ਪੰਜਾਬ ਪੁਲਸ ਨੂੰ ਚੁਣੌਤੀ! ਡਿਊਟੀ ''ਤੇ ਗਏ ਮੁਲਾਜ਼ਮ ਦੇ ਕੁਆਰਟਰ ''ਚ ਚੋਰੀ

Monday, Feb 16, 2026 - 12:43 PM (IST)

ਪੰਜਾਬ ਪੁਲਸ ਨੂੰ ਚੁਣੌਤੀ! ਡਿਊਟੀ ''ਤੇ ਗਏ ਮੁਲਾਜ਼ਮ ਦੇ ਕੁਆਰਟਰ ''ਚ ਚੋਰੀ

ਲੁਧਿਆਣਾ (ਰਾਜ): ਸ਼ਹਿਰ ਵਿਚ ਚੋਰਾਂ ਦਾ ਦਹਿਸ਼ਤ ਇਸ ਕਦਰ ਵੱਧ ਗਈ ਹੈ ਕਿ ਹੁਣ ਕਾਨੂੰਨ ਦੇ ਰਾਖੇ ਵੀ ਸੁਰੱਖਿਅਤ ਨਹੀਂ ਰਹੇ। ਬੇਖੌਫ਼ ਚੋਰਾਂ ਨੇ ਹੁਣ ਪੁਲਸ ਦੇ ਘਰ ਵਿਚ ਹੀ ਸੰਨ੍ਹ ਲਗਾ ਕੇ ਪੁਲਸ ਪ੍ਰਸ਼ਾਸਨ ਨੂੰ ਖੁੱਲ੍ਹੀ ਚੁਣੌਤੀ ਦੇ ਦਿੱਤੀ ਹੈ। ਤਾਜ਼ਾ ਮਾਮਲੇ ਵਿਚ ਇਕ ਪੁਲਸ ਮੁਲਾਜ਼ਮ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਚੋਰਾਂ ਨੇ ਦਿਨ-ਦਿਹਾੜੇ ਤਾਲੇ ਤੋੜ ਕੇ ਅਲਮਾਰੀ ਵਿਚ ਰੱਖੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ਾਂ 'ਤੇ ਹੱਥ ਸਾਫ਼ ਕਰ ਦਿੱਤਾ। ਪੁਲਸ ਹੁਣ ਆਪਣੇ ਹੀ ਵਿਭਾਗ ਦੇ ਸਾਥੀ ਦੇ ਘਰ ਹੋਈ ਚੋਰੀ ਦੇ ਮਾਮਲੇ ਵਿਚ ਸੀ.ਸੀ.ਟੀ.ਵੀ. ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਭਾਲ ਵਿਚ ਜੁੱਟ ਗਈ ਅਤੇ ਇਕ ਹਫ਼ਤੇ ਬਾਅਦ ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਪੁਲਸ ਮੁਲਾਜ਼ਮ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ 13 ਫਰਵਰੀ ਨੂੰ ਸਵੇਰੇ ਆਪਣੀ ਡਿਊਟੀ 'ਤੇ ਤਾਇਨਾਤ ਹੋਣ ਲਈ ਗਿਆ ਸੀ। ਉਸ ਨੂੰ ਕੀ ਪਤਾ ਸੀ ਕਿ ਮਹਿਜ਼ ਕੁਝ ਹੀ ਮਿੰਟਾਂ ਵਿਚ ਉਸ ਦੇ ਪਿੱਛੋਂ ਵੱਡੀ ਵਾਰਦਾਤ ਹੋ ਜਾਵੇਗੀ। ਦੁਪਹਿਰ ਕਰੀਬ 12:15 ਵਜੇ ਜਦੋਂ ਉਹ ਆਪਣੇ ਕੁਆਰਟਰ ਵਾਪਸ ਪਰਤਿਆ ਤਾਂ ਘਰ ਦਾ ਟੁੱਟਿਆ ਹੋਇਆ ਤਾਲਾ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਖੁੱਲ੍ਹੀ ਪਈ ਸੀ ਅਤੇ ਉਸ ਵਿਚ ਰੱਖਿਆ ਬੈਗ ਗਾਇਬ ਸੀ। ਪੀੜਤ ਅਨੁਸਾਰ ਬੈਗ ਵਿਚ 15 ਹਜ਼ਾਰ ਰੁਪਏ ਦੀ ਨਕਦੀ, ਆਧਾਰ ਕਾਰਡ ਅਤੇ ਹੋਰ ਕਈ ਮਹੱਤਵਪੂਰਨ ਸਰਕਾਰੀ ਤੇ ਨਿੱਜੀ ਦਸਤਾਵੇਜ਼ ਸਨ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਚੋਰੀ ਕਿਸੇ ਅਣਪਛਾਤੇ ਵਿਅਕਤੀ ਨੇ ਨਹੀਂ ਬਲਕਿ ਮੁਲਾਜ਼ਮ ਦੇ ਜਾਣਕਾਰ ਨੇ ਹੀ ਆਪਣੇ ਸਾਥੀ ਨਾਲ ਮਿਲ ਕੇ ਕੀਤੀ। ਵਾਰਦਾਤ ਤੋਂ ਬਾਅਦ ਜਦੋਂ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਸਾਰਾ ਸੱਚ ਸ਼ੀਸ਼ੇ ਵਾਂਗ ਸਾਫ਼ ਹੋ ਗਿਆ। ਫੁਟੇਜ ਵਿਚ ਸਾਫ਼ ਤੌਰ 'ਤੇ ਦੇਖਿਆ ਗਿਆ ਕਿ ਅਸ਼ਵਨੀ ਕੁਮਾਰ ਨੇ ਆਪਣੇ ਦੋਸਤ ਅਨੰਤਵੀਰ ਸਿੰਘ ਨਾਲ ਮਿਲ ਕੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਨਾਮਜ਼ਦ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


author

Anmol Tagra

Content Editor

Related News