ਇਟਲੀ ''ਚ ਗ਼ਲਤ ਢੰਗ ਨਾਲ ਡਰਾਈਵਿੰਗ ਲਾਇਸੰਸ ਪਾਸ ਕਰਵਾਉਣ ਵਾਲੇ ਕਥਿਤ 4 ਦੋਸ਼ੀ ਗ੍ਰਿਫ਼ਤਾਰ

Sunday, May 05, 2024 - 11:34 AM (IST)

ਇਟਲੀ ''ਚ ਗ਼ਲਤ ਢੰਗ ਨਾਲ ਡਰਾਈਵਿੰਗ ਲਾਇਸੰਸ ਪਾਸ ਕਰਵਾਉਣ ਵਾਲੇ ਕਥਿਤ 4 ਦੋਸ਼ੀ ਗ੍ਰਿਫ਼ਤਾਰ

ਰੋਮ (ਦਲਵੀਰ ਕੈਂਥ): ਇਟਲੀ ਦੇ ਲੰਬਾਰਦੀਆਂ ਸੂਬੇ ਦੇ ਸ਼ਹਿਰ ਬਰੇਸ਼ੀਆਂ ਵਿਖੇ ਪੁਲਸ ਪ੍ਰਸ਼ਾਸਨ ਨੇ ਇੱਕ ਅਜਿਹੇ ਸਕੂਲ (ਜੋ ਵਾਹਨ ਚਲਾਉਣ ਲਈ ਲਾਇਸੰਸ ਪਾਸ ਕਰਨ ਲਈ ਟ੍ਰੈਫਿਕ ਨਿਯਮਾਂ ਦੀ ਪੜ੍ਹਾਈ ਕਰਵਾਉਂਦੇ ਸੀ) ਦਾ ਪਰਦਾਫਾਸ਼ ਕੀਤਾ ਹੈ ਜਿਹੜੇ ਕਿ ਇਟਾਲੀਅਨ ਭਾਸ਼ਾ ਦਾ ਘੱਟ ਗਿਆਨ ਰੱਖਣ ਵਾਲੇ ਪ੍ਰਵਾਸੀਆਂ ਤੋਂ ਹਜ਼ਾਰਾਂ ਯੂਰੋ ਵਸੂਲ ਕੇ ਗ਼ਲਤ ਢੰਗ-ਤਰੀਕਿਆਂ ਨਾਲ ਲਾਇਸੰਸ ਪਾਸ ਕਰਵਾਉਂਦੇ ਸਨ। ਪੁਲਸ ਨੇ ਇਸ ਗੌਰਖ ਧੰਦੇ ਲਈ ਜਿੱਥੇ ਵੱਖ-ਵੱਖ ਸਕੂਲਾਂ ਦੇ 4 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ, ਉੱਥੇ 20 ਲੱਖ ਯੂਰੋ ਵੀ ਕਥਿਤ ਦੋਸ਼ੀਆਂ ਤੋਂ ਜਬਤ ਕੀਤਾ ਹੈ।

ਇਟਾਲੀਅਨ ਮੀਡੀਏ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਆਟੋ ਸਕੂਲ ਵਾਲੇ ਪ੍ਰਵਾਸੀਆਂ ਨੂੰ ਸੌਖੇ ਢੰਗ ਨਾਲ ਵਹਿਕਲਾਂ ਦੇ ਲਾਇਸੰਸ ਦੁਆਉਣ ਲਈ ਪ੍ਰੀਖਿਆ ਦੇਣ ਵਾਲੇ ਸਖ਼ਸ ਦੇ ਕੈਮਰੇ ਤੇ ਹੈੱਡਫੋਨ ਕਪੜਿਆਂ ਹੇਠ ਛੁਪੇ ਢੰਗ ਨਾਲ ਲਗਾਕੇ ਪੇਪਰ ਦੇਣ ਭੇਜਦੇ ਸਨ। ਜਦੋਂ ਪੇਪਰ ਦੇਣ ਵਾਲਾ ਸਖ਼ਸ ਪ੍ਰੀਖਿਆ ਕੇਂਦਰ ਵਿੱਚ ਕੰਪਿਊਟਰ ਦੇ ਮੂਹਰੇ ਬੈਠਦਾ ਤਾਂ ਉਸ ਦਾ ਕਪੜਿਆਂ ਵਿੱਚ ਛੁਪਾਏ ਕੈਮਰੇ ਦੀ ਮਦਦ ਨਾਲ ਬਾਹਰ ਬੈਠ ਪੇਪਰ ਹੱਲ ਕਰ ਦਿੰਦੇ ਸੀ, ਜਿਸ ਕੰਮ ਲਈ ਇਹ ਆਟੋ ਸਕੂਲਾਂ ਵਾਲੇ ਪ੍ਰਵਾਸੀਆਂ ਤੋਂ 2 ਤੋਂ 5 ਹਜ਼ਾਰ ਯੂਰੋ ਤੱਕ ਵਸੂਲ ਦੇ ਸਨ। ਜ਼ਿਲ੍ਹਾ ਬਰੇਸ਼ੀਆਂ ਦੇ ਪੁਲਸ ਪ੍ਰਸ਼ਾਸ਼ਨ ਨੂੰ ਜਦੋਂ ਇਸ ਧੋਖੇਬਾਜ਼ ਸਿਸਟਮ ਦਾ ਪਤਾ ਲੱਗਾ ਤਾਂ ਉਨ੍ਹਾਂ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਵੱਖ-ਵੱਖ ਆਟੋ ਸਕੂਲਾਂ ਦੇ ਕਰਿੰਦਿਆਂ ਵੱਲੋਂ ਚਲਾਏ ਜਾ ਰਹੇ ਇਸ ਸਕੈਮ ਦਾ ਪਰਦਾਫਾਸ ਕਰ ਦਿੱਤਾ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ ਪੁਲਸ ਨੇ ਪਰਥ 'ਚ ਚਾਕੂ ਨਾਲ ਲੈਸ 16 ਸਾਲਾ ਮੁੰਡੇ ਨੂੰ ਮਾਰੀ ਗੋਲੀ

ਪੁਲਸ ਨੇ ਕਥਿਤ ਦੋਸ਼ੀਆਂ 'ਤੇ ਭ੍ਰਿਸ਼ਟਾਚਾਰ, ਜਨਤਕ ਦਸਤਾਵੇਜ਼ ਨਾਲ ਖਿਲਵਾੜ ਕਰਨ ਤੇ ਕਈ ਹੋਰ ਸੰਗੀਨ ਧਰਾਵਾਂ ਹੇਠ ਕੇਸ ਦਰਜ਼ ਕਰ 60 ਤੋਂ ਵੱਧ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋ ਕਿ 2000 ਤੋਂ ਵੱਧ ਡਰਾਈਵਿੰਗ ਲਾਇਸੰਸ ਜਿਨ੍ਹਾਂ ਵਿੱਚ ਏ.ਬੀ.ਸੀ.ਸੀ ਕਿਊ ਸੀ ਕਿਸਮ ਦੇ ਲਾਇਸੰਸ ਦਾ ਜ਼ਿਕਰ ਹੈ ਸਭ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਇਸ ਸਕੈਮ ਦਾ ਹਿੱਸੇ ਬਣੇ ਕਈ ਅਜਿਹੇ ਪ੍ਰਵਾਸੀ ਵੀ ਹਨ ਜਿਨ੍ਹਾਂ ਨੂੰ ਇਟਾਲੀਅਨ ਭਾਸ਼ਾ ਚੰਗੀ ਤਰ੍ਹਾਂ ਬੋਲਣੀ ਵੀ ਨਹੀਂ ਆਉਂਦੀ ਪਰ ਉਨ੍ਹਾੰ ਕੋਲ ਟਰਾਲੇ/ਟਰੱਕ ਦਾ ਹੈਵੀ ਲਾਇਸੰਸ ਹੈ। ਇਸ ਘਟਨਾ ਨਾਲ ਪੂਰੇ ਜ਼ਿਲ੍ਹੇ ਵਿੱਚ ਤੜਥੱਲੀ ਮੱਚ ਗਈ ਹੈ ਤੇ ਉਹ ਲੋਕ ਬਖ਼ਸੇ ਨਹੀਂ ਜਾਣਗੇ ਜਿਨ੍ਹਾਂ ਇਸ ਧੋਖੇਬਾਜ਼ੀ ਵਾਲੇ ਰਾਸਤੇ ਨੂੰ ਅਪਣਾਇਆ। ਜ਼ਿਕਰਯੋਗ ਹੈ ਕਿ  ਇਟਲੀ ਵਿੱਚ ਜਿਹੜੇ ਪ੍ਰਵਾਸੀ ਲੋਕ ਕਾਮਯਾਬ ਹੋਣਾ ਲੋਚਦੇ ਹਨ ਉਨ੍ਹਾਂ ਲਈ ਸਭ ਤੋਂ ਜ਼ਰੂਰੀ ਹੈ ਇਟਾਲੀਅਨ ਭਾਸ਼ਾ ਦਾ ਪੂਰਨ ਗਿਆਨ, ਜਿਸ ਨਾਲ ਪ੍ਰਵਾਸੀ ਲੋਕ ਕਾਮਯਾਬੀ ਦੀ ਹਰ ਉਹ ਪੌੜੀ ਚੜ੍ਹ ਸਕਦੇ ਹਨ ਜਿਹੜੀ ਉਨ੍ਹਾਂ ਨੂੰ ਕਾਮਯਾਬ ਕਰਦੀ ਹੈ ਪਰ ਅਫ਼ਸੋਸ ਇਟਲੀ ਵਿੱਚ ਪ੍ਰਵਾਸੀਆਂ ਨੂੰ ਸਮੇਂ ਦੀ ਘਾਟ ਕਾਰਨ ਇਟਾਲੀਅਨ ਭਾਸ਼ਾ ਦੇ ਗਿਆਨ ਦੀ ਤੰਗੀ ਉਹਨਾਂ ਨੂੰ ਹਰ ਮੋੜ 'ਤੇ ਢਾਹਡਾ ਤੰਗ ਕਰਦੀ ਹੈ ਜਿਸ ਤੋਂ ਬੱਚਣ ਲਈ ਪ੍ਰਵਾਸੀ ਲੋਕ ਅਨੇਕਾਂ ਪਾਪੜ ਵੇਲਕੇ ਆਪਣਾ ਕੰਮ ਸੂਤ ਕਰਨ ਦੀਆਂ ਦਿਨ-ਰਾਤ ਜੁਗਤਾਂ ਬਣਾਉਂਦੇ ਹਨ। ਪ੍ਰਵਾਸੀਆਂ ਦੀ ਇਸ ਕਮਜ਼ੋਰੀ ਦਾ ਇਟਲੀ ਭਰ ਵਿੱਚ ਵੱਖ-ਵੱਖ ਖੇਤਰਾਂ ਦੇ ਲਾਲਚੀ ਲੋਕ ਰੱਜ ਕੇ ਫ਼ਾਇਦਾ ਚੁੱਕ ਰਹੇ ਹਨ, ਜਿਨ੍ਹਾਂ ਤੋਂ ਪ੍ਰਵਾਸੀਆਂ ਨੂੰ ਬੱਚਣ ਲਈ ਇਟਾਲੀਅਨ ਭਾਸ਼ਾ ਦਾ ਮੁਕੰਮਲ ਗਿਆਨ ਹਾਸਿਲ ਕਰਨ ਲਈ ਸੰਜੀਦਾ ਹੋਣ ਦੀ ਅਹਿਮ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News