ਗੁਰਦਾਸਪੁਰ ਉਪ ਚੋਣ ਲਈ ਕਾਂਗਰਸ ਨੂੰ ਨਹੀਂ ਮਿਲ ਰਿਹਾ ਕੋਈ ਉਮੀਦਵਾਰ : ਤੀਕਸ਼ਣ ਸੂਦ

Monday, Sep 04, 2017 - 07:55 AM (IST)

ਮੋਗਾ  (ਪਵਨ ਗਰੋਵਰ/ਗੋਪੀ ਰਾਊਕੇ) - ਗੁਰਦਾਸਪੁਰ ਹਲਕੇ ਦੀ ਉਪ ਚੋਣ ਲਈ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਅਕਾਲੀ-ਭਾਜਪਾ ਉਮੀਦਵਾਰ ਦੇ ਮੁਕਾਬਲੇ ਕੋਈ ਵੀ ਉਮੀਦਵਾਰ ਨਹੀਂ ਮਿਲ ਰਿਹਾ ਕਿਉਂਕਿ ਪੰਜਾਬ ਦੀ ਜਨਤਾ ਵੱਲੋਂ ਸਰਕਾਰ ਨੂੰ 4 ਮਹੀਨਿਆਂ ਦੇ ਬਹੁਤ ਛੋਟੇ ਕਾਰਜਕਾਲ ਦੌਰਾਨ ਹੀ ਨਾਕਾਰ ਦੇਣ ਕਾਰਨ ਕਾਂਗਰਸ ਪਾਰਟੀ ਨੂੰ ਆਪਣੀ ਹਾਰ ਸਪੱਸ਼ਟ ਦਿਖਾਈ ਦੇ ਰਹੀ ਹੈ ਅਤੇ ਇਸੇ ਕਰ ਕੇ ਕੋਈ ਵੀ ਨੇਤਾ ਪਾਰਟੀ ਦਾ ਉਮੀਦਵਾਰ ਬਣਨ ਲਈ ਤਿਆਰ ਨਹੀਂ ਹੈ। ਇਹ ਪ੍ਰਗਟਾਵਾ ਨਗਰ ਨਿਗਮ ਮੋਗਾ ਦੇ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਦੇ ਨਿਵਾਸ ਸਥਾਨ 'ਤੇ ਅੱਜ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਤੀਕਸ਼ਣ ਸੂਦ ਨੇ ਕੀਤਾ।
ਇਸ ਸਮੇਂ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਮੰਡਲ ਪ੍ਰਧਾਨ ਕੁਲਵੰਤ ਰਾਜਪੂਤ, ਮੰਡਲ ਪ੍ਰਧਾਨ ਮਨੀਸ਼ ਮੈਨਰਾਏ, ਭਾਜਪਾ ਦੇ ਜ਼ਿਲਾ ਪ੍ਰਧਾਨ ਬੋਹੜ ਸਿੰਘ, ਸਾਹਿਲ ਬਾਂਸਲ, ਨਗਰ ਕੌਂਸਲ ਜੈਤੋ ਦੇ ਉਪ ਪ੍ਰਧਾਨ ਪ੍ਰਦੀਪ ਸਿੰਗਲਾ, ਰਾਮ ਦੇਵ ਯਾਦਵ ਹੁਸ਼ਿਆਰਪੁਰ, ਸੰਦੀਪ ਗਰਗ ਹਾਜ਼ਰ ਸਨ। ਤੀਕਸ਼ਣ ਸੂਦ ਨੇ ਕਿਹਾ ਕਿ ਪਹਿਲਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਫਿਰ ਮਹਾਰਾਣੀ ਪਰਨੀਤ ਕੌਰ ਦਾ ਨਾਂ ਵੀ ਉਪ ਚੋਣ 'ਚ ਉਮੀਦਵਾਰ ਲਈ ਸਾਹਮਣੇ ਆਇਆ ਸੀ ਪਰ ਹੁਣ ਦੋਵਾਂ ਨੇ ਹੀ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨੂੰ ਗ੍ਰਿਫਤਾਰ ਕਰਨ ਜਾਂਦੀ ਤਾਂ ਉੱਥੇ ਬਹੁਤ ਜ਼ਿਆਦਾ ਖੂਨ-ਖਰਾਬਾ ਹੋ ਸਕਦਾ ਸੀ। ਇਸ ਲਈ ਜੋ ਕਾਰਵਾਈ ਕੀਤੀ ਗਈ ਹੈ, ਉਸ ਤੋਂ ਕੇਂਦਰ ਸਰਕਾਰ ਅਤੇ ਭਾਜਪਾ ਸੰਤੁਸ਼ਟ ਹੈ।
ਤੀਕਸ਼ਣ ਸੂਦ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਅਤੇ ਰੇਤਾ-ਬਜਰੀ ਦੇ ਗੁੰਮਰਾਹ ਪੂਰਨ ਬਿਆਨ ਦੇ ਕੇ ਸੱਤਾ 'ਚ ਆਈ ਸੀ ਪਰ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਦੇ ਮੰਤਰੀਆਂ ਨੇ ਰੇਤਾ-ਬਜਰੀ 'ਤੇ ਕਬਜ਼ਾ ਕਰ ਕੇ ਇਨ੍ਹਾਂ ਦੇ ਭਾਅ ਅਕਾਲੀ ਸਰਕਾਰ ਤੋਂ 2-3 ਗੁਣਾ ਵਧਾ ਦਿੱਤੇ, ਜਿਸ ਨਾਲ ਪੰਜਾਬ ਦੇ ਲੋਕ ਜੋ ਕਾਂਗਰਸ ਸਰਕਾਰ ਤੋਂ ਉਮੀਦਾਂ ਲਾਈ ਬੈਠੇ ਸਨ, ਉਹ ਹੁਣ ਖਤਮ ਹੋ ਗਈਆਂ। ਅੱਜ ਜੋ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਉਹ ਵਾਅਦਾ ਵੀ ਖਤਮ ਹੋ ਗਿਆ ਹੈ, ਜਿਸ ਕਾਰਨ ਅੱਜ ਪੰਜਾਬ ਦੇ ਕਿਸਾਨ ਆਤਮ-ਹੱਤਿਆਵਾਂ ਕਰਨ ਲਈ ਮਜਬੂਰ ਹੋ ਰਹੇ ਹਨ।  ਉਨ੍ਹਾਂ ਕਿਹਾ ਕਿ ਜਿੰਨੀਆਂ ਆਤਮ-ਹੱਤਿਆਵਾਂ ਕਿਸਾਨਾਂ ਦੀਆਂ ਕਾਂਗਰਸ ਦੀ 4-5 ਮਹੀਨਿਆਂ 'ਚ ਸਰਕਾਰ ਦੇ ਹੁੰਦੇ ਸਮੇਂ ਹੋਈਆਂ ਹਨ, ਉਨੀਆਂ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਨਹੀਂ ਹੋਈਆਂ। ਜੋ ਸਿੱਖਿਆ ਸੰਸਥਾਵਾਂ 'ਚ ਵਿਦਿਆਰਥੀਆਂ ਨੂੰ ਨੌਕਰੀਆਂ ਦੇਣ ਲਈ ਜਾਬ ਫੇਅਰ ਲਾਏ ਜਾਂਦੇ ਸਨ, ਉਹ ਜਾਬ ਫੇਅਰ ਅੱਜ ਕਾਂਗਰਸ ਸਰਕਾਰ ਲਾ ਕੇ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਨੌਕਰੀਆਂ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਕੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀ ਹੈ।


Related News