰਾਮਦ
Thursday, Feb 26, 2026 - 03:02 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਜੇਲ੍ਹ ਅੰਦਰ ਚੌਕਸੀ ਨੂੰ ਵਧਾਉਂਦੇ ਹੋਏ ਕੀਤੀ ਗਈ ਤਲਾਸ਼ੀ ਮੁਹਿੰਮ ਅਤੇ ਬਾਹਰੋਂ ਸੁੱਟੇ ਗਏ ਸਾਮਾਨ (ਥਰੋ) ਦੌਰਾਨ ਵੱਡੀ ਮਾਤਰਾ 'ਚ ਮੋਬਾਇਲ ਫੋਨ ਅਤੇ ਹੋਰ ਨਸ਼ੀਲੀ ਸਮੱਗਰੀ ਬਰਾਮਦ ਕੀਤੀ ਗਈ ਹੈ। ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਥਾਣਾ ਸਿਟੀ ਫਿਰੋਜ਼ਪੁਰ ਦੇ ਜਾਂਚ ਅਧਿਕਾਰੀ ਐੱਸ. ਆਈ. ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਵੱਲੋਂ ਵੱਖ-ਵੱਖ ਪੱਤਰ ਨੰਬਰਾਂ ਰਾਹੀਂ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ।
ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ ਦੀ ਅਚਨਚੇਤ ਤਲਾਸ਼ੀ ਲਈ ਗਈ ਅਤੇ ਜੇਲ੍ਹ ਦੀਆਂ ਕੰਧਾਂ ਦੇ ਅੰਦਰ ਸੁੱਟੇ ਗਏ ਪੈਕਟਾਂ (ਥਰੋ) ਨੂੰ ਕਬਜ਼ੇ ਵਿਚ ਲਿਆ ਗਿਆ। ਇਸ ਸਰਚ ਆਪਰੇਸ਼ਨ ਦੌਰਾਨ ਪੁਲਸ ਅਤੇ ਜੇਲ੍ਹ ਸਟਾਫ਼ ਨੂੰ 6 ਮੋਬਾਇਲ ਫੋਨ, 6 ਪੈਕਟ ਬੀੜੀਆਂ, 99 ਪੂੜੀਆਂ ਤੰਬਾਕੂ, 210 ਗ੍ਰਾਮ ਖੁੱਲਾ ਜਰਦਾ ਬਰਾਮਦ ਹੋਇਆ ਹੈ। ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਹ ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਜੇਲ੍ਹ ਦੇ ਅੰਦਰ ਕਿਸ ਕੈਦੀ ਤੱਕ ਪਹੁੰਚਾਏ ਜਾਣੇ ਸਨ।
