ਚੰਡੀਗੜ੍ਹ ਪੁਲਸ ਨੇ ਪੰਜਾਬ ਪੁਲਸ ਦੀ ਗੱਡੀ ਦਾ ਕਰ 'ਤਾ ਚਲਾਨ, ਪੂਰਾ ਮਾਜਰਾ ਜਾਣ ਤੁਸੀਂ ਵੀ ਹੋਵੋਗੇ ਹੈਰਾਨ

Thursday, Apr 25, 2024 - 04:22 PM (IST)

ਚੰਡੀਗੜ੍ਹ (ਕੁਲਦੀਪ) : ਦੂਜਿਆਂ ਨੂੰ ਨਸੀਹਤ, ਖ਼ੁਦ ਮੀਆਂ ਫਜ਼ੀਹਰ, ਜੀ ਹਾਂ, ਇਹ ਚੰਡੀਗੜ੍ਹ ਪੁਲਸ ਦੀ ਕਹਾਣੀ ਹੈ, ਜੋ ਲੋਕਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਂਦੀ ਹੈ। ਚੰਡੀਗੜ੍ਹ ਦੇ ਸੈਕਟਰ-9 ਸਥਿਤ ਪੁਲਸ ਹੈੱਡ ਕੁਆਰਟਰ ਦੇ ਪਿੱਛੇ ਸਲਿੱਪ ਰੋਡ ’ਤੇ ਨੋ-ਪਾਰਕਿੰਗ ਹੈ। ਇਸ ਸਬੰਧੀ ਚੰਡੀਗੜ੍ਹ ਟ੍ਰੈਫਿਕ ਪੁਲਸ ਵਲੋਂ ਕਈ ਥਾਵਾਂ ’ਤੇ ਨੋ-ਪਾਰਕਿੰਗ ਦੇ ਬੋਰਡ ਲਾਏ ਹਨ। ਇਸ ਦੇ ਨਾਲ ਹੀ ਪੁਲਸ ਹੈੱਡ ਕੁਆਰਟਰ ਅਤੇ ਹੋਰ ਸਰਕਾਰੀ ਦਫ਼ਤਰਾਂ 'ਚ ਕੰਮ ਲਈ ਆਉਣ ਵਾਲੇ ਲੋਕ ਇਸ ਸਲਿੱਪ ਰੋਡ ’ਤੇ ਆਪਣੇ ਵਾਹਨ ਖੜ੍ਹੇ ਕਰ ਦਿੰਦੇ ਹਨ। ਚੰਡੀਗੜ੍ਹ ਟ੍ਰੈਫਿਕ ਪੁਲਸ ਪ੍ਰਾਈਵੇਟ ਅਤੇ ਹੋਰ ਸੂਬਿਆਂ ਦੇ ਵਾਹਨਾਂ ਦੇ ਤਾਂ ਚਲਾਨ ਕਰ ਦਿੰਦੀ ਹੈ ਪਰ ਜੇਕਰ ਉਸੇ ਥਾਂ ਚੰਡੀਗੜ੍ਹ ਪੁਲਸ ਦੀ ਗੱਡੀ ਖੜ੍ਹੀ ਹੁੰਦੀ ਹੈ ਤਾਂ ਚਲਾਨ ਤਾਂ ਛੱਡੋ, ਉਨ੍ਹਾਂ ਨੂੰ ਵੀ ਕੁੱਝ ਨਹੀਂ ਕਿਹਾ ਜਾਂਦਾ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਜਾਰੀ ਹੋਈ ਐਡਵਾਈਜ਼ਰੀ, Peak Time ਆਉਣ ਤੋਂ ਪਹਿਲਾਂ ਕਰੋ ਬਚਾਅ

ਬੁੱਧਵਾਰ ਨੂੰ ਨੋ ਪਾਰਕਿੰਗ ਬੈਰੀਕੇਡ ਨੇੜੇ ਚੰਡੀਗੜ੍ਹ ਪੁਲਸ ਅਤੇ ਪੰਜਾਬ ਨੰਬਰ ਵਾਲੀ ਗੱਡੀ ਖੜ੍ਹੀ ਸੀ। ਇਸ ਦੌਰਾਨ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਆਏ ਅਤੇ ਪੰਜਾਬ ਨੰਬਰ ਦੀ ਗੱਡੀ ਦਾ ਨੋ-ਪਾਰਕਿੰਗ ਨੂੰ ਲੈ ਕੇ ਚਲਾਨ ਕਰ ਦਿੱਤਾ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲਸ ਦੀ ਗੱਡੀ ਵੀ ਉੱਥੇ ਖੜ੍ਹੀ ਸੀ, ਪਰ ਚਲਾਨ ਤਾਂ ਦੂਰ ਉਸ ਵੱਲ ਪੁਲਸ ਨੇ ਦੇਖਿਆ ਤੱਕ ਨਹੀਂ। ਪੰਜਾਬ ਨੰਬਰ ਵਾਲੀ ਗੱਡੀ 'ਚ ਬੈਠੇ ਡਰਾਈਵਰ ਨੇ ਚਲਾਨ ਕਰਨ ਵਾਲੇ ਸਟਾਫ਼ ਨੂੰ ਕਿਹਾ ਕਿ ਚੰਡੀਗੜ੍ਹ ਪੁਲਸ ਦੀ ਗੱਡੀ ਵੀ ਇੱਥੇ ਖੜ੍ਹੀ ਹੈ ਤਾਂ ਉਨ੍ਹਾਂ ਨੇ ਉਸ ਨੂੰ ਅਣਦੇਖਿਆ ਕਰ ਦਿੱਤਾ।

ਇਹ ਵੀ ਪੜ੍ਹੋ : 12ਵੀਂ ਜਮਾਤ ਦੇ ਨਤੀਜੇ ਤੋਂ ਪਹਿਲਾਂ ਪੰਜਾਬ ਬੋਰਡ ਵੱਲੋਂ ਆ ਗਏ ਸਖ਼ਤ ਹੁਕਮ, ਪੜ੍ਹੋ ਕੀ ਹੈ ਪੂਰੀ ਖ਼ਬਰ
ਚਲਾਨ ਕਰਨ ਤੋਂ ਬਾਅਦ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੂੰ ਪਤਾ ਲੱਗਾ ਕਿ ਪੰਜਾਬ ਨੰਬਰ ਵਾਲੀ ਉਕਤ ਗੱਡੀ ਡੀ. ਜੀ. ਪੀ/ਐੱਸ. ਐੱਸ. ਪੀ. ਬਠਿੰਡਾ ਦਫ਼ਤਰ ਦੇ ਨਾਂ 'ਤੇ ਰਜਿਸਟਰ ਹੈ ਅਤੇ ਜੈਵੀਰ ਸਿੰਘ ਨਾਂ ਦਾ ਡਰਾਈਵਰ ਇਸ ਗੱਡੀ ਨੂੰ ਚੰਡੀਗੜ੍ਹ ਲੈ ਕੇ ਆਇਆ ਸੀ। ਡਰਾਈਵਰ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਮੁਲਾਜ਼ਮ ਉਸ ਦਾ ਚਲਾਨ ਕੱਟ ਕੇ ਅੱਗੇ ਚਲੇ ਗਏ ਅਤੇ ਚੰਡੀਗੜ੍ਹ ਪੁਲਸ ਦੀ ਗੱਡੀ ਸਬੰਧੀ ਕੋਈ ਕਦਮ ਨਹੀਂ ਚੁੱਕਿਆ। ਇਸ ਸਬੰਧੀ ਡੀ. ਐੱਸ. ਪੀ. ਟ੍ਰੈਫਿਕ ਸ਼੍ਰੀ ਪ੍ਰਕਾਸ਼ ਨੇ ਕਿਹਾ ਕਿ ਜੇਕਰ ਨੋ-ਪਾਰਕਿੰਗ ’ਤੇ ਕਿਸੇ ਵਿਅਕਤੀ, ਕਿਸੇ ਵਿਭਾਗ ਜਾਂ ਕੋਈ ਵੀ ਪੁਲਸ ਜਾਂ ਚੰਡੀਗੜ੍ਹ ਪੁਲਸ ਮੁਲਾਜ਼ਮ ਦੇ ਸਰਕਾਰੀ ਵਾਹਨ ਖੜ੍ਹੇ ਹੁੰਦੇ ਹਨ ਤਾਂ ਉਨ੍ਹਾਂ ਦਾ ਚਲਾਨ ਹੋਣਾ ਚਾਹੀਦਾ ਹੈ। ਕਾਨੂੰਨ ਸਭ ਦੇ ਲਈ ਬਰਾਬਰ ਹੈ। ਉਹ ਮਾਮਲੇ ਵਿਚ ਜਾਂਚ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News