ਆਮ ਆਦਮੀ ਕਲੀਨਿਕ 'ਚ ਲੋਕਾਂ ਨੂੰ ਮਿਲ ਰਹੀ ਹਰ ਤਰ੍ਹਾਂ ਦੀ ਸਹੂਲਤ

Sunday, Sep 22, 2024 - 01:50 PM (IST)

ਆਮ ਆਦਮੀ ਕਲੀਨਿਕ 'ਚ ਲੋਕਾਂ ਨੂੰ ਮਿਲ ਰਹੀ ਹਰ ਤਰ੍ਹਾਂ ਦੀ ਸਹੂਲਤ

ਜਲੰਧਰ (ਵੈੱਬ ਡੈਸਕ)-  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸਬੰਧੀ ਸਹੂਲਤ ਲਈ 842 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾ ਚੁੱਕੇ ਹਨ। ਦੱਸ ਦੇਈਏ ਕਿ ਸੂਬੇ 'ਚ ਕੁੱਲ੍ਹ 842 ਆਮ ਆਦਮੀ ਕਲੀਨਿਕਾਂ 'ਚੋਂ 312 ਸ਼ਹਿਰੀ ਖੇਤਰਾਂ 'ਚ ਅਤੇ 530 ਦਿਹਾਤੀ ਖੇਤਰਾਂ 'ਚ ਕਾਰਜਸ਼ੀਲ ਹਨ। ਸਿਹਤ ਕ੍ਰਾਂਤੀ ਦੇ ਵੱਧਦੇ ਕਦਮਾਂ ਦੇ ਚੱਲਦੇ ਪੰਜਾਬ ਦੇ ਕਰੋੜਾਂ ਲੋਕ ਹੁਣ ਤਕ ਇਨ੍ਹਾਂ ਮੁਹੱਲਾ ਕਲੀਨਿਕਾਂ ਵਿਚ ਇਲਾਜ ਕਰਵਾ ਚੁੱਕੇ ਹਨ। ਇਨ੍ਹਾਂ ਕਲੀਨਿਕਾਂ 'ਚ ਮੁਫ਼ਤ ਇਲਾਜ ਤੋਂ ਇਲਾਵਾ ਮੁਫ਼ਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਰ ਕਲੀਨਿਕ ਆਈ. ਟੀ. ਬੁਨਿਆਦੀ ਢਾਂਚੇ ਨਾਲ ਲੈਸ ਹੈ। ਮੁਹੱਲਾ ਕਲੀਨਿਕਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਘਰ ਨੇੜੇ ਸਿਹਤ ਸਹੂਲਤਾਂ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਮੁੱਖ ਉਦੇਸ਼ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨਾ ਹੈ। 

ਆਮ ਆਦਮੀ ਕਲੀਨਿਕ ਵਿਚ ਫਾਰਮਾਸਿਸਟ ਦੇ ਤੌਰ 'ਤੇ ਨੌਕਰੀ ਕਰ ਰਹੇ ਮਨਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਸ਼ੁਰੂ ਕਰਨ ਦਾ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਵਿਚ 80 ਫ਼ੀਸਦੀ ਦਵਾਈਆਂ ਮਿਲ ਜਾਂਦੀਆਂ ਹਨ। ਪ੍ਰੋਟੋਕਾਲ ਮੁਤਾਬਕ ਪਹਿਲਾਂ ਮਰੀਜ਼ ਰਜਿਸਟਰੇਸ਼ਨ ਕਰਵਾਉਂਦੇ ਹਨ ਅਤੇ ਫਿਰ ਡਾਕਟਰ ਕੋਲ ਚੈੱਕਅਪ ਕਰਵਾਉਂਦੇ ਹਨ। ਇਸ ਦੇ ਬਾਅਦ ਡਾਕਟਰ ਉਨ੍ਹਾਂ ਨੂੰ ਦਵਾਈਆਂ ਲਿਖ ਦਿੰਦੇ ਹਨ ਅਤੇ ਬਾਅਦ ਵਿਚ ਮਰੀਜ਼ ਆਮ ਆਦਮੀ ਕਲੀਨਿਕ ਤੋਂ ਦਵਾਈਆਂ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ, ਜਿਸ ਕਰਕੇ ਆਮ ਲੋਕਾਂ ਨੂੰ ਰਾਹਤ ਮਿਲੀ ਹੈ। ਆਮ ਆਦਮੀ ਕਲੀਨਿਕਾਂ ਵਿਚ ਸਰਕਾਰ ਵੱਲੋਂ ਮੁਫ਼ਤ ਵਿਚ ਟੈਸਟ ਕੀਤੇ ਜਾਂਦੇ ਹਨ।

PunjabKesari

ਉਥੇ ਹੀ ਰਣਜੀਤ ਕੌਰ ਕਲੀਨਿਕ ਅਸਿਸਟੈਂਟ ਸੋਨਾ ਕਾਸਟਿੰਗ ਨੇ ਕਿਹਾ ਕਿ ਉਹ ਪਿਛਲੇ ਦੋ ਸਾਲ ਤੋਂ ਆਮ ਆਦਮੀ ਕਲੀਨਿਕ ਵਿਚ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਖੋਲ੍ਹਣ ਵਾਲਾ ਆਮ ਲੋਕਾਂ ਲਈ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ। ਕਲੀਨਿਕਾਂ ਵਿਚ ਵੱਖ-ਵੱਖ ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਹਨ। ਮਰੀਜ਼ਾਂ ਨੂੰ ਵਧੀਆ ਚੇਅਰਸ ਉਪਲੱਬਧ ਕਰਵਾਉਣ ਦੇ ਨਾਲ-ਨਾਲ ਏ. ਸੀ., ਆਰ. ਓ. ਸਮੇਤ ਹੋਰ ਕਈ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਪੰਜਾਬ ਸਰਕਾਰ ਨੇ ਰੁਜ਼ਗਾਰ ਦਿੱਤਾ ਹੈ। 

PunjabKesari

ਸਰਕਾਰੀ ਹਸਪਤਾਲਾਂ 'ਤੇ ਘਟਿਆ ਬੋਝ 
ਜ਼ਿਕਰਯੋਗ ਹੈ ਕਿ ਸੂਬੇ 'ਚ ਆਮ ਆਦਮੀ ਕਲੀਨਿਕ ਸ਼ੁਰੂ ਹੋਣ ਤੋਂ ਬਾਅਦ ਸਿਵਲ ਹਸਪਤਾਲਾਂ 'ਤੇ ਵੀ ਬੋਝ ਘੱਟ ਹੋਇਆ ਹੈ। ਇਹ ਕਲੀਨਿਕ ਵਿਸ਼ੇਸ਼ ਤੌਰ 'ਤੇ ਓ. ਪੀ. ਡੀ. ਸੇਵਾਵਾਂ ਦੀ ਲੋੜ ਵਾਲੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਏ ਹਨ, ਜੋ ਹੁਣ ਤੱਕ ਲੰਬੀ ਲਾਈਨ ਵਿਚ ਖੜ੍ਹੇ ਹੋਣ ਦੇ ਡਰ ਕਾਰਨ ਸਰਕਾਰੀ ਸਿਹਤ ਸੇਵਾਵਾਂ ਦਾ ਲਾਭ ਨਹੀਂ ਲੈ ਰਹੇ ਸਨ। ਉਨ੍ਹਾਂ ਲੋਕਾਂ ਦਾ ਭਰੋਸਾ ਨਿੱਜੀ ਹਸਪਤਾਲਾਂ ਦੀ ਬਜਾਏ ਆਮ ਆਦਮੀ ਕਲੀਨਿਕਾਂ 'ਤੇ ਵੱਧ ਰਿਹਾ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਸਧਾਰਨ ਬੀਮਾਰੀਆਂ ਲਈ ਇਥੇ ਹਰ ਤਰ੍ਹਾਂ ਦੀਆਂ ਦਵਾਈਆਂ ਮਿਲ ਜਾਂਦੀਆਂ ਹਨ ਅਤੇ ਕਲੀਨਿਕਾਂ 'ਚ ਡਾਕਟਰ ਵੀ ਬਹੁਤ ਵਧੀਆ ਹਨ। ਆਮ ਲੋਕਾਂ ਨੂੰ ਮਾਨ ਸਰਕਾਰ ਨੇ ਮੁਹੱਲਾ ਕਲੀਨਿਕਾਂ ਦੇ ਰੂਪ ਵਿਚ ਵੱਡੀ ਸਹੂਲਤ ਦਿੱਤੀ ਹੈ ਕਿਉਂਕਿ ਗਰੀਬ ਲੋਕ ਮਹਿੰਗੇ ਹਸਪਤਾਲਾਂ 'ਚ ਆਪਣਾ ਇਲਾਜ ਨਹੀਂ ਕਰਵਾ ਸਕਦੇ। ਇਨ੍ਹਾਂ ਕਲੀਨਿਕਾਂ 'ਚ ਸਰਦੀ, ਜ਼ੁਕਾਮ, ਬੁਖਾਰ, ਬੀ. ਪੀ., ਸ਼ੂਗਰ, ਸਕਿੱਨ ਨਾਲ ਸਬੰਧਤ ਅਤੇ ਹੋਰ ਬੀਮਾਰੀਆਂ ਦੇ ਬਹੁਤ ਜ਼ਿਆਦਾ ਮਰੀਜ਼ ਆਉਂਦੇ ਹਨ। ਆਮ ਆਦਮੀ ਕਲੀਨਿਕਾਂ ਵਿਚ ਮਿਲ ਰਹੀਆਂ ਇਨ੍ਹਾਂ ਸਹੂਲਤਾਂ ਕਾਰਨ ਲੋਕਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ।


author

shivani attri

Content Editor

Related News