ਮੈਸੇਜ ਆਇਆ- ਮੋਦੀ ਜੀ ਖਾਤੇ ''ਚ 15-15 ਲੱਖ ਰੁਪਏ ਭੇਜ ਰਹੇ ਹਨ

08/02/2019 2:33:37 PM

ਨਵੀਂ ਦਿੱਲੀ (ਇੰਟ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 15-15 ਲੱਖ ਰੁਪਏ ਲੋਕਾਂ ਦੇ ਖਾਤਿਆਂ 'ਚ ਜਮ੍ਹਾ ਕਰਵਾਉਣ ਸਬੰਧੀ ਇਕ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਖਬਰ ਦੇ ਵਾਇਰਲ ਹੁੰਦਿਆਂ ਹੀ ਕੇਰਲ 'ਚ ਖਾਤੇ ਖੁਲ੍ਹਵਾਉਣ ਲਈ ਲੋਕਾਂ ਦੀਆਂ ਵੱਖ-ਵੱਖ ਬੈਂਕਾਂ ਅਤੇ ਡਾਕਘਰਾਂ ਦੇ ਬਾਹਰ ਕਤਾਰਾਂ ਲੱਗ ਗਈਆਂ। ਸੋਸ਼ਲ ਮੀਡੀਆ 'ਤੇ ਫੈਲਾਏ ਗਏ ਮੈਸੇਜ ਨੂੰ ਸੱਚ ਮੰਨ ਕੇ ਲੋਕ ਪੋਸਟਲ ਬੈਂਕ ਖਾਤਾ ਖੁਲ੍ਹਵਾਉਣ ਲਈ ਵੱਡੀ ਗਿਣਤੀ 'ਚ ਕਤਾਰਾਂ 'ਚ ਖੜ੍ਹੇ ਹੋ ਗਏ। ਲੋਕਾਂ ਨੇ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਵਲੋਂ ਖਾਤਿਆਂ 'ਚ 15-15 ਲੱਖ ਰੁਪਏ ਪਾਉਣ ਦੇ ਵਾਅਦੇ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਰਹੀ ਹੈ।

ਕੇਰਲ ਦੇ ਪ੍ਰਸਿੱਧ ਸੈਲਾਨੀ ਕੇਂਦਰ ਮੁਨਾਰ ਵਿਖੇ ਚਾਹ ਦੇ ਬਾਗਾਂ 'ਚ ਕੰਮ ਕਰਨ ਵਾਲੇ ਹਜ਼ਾਰਾਂ ਦਿਹਾੜੀਦਾਰ ਮਜ਼ਦੂਰ ਖਾਤਾ ਖੁਲ੍ਹਨਾਉਣ ਲਈ ਮੁਨਾਰ ਦੇ ਮੁੱਖ ਡਾਕਘਰ ਦੇ ਬਾਹਰ ਜਮ੍ਹਾ ਹੋ ਗਏ। ਵੱਡੀ ਗਿਣਤੀ 'ਚ ਲੋਕ ਆਪਣੇ ਕੰਮ ਧੰਦੇ ਛੱਡ ਕੇ ਉਥੇ ਪਹੁੰਚ ਗਏ। ਹਾਲਤ ਇਹ ਹੋ ਗਏ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਉਕਤ ਡਾਕਘਰ 'ਚ 1050 ਤੋਂ ਵਧ ਨਵੇਂ ਖਾਤੇ ਖੁਲ੍ਹ ਗਏ ਹਨ। ਇਸ ਤੋਂ ਪਹਿਲਾਂ ਦੇਵੀਕੁਲਮ ਦੇ ਆਰ. ਜੀ. ਓ. ਦਫਤਰ 'ਚ ਹੀ ਅਜਿਹੀ ਹੀ ਭੀੜ ਵੇਖੀ ਗਈ ਸੀ। ਉਦੋਂ ਸੋਸ਼ਲ ਮੀਡੀਆ ਦੇ ਮੈਸੇਜਾਂ 'ਚ ਇਹ ਦਾਅਵਾ ਕੀਤਾ ਗਿਆ ਸੀ ਕਿ ਸਰਕਾਰ ਬੇਘਰ ਲੋਕਾਂ ਨੂੰ ਜ਼ਮੀਨ ਜਾਂ ਮਕਾਨ ਦੇਣ ਬਾਰੇ ਯੋਜਨਾ ਬਣਾ ਰਹੀ ਹੈ। 


Anuradha

Content Editor

Related News