ਕਾਂਗਰਸ ਨੂੰ ਕਰਨਾ ਚਾਹੀਦੈ ਰਾਹੁਲ ਗਾਂਧੀ ਦਾ ਵਿਰੋਧ : ਰਵਨੀਤ ਬਿੱਟੂ
Monday, Sep 23, 2024 - 04:15 PM (IST)
ਜੈਪੁਰ (ਭਾਸ਼ਾ)- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਦਾ ਇਕ ਤਰ੍ਹਾਂ ਨਾਲ ਬਚਾਅ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਪਾਰਟੀ ਨੇ ਵਿਰੋਧ ਕਰਨਾ ਹੈ ਤਾਂ ਰਾਹੁਲ ਗਾਂਧੀ ਦਾ ਕਰੇ। ਉੱਥੇ ਹੀ ਕਾਂਗਰਸ ਵਰਕਰਾਂ ਨੇ ਬਿੱਟੂ ਖ਼ਿਲਾਫ਼ ਸੀ.ਬੀ.ਆਈ. ਫਾਟਕ ਖੇਤਰ 'ਚ ਵਿਰੋਧ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਉਨ੍ਹਾਂ ਨੂੰ ਬੱਸਾਂ 'ਚ ਬਿਠਾ ਕੇ ਲੈ ਗਈ। ਇੱਥੇ ਇਕ ਖੇਡ ਪ੍ਰੋਗਰਾਮ 'ਚ ਹਿੱਸਾ ਲੈਣ ਪਹੁੰਚੇ ਬਿੱਟੂ ਤੋਂ ਹਵਾਈ ਅੱਡੇ 'ਤੇ ਮੀਡੀਆ ਨੇ ਜਦੋਂ ਰਾਹੁਲ ਗਾਂਧੀ ਖ਼ਿਲਾਫ਼ ਉਨ੍ਹਾਂ ਦੇ ਬਿਆਨ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ,''ਇਸ 'ਚ ਕਾਂਗਰਸ ਜਾਂ ਭਾਜਪਾ ਦੀ ਗੱਲ ਨਹੀਂ ਹੈ। ਗੱਲ ਪੰਜਾਬ ਅਤੇ ਸਿੱਖਾਂ ਦੀ ਹੈ।'' ਉਨ੍ਹਾਂ ਕਿਹਾ,''ਰਾਹੁਲ ਗਾਂਧੀ ਤਾਂ ਖ਼ੁਦ ਕਿੰਨੀ ਵਾਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਜਾਂਦੇ ਹਨ... ਕੌਣ ਰੋਕਦਾ ਹੈ? ਇਸ ਲਈ ਇਹ ਪਾਰਟੀ ਦੀ ਗੱਲ ਨਹੀਂ ਹੈ, ਪਾਰਟੀ ਤੋਂ ਉੱਪਰ ਦੀ ਗੱਲ ਹੈ।''
ਬਿੱਟੂ ਨੇ ਕਿਹਾ,''ਤੁਸੀਂ ਕੋਈ ਵੀ ਇਕ ਆਦਮੀ ਦੱਸੋ... ਕਿਸ ਨੇ ਸਾਨੂੰ ਕੜਾ ਪਹਿਨਣ ਤੋਂ ਰੋਕਿਆ ਹੈ? ਕਿਸ ਨੇ ਸਾਨੂੰ ਦਸਤਾਰ ਬੰਨ੍ਹਣ ਤੋਂ ਰੋਕਿਆ ਹੈ? ਕਿਸ ਨੇ ਸਾਨੂੰ ਗੁਰਦੁਆਰਾ ਜਾਣ ਤੋਂ ਰੋਕਿਆ ਹੈ? ਇਸ ਲਈ ਜੇਕਰ ਕਾਂਗਰਸ ਨੇ ਵਿਰੋਧ ਕਰਨਾ ਹੈ ਤਾਂ ਰਾਹੁਲ ਗਾਂਧੀ ਦਾ ਕਰੇ।'' ਹਾਲਾਂਕਿ ਮੰਤਰੀ ਨੇ ਇਸ ਸਵਾਲ 'ਤੇ ਕੁਝ ਨਹੀਂ ਕਿਹਾ ਕਿ ਉਹ ਰਾਹੁਲ ਗਾਂਧੀ ਖ਼ਿਲਾਫ਼ ਆਪਣੇ ਬਿਆਨ 'ਤੇ ਕਾਇਮ ਹਨ ਜਾਂ ਨਹੀਂ। ਰੇਲ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਬਿੱਟੂ ਜਗਤਪੁਰਾ ਸ਼ੂਟਿੰਗ ਰੇਂਜ 'ਚ 57ਵੀਂ ਅੰਤਰ ਰੇਲਵੇ ਨਿਸ਼ਾਨੇਬਾਜ਼ੀ ਮੁਕਾਬਲੇ ਦਾ ਉਦਘਾਟਨ ਕਰਨ ਆਏ ਸਨ। ਕਾਂਗਰਸ ਦੇ ਕੁਝ ਵਰਕਰ ਬਿੱਟੂ ਦਾ ਵਿਰੋਧ ਕਰਨ ਸੀ.ਬੀ.ਆਈ. ਫਾਟਕ ਖੇਤਰ ਪਹੁੰਚੇ ਪਰ ਪੁਲਸ ਉਨ੍ਹਾਂ ਨੂੰ ਉੱਥੋਂ ਬੱਸਾਂ 'ਚ ਬਿਠਾ ਕੇ ਲੈ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8