ਬੱਸਾਂ ''ਚ ਸਫ਼ਰ ਕਰਨ ਵਾਲਿਆਂ ਨੂੰ ਵੱਡੀ ਰਾਹਤ, ਪ੍ਰਧਾਨ ਮੰਤਰੀ ਮੋਦੀ ਅੱਜ ਦੇਣਗੇ ਚੰਡੀਗੜ੍ਹੀਆਂ ਨੂੰ ਤੋਹਫ਼ਾ
Saturday, Feb 14, 2026 - 10:09 AM (IST)
ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ 'ਚ ਜਨਤਕ ਆਵਾਜਾਈ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸ਼ਨੀਵਾਰ ਤੋਂ 25 ਨਵੀਆਂ ਇਲੈਕਟ੍ਰਿਕ ਬੱਸਾਂ ਸ਼ੁਰੂ ਹੋਣ ਜਾ ਰਹੀਆਂ ਹਨ। ਇਨ੍ਹਾਂ ਬੱਸਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਹਾਟੀ ਤੋਂ ਵਰਚੁਅਲੀ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। 'ਪੀ. ਐੱਮ. ਈ-ਬੱਸ ਸੇਵਾ ਯੋਜਨਾ' ਦੇ ਤਹਿਤ ਚੰਡੀਗੜ੍ਹ ਨੂੰ ਇਹ ਬੱਸਾਂ ਮਿਲੀਆਂ ਹਨ, ਜਿਸ ਨਾਲ ਸ਼ਹਿਰ 'ਚ ਪ੍ਰਦੂਸ਼ਣ ਰਹਿਤ ਸਫ਼ਰ ਦੀ ਸਹੂਲਤ ਹੋਰ ਵਧੇਗੀ। ਪ੍ਰਸ਼ਾਸਨ ਦਾ ਮੁੱਖ ਟੀਚਾ ਪ੍ਰਮੁੱਖ ਰੂਟਾਂ 'ਤੇ ਹਰ 10 ਮਿੰਟ 'ਚ ਬੱਸ ਉਪਲੱਬਧ ਕਰਵਾਉਣਾ ਹੈ। ਮੌਜੂਦਾ ਸਮੇਂ ਕਈ ਰੂਟਾਂ 'ਤੇ ਬੱਸਾਂ ਦੇ ਆਉਣ 'ਚ 5 ਤੋਂ 30 ਮਿੰਟ ਦਾ ਅੰਤਰ ਹੈ, ਜਿਸ ਨੂੰ ਘਟਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਲਈ ਕੁੱਲ 100 ਇਲੈਕਟ੍ਰਿਕ ਬੱਸਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 25 ਬੱਸਾਂ ਦੀ ਖ਼ੇਪ ਪਹੁੰਚ ਚੁੱਕੀ ਹੈ, ਜਦੋਂ ਕਿ ਫਰਵਰੀ ਦੇ ਅਖ਼ੀਰ ਤੱਕ 25 ਹੋਰ ਅਤੇ ਮਾਰਚ-ਅਪ੍ਰੈਲ ਤੱਕ ਬਾਕੀ 50 ਬੱਸਾਂ ਮਿਲਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਨਵੰਬਰ 2025 'ਚ 15 ਸਾਲ ਪੁਰਾਣੀਆਂ 85 ਡੀਜ਼ਲ ਬੱਸਾਂ ਨੂੰ ਸੜਕਾਂ ਤੋਂ ਹਟਾ ਦਿੱਤਾ ਗਿਆ ਸੀ, ਜਿਸ ਕਾਰਨ ਪੈਦਾ ਹੋਈ ਘਾਟ ਨੂੰ ਇਹ ਨਵੀਆਂ ਈ-ਬੱਸਾਂ ਪੂਰਾ ਕਰਨਗੀਆਂ। ਨਵੀਆਂ ਬੱਸਾਂ ਮੁੱਖ ਤੌਰ 'ਤੇ ਲੋਕਲ ਰੂਟਾਂ 'ਤੇ ਚੱਲਣਗੀਆਂ, ਜਿਸ ਨਾਲ ਟ੍ਰਾਈਸਿਟੀ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅਨੁਸਾਰ ਮੈਟਰੋ ਪ੍ਰਾਜੈਕਟ 'ਤੇ ਅੰਤਿਮ ਫ਼ੈਸਲਾ ਹੋਣ ਤੱਕ ਟ੍ਰੈਫਿਕ ਜਾਮ ਦੇ ਹੱਲ ਲਈ ਬੱਸ ਸੇਵਾ ਨੂੰ ਮਜ਼ਬੂਤ ਕਰਨਾ ਸਭ ਤੋਂ ਵਿਹਾਰਕ ਵਿਕਲਪ ਹੈ। ਇਹ ਨਵੀਆਂ ਬੱਸਾਂ ਹਾਈਟੈੱਕ ਸਹੂਲਤਾਂ ਅਤੇ ਦਿਵਿਆਂਗਾਂ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਅਸਲਾ ਧਾਰਕਾਂ ਲਈ ਵੱਡੀ ਖ਼ਬਰ, ਰੱਦ ਕੀਤੇ ਲਾਇਸੈਂਸ, ਹਥਿਆਰ ਰੱਖਣ ਦੇ ਸ਼ੌਕੀਨਾਂ 'ਚ ਮਚੀ ਤੜਥੱਲੀ
15 ਮੀਟਰ ਲੰਬੀਆਂ ਇਹ ਏ. ਸੀ. ਬੱਸਾਂ ਇੱਕ ਵਾਰ ਫੁੱਲ ਚਾਰਜ ਹੋਣ 'ਤੇ 224 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੀਆਂ ਹਨ। ਬੱਸ 'ਚ 36 ਸਵਾਰੀਆਂ ਦੇ ਬੈਠਣ ਅਤੇ 20 ਦੇ ਖੜ੍ਹੇ ਹੋਣ ਦੀ ਸਮਰੱਥਾ ਹੈ। ਯਾਤਰੀਆਂ ਦੀ ਸਹੂਲਤ ਲਈ ਸਟਾਪ ਲਈ ਪੁਸ਼ ਬਟਨ ਅਤੇ ਡਿਜੀਟਲ ਡਿਸਪਲੇਅ ਬੋਰਡ ਲਗਾਏ ਗਏ ਹਨ। ਦਿਵਿਆਂਗ ਯਾਤਰੀਆਂ ਲਈ ਬੱਸ 'ਚ ਆਟੋਮੈਟਿਕ ਰੈਂਪ ਦੀ ਸਹੂਲਤ ਦਿੱਤੀ ਗਈ ਹੈ ਅਤੇ ਲੋ-ਫਲੋਰ ਡਿਜ਼ਾਈਨ ਕਾਰਨ ਇਸ ਦੇ ਫਰਸ਼ ਦੀ ਉਚਾਈ ਮਹਿਜ਼ 400 ਮਿਲੀਮੀਟਰ ਰੱਖੀ ਗਈ ਹੈ ਤਾਂ ਜੋ ਚੜ੍ਹਨ-ਉਤਰਨ 'ਚ ਕੋਈ ਦਿੱਕਤ ਨਾ ਆਵੇ। ਸ਼ਹਿਰ 'ਚ ਪਹਿਲਾਂ ਹੀ 80 ਦੇ ਕਰੀਬ ਈ-ਬੱਸਾਂ ਸਫ਼ਲਤਾ ਪੂਰਵਕ ਚੱਲ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
