ਪਿੰਡ ਦੇ ਹੀ ਮੁੰਡੇ ਨਾਲ ਘਰੋਂ ਭੱਜ ਕੇ ਕਰਵਾਇਆ ਸੀ ਵਿਆਹ, ਇੰਝ ਹੋਵੇਗਾ ਅੰਤ ਸੋਚਿਆ ਨਹੀਂ ਸੀ
Thursday, Jul 13, 2023 - 04:53 AM (IST)

ਫਰੀਦਕੋਟ (ਜਗਤਾਰ ਦੁਸਾਂਝ) : ਪਿੰਡ ਔਲਖ 'ਚ ਉਸ ਮੌਕੇ ਦਹਿਸ਼ਤ ਫੈਲ ਗਈ, ਜਦੋਂ ਘਰ ਆਏ ਇਕ ਲੜਕੇ ਨੂੰ ਬੰਨ੍ਹ ਕੇ ਉਸ ਦੀ ਸ਼ਰੇਆਮ ਕੁੱਟਮਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪਿੰਡ ਔਲਖ ਦੇ ਗੁਰਇਕਬਾਲ ਸਿੰਘ ਨਾਂ ਦੇ 28 ਸਾਲਾ ਲੜਕੇ ਦਾ ਆਪਣੇ ਹੀ ਪਿੰਡ ਦੀ ਕੁੜੀ ਨਾਲ ਪਿਆਰ ਪੈ ਗਿਆ, ਜਿਨ੍ਹਾਂ ਨੇ ਕਰੀਬ 4 ਮਹੀਨੇ ਪਹਿਲਾਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ। ਥੋੜ੍ਹੇ ਦਿਨਾਂ ਬਾਅਦ ਉਹ ਵਾਪਸ ਪਿੰਡ ਆ ਗਏ ਸਨ ਪਰ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਇਸ ਲਈ ਉਹ ਲੜਕੀ ਨੂੰ ਵਾਪਸ ਆਪਣੇ ਘਰ ਲੈ ਗਏ ਪਰ ਬਾਅਦ ਵਿੱਚ ਵੀ ਲੜਕਾ ਲੜਕੀ ਨੂੰ ਮਿਲਣ ਜਾਂਦਾ ਰਿਹਾ। ਚਸ਼ਮਦੀਦਾਂ ਮੁਤਾਬਕ ਕੱਲ੍ਹ ਰਾਤ ਵੀ ਮੁੰਡਾ ਕੁੜੀ ਨੂੰ ਮਿਲਣ ਉਸ ਦੇ ਘਰ ਗਿਆ ਪਰ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਰੱਸੀ ਨਾਲ ਬੰਨ੍ਹ ਲਿਆ ਤੇ ਇੰਨੀ ਜ਼ਿਆਦਾ ਕੁੱਟਮਾਰ ਕੀਤੀ ਕਿ ਉਸ ਦੀ ਉਥੇ ਹੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਨਸ਼ੇੜੀ ਪਤੀ ਨੇ ਘਰ ਨੂੰ ਲਗਾਈ ਅੱਗ, ਸਾਰਾ ਸਾਮਾਨ ਸੜ ਕੇ ਹੋਇਆ ਸੁਆਹ
ਇਸ ਮੌਕੇ ਮਹਿਲਾ ਮੈਂਬਰ ਪੰਚਾਇਤ ਨੇ ਦੱਸਿਆ ਕਿ ਰਾਤ ਉਸ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਸੂਚਨਾ ਦਿੱਤੀ ਕਿ ਲੜਕਾ ਉਨ੍ਹਾਂ ਦੇ ਘਰ ਆ ਵੜਿਆ ਹੈ, ਜਿਸ ਨੂੰ ਉਨ੍ਹਾਂ ਨੇ ਬੰਨ੍ਹ ਲਿਆ ਤੇ ਕੁੱਟਮਾਰ ਵੀ ਕੀਤੀ ਹੈ, ਜਿਸ ਨੂੰ ਉਨ੍ਹਾਂ ਨੇ ਉਸ ਦੇ ਘਰ ਛੱਡ ਆਉਣ ਲਈ ਕਿਹਾ ਪਰ ਕਰੀਬ 4 ਵਜੇ ਦੁਬਾਰਾ ਫੋਨ ਕਰਕੇ ਦੱਸਿਆ ਕਿ ਲੜਕੇ ਦੀ ਮੌਤ ਹੋ ਗਈ ਹੈ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੁੰਡੇ ਕੁੜੀ ਦੇ ਸਬੰਧਾਂ ਤੋਂ ਲੜਕੀ ਦਾ ਪਰਿਵਾਰ ਖੁਸ਼ ਨਹੀਂ ਸੀ, ਜਿਸ ਕਾਰਨ ਉਨ੍ਹਾਂ ਲੜਕੇ ਦੀ ਕੁੱਟਮਾਰ ਕੀਤੀ। ਉਨ੍ਹਾਂ ਇਲਜ਼ਾਮ ਲਾਏ ਕਿ ਲੜਕਾ ਰਾਤ ਨੂੰ ਕੰਧ ਟੱਪ ਕੇ ਉਨ੍ਹਾਂ ਦੇ ਘਰ ਵੜਿਆ ਸੀ।
ਇਹ ਵੀ ਪੜ੍ਹੋ : ਖੇਤਾਂ 'ਚ ਸੈਰ ਕਰਨ ਗਿਆ ਨੌਜਵਾਨ ਖੂਹ 'ਚ ਡਿੱਗਾ, ਮੀਂਹ ਕਾਰਨ ਵਾਪਰਿਆ ਹਾਦਸਾ
ਇਸ ਮੌਕੇ ਲੜਕੇ ਦੀ ਮਾਤਾ ਜੀਤ ਕੌਰ ਨੇ ਦੱਸਿਆ ਕਿ ਮੁੰਡੇ ਕੁੜੀ ਨੇ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਕਾਰਨ ਲੜਕੀ ਵਾਲੇ ਖੁਸ਼ ਨਹੀਂ ਸਨ ਅਤੇ ਕੱਲ੍ਹ ਰਾਤ ਉਹ ਲੜਕੀ ਕੋਲੋਂ ਆਪਣਾ ਮੋਬਾਇਲ ਲੈਣ ਗਿਆ ਸੀ ਪਰ ਲੜਕੀ ਵਾਲਿਆਂ ਨੇ ਉਸ ਨੂੰ ਉਥੇ ਹੀ ਜਾਨੋਂ ਮਾਰ ਦਿੱਤਾ। ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਡੀਐੱਸਪੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਮੁੰਡੇ ਕੁੜੀ ਨੇ ਪ੍ਰੇਮ ਵਿਆਹ ਕਰਵਾਇਆ ਸੀ, ਜੋ ਲੜਕੀ ਵਾਲਿਆਂ ਨੂੰ ਮਨਜ਼ੂਰ ਨਹੀਂ ਹੋਇਆ, ਜਿਸ ਕਰਕੇ ਹੋ ਸਕਦਾ ਹੈ ਕਿ ਰੰਜਿਸ਼ਨ ਲੜਕੇ ਦਾ ਕਤਲ ਕੀਤਾ ਹੋਵੇ, ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਦੋਵਾਂ ਧਿਰਾਂ ਦੇ ਬਿਆਨ ਲਿਖ ਲਏ ਗਏ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8