ਮੂਸੇ ਵਾਲਾ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਦੀ ਮੌਤ ’ਤੇ ਅਮਰੀਕੀ ਪੁਲਸ ਦਾ ਆਇਆ ਵੱਡਾ ਬਿਆਨ
Thursday, May 02, 2024 - 06:02 AM (IST)
ਵਾਸ਼ਿੰਗਟਨ (ਇੰਟ., ਅਨਸ)– ਅਮਰੀਕੀ ਤੇ ਭਾਰਤੀ ਮੀਡੀਆ ’ਚ ਬੁੱਧਵਾਰ ਨੂੰ ਆਈਆਂ ਖ਼ਬਰਾਂ ’ਚ ਦਾਅਵਾ ਕੀਤਾ ਗਿਆ ਕਿ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਦੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਦੀ ਮੰਗਲਵਾਰ (30 ਅਪ੍ਰੈਲ) ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵੱਜ ਕੇ 30 ਮਿੰਟ ’ਤੇ ਕੈਲੀਫੋਰਨੀਆ ਦੇ ਫ੍ਰੈਜ਼ਨੋ ਸ਼ਹਿਰ ਦੇ ਫੇਅਰਮੋਂਟ ਐਂਡ ਹੋਲਟ ਐਵੇਨਿਊ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਿਪੋਰਟ ’ਚ ਕਿਹਾ ਗਿਆ ਕਿ ਗੋਲਡੀ ਬਰਾੜ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਤੇ ਉਦੋਂ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਤੇ ਫਰਾਰ ਹੋ ਗਏ। ਦੱਸਿਆ ਗਿਆ ਕਿ ਗੋਲਡੀ ਬਰਾੜ ਤੇ ਉਸ ਦਾ ਇਕ ਸਾਥੀ ਗੋਲੀਬਾਰੀ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਬਰਾੜ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਉਸ ਦੇ ਸਾਥੀ ਦੀ ਜਾਨ ਬਚ ਗਈ। ਇਸ ਦਰਮਿਆਨ ਇਹ ਵੀ ਕਿਹਾ ਗਿਆ ਕਿ ਗੈਂਗਸਟਰ ਲਖਬੀਰ ਡੱਲਾ ਨੇ ਗੋਲਡੀ ਬਰਾੜ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ।
ਮੂਸੇ ਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ ਗੋਲਡੀ ਬਰਾੜ
ਹੁਣ ਜਦਕਿ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਮੈਂਬਰ ਹੈ ਤੇ ਉਹ 29 ਮਈ, 2022 ਨੂੰ ਮੂਸੇ ਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ, ਇਸ ਤੋਂ ਇਲਾਵਾ ਉਹ ਭਾਰਤ ’ਚ ਰਾਸ਼ਟਰਵਾਦੀ ਨੇਤਾਵਾਂ ਨੂੰ ਧਮਕੀਆਂ ਭਰੀਆਂ ਕਾਲਾਂ, ਫਿਰੌਤੀ ਮੰਗਣ ਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਤਲਾਂ ਦੀ ਜ਼ਿੰਮੇਵਾਰੀ ਵੀ ਲੈਂਦਾ ਰਿਹਾ ਹੈ ਤਾਂ ਉਸ ਦੀ ਮੌਤ ਬਾਰੇ ਸੱਚ ਜਾਣਨ ਦੀ ਉਤਸੁਕਤਾ ਬਹੁਤ ਵੱਧ ਗਈ ਹੈ। ਬੀਤੀ ਦੇਰ ਰਾਤ ਫ੍ਰੈਜ਼ਨੋ ਪੁਲਸ ਵਿਭਾਗ ਨੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਕਿ ਗੋਲੀਬਾਰੀ ਦੀ ਘਟਨਾ ’ਚ ਮਾਰੇ ਗਏ 2 ਵਿਅਕਤੀਆਂ ’ਚੋਂ ਇਕ ਗੈਂਗਸਟਰ ਗੋਲਡੀ ਬਰਾੜ ਸੀ।
ਇਹ ਖ਼ਬਰ ਵੀ ਪੜ੍ਹੋ : ਨੂਰਮਹਿਲ ’ਚ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਦਾ ਕਿਸਾਨਾਂ ਵਲੋਂ ਵਿਰੋਧ, ਸਵਾਲਾਂ ਦੇ ਜਵਾਬ ਦਿੱਤੇ ਬਿਨਾਂ ਭੱਜੇ
ਮਾਰਿਆ ਗਿਆ ਵਿਅਕਤੀ ਯਕੀਨੀ ਤੌਰ ’ਤੇ ਗੋਲਡੀ ਬਰਾੜ ਨਹੀਂ : ਲੈਫਟੀਨੈਂਟ ਵਿਲੀਅਮ ਜੇ. ਡੂਲੇ
ਲੈਫਟੀਨੈਂਟ ਵਿਲੀਅਮ ਜੇ. ਡੂਲੇ ਨੇ ਕਿਹਾ ਕਿ ਜੇਕਰ ਤੁਸੀਂ ਆਨਲਾਈਨ ਚੈਟ ਕਰਕੇ ਇਹ ਦਾਅਵਾ ਕਰ ਰਹੇ ਹੋ ਕਿ ਗੋਲੀਬਾਰੀ ਦਾ ਸ਼ਿਕਾਰ ‘ਗੋਲਡੀ ਬਰਾੜ’ ਹੈ ਤਾਂ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਹ ਬਿਲਕੁਲ ਸੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਆਨਲਾਈਨ ਨਿਊਜ਼ ਏਜੰਸੀਆਂ ਵਲੋਂ ਫੈਲਾਈ ਜਾ ਰਹੀ ਗਲਤ ਜਾਣਕਾਰੀ ਦੇ ਨਤੀਜੇ ਵਜੋਂ ਸਵੇਰ ਤੋਂ ਹੀ ਦੁਨੀਆ ਭਰ ਤੋਂ ਸਾਡੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਅਫਵਾਹ ਜ਼ੋਰ ਫੜ ਗਈ ਹੈ ਤੇ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ ਪਰ ਫਿਰ ਵੀ ਇਹ ਸੱਚ ਨਹੀਂ ਹੈ। ਮਾਰਿਆ ਗਿਆ ਵਿਅਕਤੀ ਯਕੀਨੀ ਤੌਰ ’ਤੇ ਗੋਲਡੀ ਬਰਾੜ ਨਹੀਂ ਹੈ।
ਪੁਲਸ ਨੇ ਅਜੇ ਤੱਕ ਉਨ੍ਹਾਂ 2 ਵਿਅਕਤੀਆਂ ਦੀ ਪਛਾਣ ਨਹੀਂ ਕੀਤੀ ਹੈ, ਜਿਨ੍ਹਾਂ ’ਤੇ ਹਮਲਾ ਕੀਤਾ ਗਿਆ ਸੀ, ਬਾਅਦ ’ਚ ਹਸਪਤਾਲ ’ਚ ਇਕ ਦੀ ਮੌਤ ਹੋ ਗਈ ਸੀ। ਦੂਜੇ ਵਿਅਕਤੀ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਅਰਸ਼ ਡੱਲਾ ਗੈਂਗ ਨਾਲ ਨਸ਼ੇ ਦੇ ਧੰਦੇ ਨੂੰ ਲੈ ਕੇ ਚੱਲ ਰਿਹਾ ਤਣਾਅ
ਗੋਲਡੀ ਬਰਾੜ ਦਾ ਅਰਸ਼ ਡੱਲਾ ਗੈਂਗ ਨਾਲ ਨਸ਼ੇ ਦੇ ਧੰਦੇ ਨੂੰ ਲੈ ਕੇ ਤਣਾਅ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲਡੀ ਨੇ ਡਰੱਗ ਮਨੀ ਨੂੰ ਲੈ ਕੇ ਕਈ ਫ੍ਰਾਡ ਕੀਤੇ, ਜਿਸ ਕਾਰਨ ਅਰਸ਼ ਡੱਲਾ ਗੈਂਗ ਉਸ ਦੇ ਖ਼ਿਲਾਫ਼ ਹੋ ਗਿਆ। ਸੂਤਰਾਂ ਨੇ ਦਾਅਵਾ ਕੀਤਾ ਕਿ ਗੋਲਡੀ ਬਰਾੜ ਦੇ ਅਮਰੀਕਾ ’ਚ ਹੋਣ ਦੀ ਵੀ ਪੁਸ਼ਟੀ ਨਹੀਂ ਹੋਈ ਹੈ। ਉਸ ਨੇ ਫਰਜ਼ੀ ਨਾਂ ਤੋਂ ਆਪਣੀ ਫਾਈਲ ਲਗਾ ਰੱਖੀ ਹੈ।
ਗੋਲਡੀ ਦੇ ਸਾਥੀ ਨੇ ਭੇਜਿਆ ਮੈਸੇਜ, ‘ਭਰਾ ਮਜ਼ੇ ’ਚ’
ਗੋਲਡੀ ਬਰਾੜ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਖ਼ਬਰ ਤੋਂ ਬਾਅਦ ‘ਸੋਨੂੰ ਦਾਗਰ’ ਨਾਂ ਦੀ ਸੋਸ਼ਲ ਮੀਡੀਆ ਆਈ. ਡੀ. ਤੋਂ ਇਕ ਮੈਸੇਜ ਵਾਇਰਲ ਹੋਇਆ, ਜੋ ਹਰਿਆਣਵੀ ’ਚ ਲਿਖਿਆ ਹੋਇਆ ਹੈ। ਮੈਸੇਜ ’ਚ ਕਿਹਾ ਗਿਆ ਕਿ ਇਹ ਫਰਜ਼ੀ ਖ਼ਬਰ ਹੈ। ਮੇਰਾ ਭਰਾ ਗੋਲਡੀ ਠੀਕ ਹੈ। ਕਿਸੇ ਦੀ ਔਕਾਤ ਨਹੀਂ ਮੇਰੇ ਭਰਾ ਨੂੰ ਛੂਹ ਵੀ ਸਕੇ। ਉਹ ਸ਼ੇਰ ਹੈ ਤੇ ਉਹ ਮਜ਼ੇ ’ਚ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।