ਨਗਰ-ਨਿਗਮ ਚੋਣਾਂ: 116 ਉਮੀਦਵਾਰਾਂ ਨੇ ਮੈਦਾਨ ਛੱਡਿਆ, 305 ਡਟੇ

12/09/2017 7:05:54 PM

ਜਲੰਧਰ(ਅਮਿਤ)— ਨਗਰ ਨਿਗਮ ਜਲੰਧਰ ਅਤੇ ਜ਼ਿਲੇ ਦੀਆਂ ਮਿਊਂਸੀਪਲ ਕਮੇਟੀਆਂ ਭੋਗਪੁਰ ਅਤੇ ਗੋਰਾਇਆ ਦੇ ਨਾਲ-ਨਾਲ ਨਗਰ ਪੰਚਾਇਤ ਸ਼ਾਹਕੋਟ ਅਤੇ ਬਿਲਗਾਂ ਤੋਂ ਕੁੱਲ 453 ਉਮੀਦਵਾਰ ਆਪਣੀ-ਆਪਣੀ ਕਿਸਮਤ ਅਜ਼ਮਾਉਣਗੇ। ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ 197 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ, ਜਿਸ ਦੇ ਬਾਅਦ ਨਗਰ-ਨਿਗਮ ਜਲੰਧਰ ਲਈ 305, ਭੋਗਪੁਰ ਤੋਂ 34, ਗੋਰਾਇਆ ਤੋਂ 39 ਅਤੇ ਨਗਰ ਪੰਚਾਇਤ ਸ਼ਾਹਕੋਟ ਤੋਂ 36 ਅਤੇ ਬਿਲਗਾਂ ਤੋਂ 38 ਉਮੀਦਵਾਰ ਚੋਣਾਂ ਲੜਨਗੇ। 
ਦੱਸਣਯੋਗ ਹੈ ਕਿ ਨਗਰ ਨਿਗਮ ਜਲੰਧਰ ਤੋਂ ਕੁੱਲ 434 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ 'ਚੋਂ ਬੀਤੇ ਦਿਨ 13 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ ਅਤੇ ਸ਼ੁੱਕਰਵਾਰ ਨੂੰ 116 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ, ਜਿਸ ਦੇ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਅਤੇ ਆਜ਼ਾਦ ਉਮੀਦਵਾਰ 305 ਮੈਦਾਨ 'ਚ ਡਟੇ ਹੋਏ ਹਨ। ਇਸੇ ਤਰ੍ਹਾਂ ਮਿਊਂਸੀਪਲ ਕਾਰਪੋਰੇਸ਼ਨ ਭੋਗਪੁਰ ਲਈ 68 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ 'ਚੋਂ ਇਕ ਦੇ ਨਾਮਜ਼ਦਗੀ ਪੱਤਰ ਵੀਰਵਾਰ ਨੂੰ ਰੱਦ ਕਰ ਦਿੱਤੇ ਗਏ ਸਨ ਅਤੇ 33 ਨੇ ਸ਼ੁੱਕਵਾਰ ਨੂੰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ, ਜਿਸ ਦੇ ਬਾਅਦ 34 ਉਮੀਦਵਾਰ ਚੋਣਾਂ ਲੜਣਗੇ। 
ਗੋਰਾਇਆ ਤੋਂ 58 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ 'ਚੋਂ 12 ਦੇ ਨਾਮਜ਼ਦਗੀ ਪੱਤਰ ਬੀਤੇ ਦਿਨੀਂ ਰੱਦ ਕਰ ਦਿੱਤੇ ਗਏ ਸਨ, 7 ਨੇ ਸ਼ੁੱਕਰਵਾਰ ਨੂੰ ਨਾਮਜ਼ਦਗੀ ਪੱਤਰ ਵਾਪਸ ਲੈ ਲਏ, ਜਿਸ ਤੋਂ ਬਾਅਦ 39 ਉਮੀਦਵਾਰ ਚੋਣਾਂ ਲੜਣਗੇ। ਨਗਰ ਪੰਚਾਇਤ ਸ਼ਾਹਕੋਟ 'ਚ ਕੁੱਲ 65 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ 'ਚੋਂ 28 ਨੇ ਸ਼ੁੱਕਰਵਾਰ ਨੂੰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ, ਜਿਸ ਤੋਂ ਬਾਅਦ 37 ਉਮੀਦਵਾਰ ਮੈਦਾਨ 'ਚ ਰਹਿ ਗਏ ਹਨ। ਬਿਲਗਾਂ ਤੋਂ ਕੁੱਲ 64 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ 'ਚੋਂ ਬੀਤੇ ਦਿਨ 13 ਨਾਮਜ਼ਦਗੀ ਪੱਤਰ ਰੱਦ ਹੋ ਗਏ ਸਨ ਅਤੇ ਸ਼ੁੱਕਰਵਾਰ ਨੂੰ 13 ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ, ਜਿਸ ਤੋਂ ਬਾਅਦ 38 ਉਮੀਦਵਾਰ ਬਾਕੀ ਰਹਿ ਗਏ ਹਨ। ਚੋਣਾਂ ਲਈ ਵੋਟਾਂ 17 ਦਸੰਬਰ ਨੂੰ ਪਾਈਆਂ ਜਾਣਗੀਆਂ ਅਤੇ ਉਸੇ ਦਿਨ ਹੀ ਨਤੀਜੇ ਵੀ ਐਲਾਨੇ ਜਾਣਗੇ।


Related News