ਹਰਿਆਣਾ ਪੁਲਸ ਦੇ SPO ਦੇ ਕਤਲ ਮਾਮਲੇ ’ਚ ਪੁਲਸ ਨੂੰ ਮਿਲੀ ਸਫ਼ਲਤਾ, ਔਰਤ ਨੂੰ ਵੇਚੇ ਫ਼ੋਨ ਨੇ ਫੜਵਾਏ ਕਾਤਲ

Monday, Apr 29, 2024 - 06:49 PM (IST)

ਹਰਿਆਣਾ ਪੁਲਸ ਦੇ SPO ਦੇ ਕਤਲ ਮਾਮਲੇ ’ਚ ਪੁਲਸ ਨੂੰ ਮਿਲੀ ਸਫ਼ਲਤਾ, ਔਰਤ ਨੂੰ ਵੇਚੇ ਫ਼ੋਨ ਨੇ ਫੜਵਾਏ ਕਾਤਲ

ਚੰਡੀਗੜ੍ਹ (ਨਵਿੰਦਰ/ਸੁਸ਼ੀਲ) : ਤਿੰਨ ਹਜ਼ਾਰ ਰੁਪਏ ਦੇ ਲਾਲਚ ’ਚ ਹਰਿਆਣਾ ਪੁਲਸ ਦੇ ਐੱਸ.ਪੀ.ਓ. ਅਜੀਤ ਸਿੰਘ ਦੇ ਕਾਤਲ ਚੰਡੀਗੜ੍ਹ ਪੁਲਸ ਦੇ ਹੱਥੇ ਚੜ੍ਹ ਗਏ। ਮੁਲਜ਼ਮ ਜਸਵਿੰਦਰ ਸਿੰਘ ਉਰਫ਼ ਜੱਸਾ ਵਾਸੀ ਵਿਕਾਸ ਨਗਰ ਪਟਿਆਲਾ ਅਤੇ ਰੋਹਨ ਸਿੰਘ ਵਾਸੀ ਪਿੰਡ ਲੱਗਾ ਨੇ ਮ੍ਰਿਤਕ ਦਾ ਮੋਬਾਈਲ ਫੋਨ ਤਿੰਨ ਹਜ਼ਾਰ ਰੁਪਏ ’ਚ ਔਰਤ ਨੂੰ ਵੇਚ ਦਿੱਤਾ ਸੀ। ਜਦੋਂ ਔਰਤ ਨੇ ਮੋਬਾਈਲ ’ਚ ਸਿਮ ਪਾਇਆ ਤਾਂ ਪੁਲਸ ਕੋਲ ਤੁਰੰਤ ਮੈਸੇਜ ਆ ਗਿਆ। ਮਲੋਆ ਥਾਣਾ ਪੁਲਸ ਮਹਿਲਾ ਕੋਲ ਪਹੁੰਚੀ ਅਤੇ ਉਸ ਤੋਂ ਪੁੱਛਗਿੱਛ ਕੀਤੀ। ਔਰਤ ਨੇ ਦੱਸਿਆ ਕਿ ਉਸ ਨੂੰ ਮੋਬਾਈਲ ਜਸਵਿੰਦਰ ਅਤੇ ਰੋਹਨ ਨੇ ਵੇਚਿਆ ਸੀ, ਜੋ ਕਿ ਵੇਟਰ ਦਾ ਕੰਮ ਕਰਦੇ ਹਨ। ਮਲੋਆ ਥਾਣਾ ਪੁਲਸ ਨੇ ਸ਼ਨੀਵਾਰ ਰਾਤ ਨੂੰ ਕਿਸਾਨ ਭਵਨ ਨੇੜੇ ਜਾਅਲੀ ਨੰਬਰ ਪਲੇਟ ਵਾਲੀ ਬਾਈਕ ’ਤੇ ਸਵਾਰ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਦੋਵੇਂ ਮੁਲਜ਼ਮ ਚਚੇਰੇ ਭਰਾ ਹਨ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਮ੍ਰਿਤਕ ਦੀ ਬਾਈਕ, ਪਰਸ, ਮੋਬਾਈਲ ਅਤੇ ਖ਼ੂਨ ਨਾਲ ਲੱਥਪੱਥ ਕੱਪੜੇ ਬਰਾਮਦ ਕਰ ਲਏ। ਮਲੋਆ ਥਾਣਾ ਪੁਲਸ ਨੇ ਰੋਹਨ ਅਤੇ ਜਸਵਿੰਦਰ ਨੂੰ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ। ਜਿੱਥੋਂ ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ। ਪੁਲਸ ਨੇ ਭਾਖੜਾ ’ਚੋਂ ਬਾਈਕ ਦੀ ਨੰਬਰ ਪਲੇਟ ਬਰਾਮਦ ਕਰਨੀ ਹੈ।

ਇਹ ਖ਼ਬਰ ਵੀ ਪੜ੍ਹੋ : ਚੋਣ ਕਮਿਸ਼ਨ ਨੇ ਖਿੱਚੀ ਤਿਆਰੀ, ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹੁਕਮ ਜਾਰੀ 

ਜੰਗਲ ’ਚ ਦੋਵਾਂ ਮੁਲਜ਼ਮਾਂ ਦੀ ਐੱਸ.ਪੀ.ਓ. ਨਾਲ ਹੋਈ ਸੀ ਬਹਿਸ
ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਦੱਸਿਆ ਕਿ ਹਰਿਆਣਾ ਪੁਲਸ ਦੇ ਐੱਸ.ਪੀ.ਓ. ਅਜੀਤ ਸਿੰਘ ਦੇ ਕਾਤਲਾਂ ਨੂੰ ਫੜਨ ਲਈ ਸਪੈਸ਼ਲ ਟੀਮਾਂ ਬਣਾਈਆਂ ਗਈਆਂ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਸੀ ਕਿ ਅਜੀਤ ਸਿੰਘ ਦੀ ਜੰਗਲ ’ਚ ਕਿਸੇ ਗੱਲ ਨੂੰ ਲੈ ਕੇ ਦੋਵਾਂ ਨੌਜਵਾਨਾਂ ਨਾਲ ਬਹਿਸ ਹੋ ਗਈ ਸੀ। ਅਜੀਤ ਨੇ ਜਸਵਿੰਦਰ ਨਾਲ ਗਾਲੀ-ਗਲੌਚ ਕੀਤੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਵੀ ਹੋਈ। ਇਸ ਦੌਰਾਨ ਰੋਹਨ ਨੇ ਇੱਟ ਚੁੱਕ ਕੇ ਅਜੀਤ ਦੇ ਸਿਰ ’ਤੇ ਮਾਰੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਜਸਵਿੰਦਰ ਅਤੇ ਰੋਹਨ ਨੇ ਪੱਥਰ ਚੁੱਕ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦਾ ਪਰਸ, ਬਾਈਕ ਅਤੇ ਮੋਬਾਈਲ ਲੁੱਟ ਕੇ ਫ਼ਰਾਰ ਹੋ ਗਏ। ਕਤਲ ਤੋਂ ਬਾਅਦ ਰੋਹਨ ਜਸਵਿੰਦਰ ਨੂੰ ਪਿੰਡ ਲੈ ਗਿਆ। ਉੱਥੇ ਦੋਹਾਂ ਨੇ ਖੂਨ ਨਾਲ ਭਰੇ ਕੱਪੜੇ ਬਦਲੇ। ਕਰੀਬ 20 ਮਿੰਟ ਰੁਕਣ ਤੋਂ ਬਾਅਦ ਦੋਵਾਂ ਨੇ ਬਾਈਕ ਦੀ ਅਸਲੀ ਨੰਬਰ ਪਲੇਟ ਉਤਾਰ ਕੇ ਜਾਅਲੀ ਨੰਬਰ ਪਲੇਟ ਲਗਾਈ ਅਤੇ ਆਨੰਦਪੁਰ ਸਾਹਿਬ ਪਹੁੰਚ ਗਏ। ਉੱਥੇ ਉਨ੍ਹਾਂ ਨੇ ਮ੍ਰਿਤਕ ਦਾ ਮੋਬਾਈਲ ਔਰਤ ਨੂੰ 3 ਹਜ਼ਾਰ ਰੁਪਏ ’ਚ ਵੇਚ ਦਿੱਤਾ। ਇਸ ਤੋਂ ਬਾਅਦ ਦੋਵੇਂ ਮੁਲਜ਼ਮ ਮੈਰਿਜ਼ ਪੈਲੇਸ ’ਚ ਮਿਲੇ ਕਮਰੇ ’ਚ ਦੋ ਦਿਨ ਤੱਕ ਰਹੇ। ਦੋਵੇਂ ਨੌਜਵਾਨ ਮੈਰਿਜ਼ ਪੈਲੇਸ ਤੋਂ ਬਾਹਰ ਨਹੀਂ ਨਿਕਲੇ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਦੋਂ ਪੁਲਸ ਆਨੰਦਪੁਰ ਸਾਹਿਬ ਪੁੱਜੀ ਤਾਂ ਦੋਵੇਂ ਨੌਜਵਾਨ ਪਾਰਟੀ ’ਚ ਵੇਟਰ ਦਾ ਕੰਮ ਕਰ ਰਹੇ ਸਨ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲਾਸ਼ ਦੇ ਕੋਲ ਬਰਾਮਦ ਹੋਇਆ ਚਾਕੂ ਮੁਲਜ਼ਮਾਂ ਨੇ ਆਨੰਦਪੁਰ ਸਾਹਿਬ ਤੋਂ ਖਰੀਦਿਆ ਸੀ।

ਮੋਬਾਈਲ ਦੇ ਆਈ.ਐੱਮ.ਈ.ਆਈ. ਨੰਬਰ ਤੋਂ ਮਿਲਿਆ ਸੁਰਾਗ
ਮ੍ਰਿਤਕ ਦਾ ਮੋਬਾਈਲ ਡਬਲ ਸਿਮ ਸੀ। ਪੁਲਸ ਨੇ ਮ੍ਰਿਤਕ ਦੇ ਮੋਬਾਈਲ ਦਾ ਆਈ.ਐੱਮ.ਈ.ਆਈ. ਨੰਬਰ ਟਰੇਸ ’ਤੇ ਲਾਇਆ ਸੀ ਪਰ ਉਸ ਤੋਂ ਪੁਲਸ ਨੂੰ ਕੋਈ ਸੁਰਾਗ ਨਹੀਂ ਮਿਲਿਆ। ਜਦੋਂ ਮਲੋਆ ਥਾਣਾ ਇੰਚਾਰਜ ਜਸਪਾਲ ਨੇ ਅਜੀਤ ਦੇ ਮੋਬਾਈਲ ਦਾ ਦੂਜਾ ਆਈ.ਈ.ਐੱਮ.ਆਈ. ਨੰਬਰ ਟਰੇਸ ’ਤੇ ਲਗਾਇਆ ਤਾਂ ਉਸ ’ਚ ਸਿਮ ਪਾਇਆ ਹੋਇਆ ਮਿਲਿਆ। ਸਿਮ ਸਿਰਫ਼ 5 ਮਿੰਟ ਲਈ ਪਾਇਆ ਗਿਆ ਸੀ। ਇਸ ਤੋਂ ਬਾਅਦ ਸਿਮ ਕੱਢ ਲਿਆ ਗਿਆ। ਪੁਲਸ ਸਿਮ ਕਾਰਡ ਨੰਬਰ ਅਤੇ ਪਤਾ ਲੈ ਕੇ ਆਨੰਦਪੁਰ ਸਾਹਿਬ ਔਰਤ ਦੇ ਘਰ ਪਹੁੰਚੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ ਵੋਟਰਾਂ ਲਈ ਵੱਡਾ ਐਲਾਨ, ਵੋਟਿੰਗ ਵਾਲੇ ਦਿਨ ਸਾਮਾਨ ਖ਼ਰੀਦਣ ’ਤੇ 5 ਤੋਂ 25 ਫੀਸਦੀ ਤੱਕ ਮਿਲੇਗੀ ਛੋਟ 

ਜਸਵਿੰਦਰ ਮੰਨ ਗਿਆ ਸੀ ਐੱਸ.ਪੀ.ਓ. ਦੀ ਗੱਲ ਪਰ ਰੋਹਨ ਨੇ ਕੀਤਾ ਸੀ ਇਨਕਾਰ
ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਐੱਸ.ਪੀ.ਓ. ਦੇ ਜੰਗਲ ’ਚ ਜਾਣ ਤੋਂ ਬਾਅਦ ਜਸਵਿੰਦਰ ਨੇ ਉਸ ਦੀ ਗੱਲ ਮੰਨ ਲਈ ਸੀ ਪਰ ਰੋਹਨ ਨੇ ਇਨਕਾਰ ਕਰ ਦਿੱਤਾ ਸੀ। ਕੁਝ ਸਮੇਂ ਬਾਅਦ ਕਿਸੇ ਕਾਰਨ ਜਸਵਿੰਦਰ ਨੇ ਵੀ ਅਜੀਤ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਕਾਰਨ ਉਹ ਗੁੱਸੇ ’ਚ ਆ ਗਿਆ ਅਤੇ ਦੋਵਾਂ ਵਿਚਾਲੇ ਕਾਫੀ ਗਾਲੀ-ਗਲੋਚ ਵੀ ਹੋਈ।

ਆਨੰਦਪੁਰ ਸਾਹਿਬ ਰੇਲ ਰੱਦ ਹੋਣ ਤੋਂ ਬਾਅਦ ਕਾਤਲ ਆਏ ਸੀ ਚੰਡੀਗੜ੍ਹ
ਜਾਂਚ ’ਚ ਸਾਹਮਣੇ ਆਇਆ ਕਿ ਪਟਿਆਲਾ ਵਾਸੀ ਜਸਵਿੰਦਰ ਸਿੰਘ ਅਤੇ ਰੋਹਨ ਦੋਵੇਂ ਆਨੰਦਪੁਰ ਸਾਹਿਬ ’ਚ ਮੈਰਿਜ ਪਲੇਸ ’ਚ ਵੇਟਰ ਵਜੋਂ ਕੰਮ ਕਰਦੇ ਸਨ। ਘਟਨਾ ਵਾਲੇ ਦਿਨ ਦੋਵੇਂ ਮੁਲਜ਼ਮਾਂ ਨੇ ਪਟਿਆਲਾ ਤੋਂ ਆਨੰਦਪੁਰ ਸਾਹਿਬ ਜਾਣ ਲਈ ਰੇਲ ਫੜੀ ਸੀ। ਕਿਸਾਨ ਅੰਦੋਲਨ ਕਾਰਨ ਰੇਲ ਆਨੰਦਪੁਰ ਸਾਹਿਬ ਨਹੀਂ ਗਈ। ਦੋਵੇਂ ਰਾਤ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਉਤਰ ਗਏ। ਇਸ ਤੋਂ ਬਾਅਦ ਜਸਵਿੰਦਰ ਅਤੇ ਰੋਹਨ ਆਟੋ ਰਾਹੀਂ ਸੈਕਟਰ-17 ਮਟਕਾ ਚੌਕ ਪੁੱਜੇ। ਦੋਵਾਂ ਨੂੰ ਸੋਹਾਣਾ ਗੁਰਦੁਆਰੇ ਜਾਣਾ ਸੀ ਤਾਂ ਜੋ ਉਹ ਰਾਤ ਠਹਿਰ ਸਕਣ। ਅਗਲੇ ਦਿਨ ਦੋਵਾਂ ਨੇ ਡਿਊਟੀ ’ਤੇ ਆਨੰਦਪੁਰ ਸਾਹਿਬ ਜਾਣਾ ਸੀ। ਇਸ ਦੌਰਾਨ ਐੱਸ.ਪੀ.ਓ. ਅਜੀਤ ਸਿੰਘ ਨੇ ਉਨ੍ਹਾਂ ਨੂੰ ਸੋਹਾਣਾ ਗੁਰਦੁਆਰਾ ਛੱਡਣ ਲਈ ਲਿਫ਼ਟ ਦਿੱਤੀ ਸੀ।

ਦੋਵਾਂ ਮੁਲਜ਼ਮਾਂ ’ਤੇ ਦਰਜ ਹਨ ਅਪਰਾਧਿਕ ਮਾਮਲੇ
ਡੀ.ਐੱਸ.ਪੀ. ਚਰਨਜੀਤ ਸਿੰਘ ਨੇ ਦੱਸਿਆ ਕਿ ਐੱਸ.ਪੀ.ਓ. ਅਜੀਤ ਦਾ ਕਤਲ ਕਰਨ ਵਾਲੇ ਮੁਲਜ਼ਮ ਜਸਵਿੰਦਰ ਸਿੰਘ ਅਤੇ ਰੋਹਨ ਖ਼ਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ। ਜਸਵਿੰਦਰ ਸਿੰਘ ਖ਼ਿਲਾਫ਼ ਪਟਿਆਲਾ ਦੇ ਅਰਬਨ ਸਟੇਟ ਥਾਣੇ ’ਚ 2 ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ ਇਕ ਐਕਸਾਈਜ਼ ਤੇ ਦੂਜਾ ਚੋਰੀ ਦਾ ਹੈ, ਜਦੋਂਕਿ ਰੋਹਨ ਸਿੰਘ ਖ਼ਿਲਾਫ਼ ਪਟਿਆਲਾ ’ਚ ਘਰ ’ਚ ਚੋਰੀ ਕਰਨ ਦਾ ਮਾਮਲਾ ਦਰਜ ਹੈ।

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News