ਹੱਤਿਆਵਾਂ ਕਰਵਾਉਣ ਵਾਲਾ ਬੌਸ ਬਣਿਆ ਪੁਲਸ ਲਈ ਚੁਣੌਤੀ

11/11/2017 6:12:38 AM

ਲੁਧਿਆਣਾ(ਰਿਸ਼ੀ)-ਸਾਫਟਵੇਅਰ ਰਾਹੀਂ ਗੱਲ ਕਰ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਯਤਨ ਕਰਨ ਵਾਲੇ ਨੂੰ ਫੜਨਾ ਪੰਜਾਬ ਪੁਲਸ ਦੇ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਫੜੇ ਗਏ ਸਾਰੇ ਦੋਸ਼ੀਆਂ ਤੋਂ ਵੀ ਪੁਲਸ ਹੁਣ ਤੱਕ ਇਹੀ ਪਤਾ ਲਾ ਸਕੀ ਹੈ ਕਿ ਉਨ੍ਹਾਂ ਨੂੰ ਪੈਸੇ ਦੇਣ ਅਤੇ ਕਤਲ ਕਰਵਾਉਣ ਵਾਲਾ ਬੌਸ ਹੈ, ਉਹ ਕੌਣ ਹੈ ਅਤੇ ਕਿੱੱਥੇ ਰਹਿੰਦਾ ਹੈ, ਇਸ ਬਾਰੇ ਪੰਜਾਂ ਨੂੰ ਕੁਝ ਵੀ ਨਹੀਂ ਪਤਾ। ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਯਤਨ ਕਰਨ ਲਈ ਉਨ੍ਹਾਂ ਨੇ ਹਰ ਭਾਈਚਾਰੇ ਦੇ ਲੋਕਾਂ ਦਾ ਕਤਲ ਕੀਤਾ ਪਰ ਸਮਝਦਾਰੀ ਦਿਖਾਉਂਦੇ ਹੋਏ ਲੋਕਾਂ ਨੇ ਭੜਕਣ ਦੀ ਬਜਾਏ ਪੁਲਸ ਦਾ ਸਾਥ ਦਿੱਤਾ, ਜਿਸ ਕਾਰਨ ਲੱਖ ਯਤਨ ਕਰਨ ਦੇ ਬਾਵਜੂਦ ਉਹ ਪੰਜਾਬ ਵਿਚ ਦੰਗੇ ਨਹੀਂ ਕਰਵਾ ਸਕੇ, ਜੋ ਉਨ੍ਹਾਂ ਦਾ ਮਕਸਦ ਹੈ। ਇਸ ਗੱਲ ਦਾ ਖੁਲਾਸਾ ਫੜੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਹੋਇਆ ਹੈ।
ਚੌਸਰ ਦਾ ਗੱਠਜੋੜ ਬਣਿਆ ਵਜ੍ਹਾ
ਰਾਜ ਵਿਚ ਪੂਰੀ ਤਰ੍ਹਾਂ ਦਮ ਤੋੜ ਚੁੱਕੇ ਅੱਤਵਾਦ ਨੂੰ ਮੁੜ ਜਿਊਂਦਾ ਕਰਨ ਲਈ ਤੜਪ ਰਹੀ ਆਈ. ਐੱਸ. ਆਈ. ਵਿਦੇਸ਼ਾਂ ਵਿਚ ਜਾ ਕੇ ਲੁਕੇ ਹੋਏ ਅੱਤਵਾਦੀਆਂ, ਰਾਜ ਵਿਚ ਸੋਸ਼ਲ ਮੀਡੀਆ ਵਿਚ ਸਰਗਰਮ ਗਰਮ ਖਿਆਲੀ ਨੌਜਵਾਨਾਂ ਅਤੇ ਖਤਰਨਾਕ ਗੈਂਗਸਟਰਾਂ ਦੀ ਚੌਸਰ ਨੇ ਇਕ ਤੋਂ ਬਾਅਦ ਇਕ ਕਰ ਕੇ ਹਿੰਦੂ ਆਗੂਆਂ ਦੇ ਕਤਲਾਂ ਨੂੰ ਅੰਜਾਮ ਦਿੱਤਾ। ਇਸ ਗੱਠਜੋੜ ਦਾ ਕਾਫੀ ਸਮੇਂ ਬਾਅਦ ਬੇਨਕਾਬ ਹੋਣਾ ਕਾਂਗਰਸ ਸਰਕਾਰ ਅਤੇ ਪੰਜਾਬ ਪੁਲਸ ਲਈ ਤਾਂ ਵਰਦਾਨ ਸਾਬਤ ਹੋਇਆ ਹੀ ਬਲਕਿ ਪੰਜਾਬ ਦੀ ਜਨਤਾ ਦੇ ਲਈ ਸਕੂਨ ਵੀ।
ਸ਼ਿੰਗਾਰ ਬੰਬ ਕਾਂਡ ਤੋਂ ਬਾਅਦ ਹੁਣ ਸਰਗਰਮ ਹੋਇਆ ਸਲੀਪਰ ਸੈੱਲ
ਅੱਤਵਾਦ ਦੇ ਖਾਤਮੇ ਤੋਂ ਬਾਅਦ ਪੂਰੀ ਤਰ੍ਹਾਂ ਤਹਿਸ-ਨਹਿਸ ਹੋਇਆ ਅੱਤਵਾਦੀ ਨੈੱਟਵਰਕ ਮਹਾਨਗਰ ਦੇ ਸ਼ਿੰਗਾਰ ਸਿਨੇਮਾ ਵਿਚ ਹੋਏੇ ਬੰਬ ਕਾਂਡ ਵਿਚ ਸਰਗਰਮ ਹੋਇਆ ਸੀ, ਜਿਸ ਨੂੰ ਪੁਲਸ ਨੇ ਪੂਰੀ ਤਰ੍ਹਾਂ ਅਸਫਲ ਕਰ ਦਿੱਤਾ ਸੀ। ਲਗਭਗ ਇਕ ਦਹਾਕੇ ਬਾਅਦ ਸਾਲ 2016 ਦੇ ਜਨਵਰੀ ਮਹੀਨੇ ਵਿਚ ਮੁੜ ਸਰਗਰਮ ਹੋਏ ਸਲੀਪਰ ਸੈੱਲ ਦੇ ਕਾਰਨ ਵਿਦੇਸ਼ ਵਿਚ ਬੈਠੇ ਅੱਤਵਾਦੀ ਅਤੇ ਆਈ. ਐੱਸ. ਆਈ. ਨੇ ਦੋ ਸਾਲਾਂ ਦੇ ਅੰਦਰ ਹਿੰਦੂ ਆਗੂਆਂ ਦਾ ਕਤਲ ਕਰ ਕੇ ਸ਼ਾਂਤੀ ਵਿਚ ਜ਼ਹਿਰ ਘੋਲ ਦਿੱਤਾ ਸੀ।


Related News