ਇਟਲੀ : ਨਗਰ ਕੌਂਸਲ ਚੋਣਾਂ ‘ਚ ਪੰਜਾਬ ਦੇ ਪਿੰਡ ਕਰੀਹਾ (ਸ਼ਹੀਦ ਭਗਤ ਸਿੰਘ ਨਗਰ) ਦਾ ਨੌਜਵਾਨ ਚੋਣ ਅਖਾੜੇ ''ਚ
Tuesday, Jun 04, 2024 - 03:50 PM (IST)
ਰੋਮ (ਦਲਵੀਰ ਕੈਂਥ): ਇਟਲੀ ਦੀ ਸਿਆਸਤ ਵਿੱਚ ਇਟਲੀ ਦੇ ਭਾਰਤੀਆਂ ਦੀ ਆਮਦ ਸਮੁੱਚੇ ਭਾਰਤੀ ਭਾਈਚਾਰੇ ਲਈ ਚੰਗਾ ਸੰਕੇਤ ਹੀ ਨਹੀਂ ਸਗੋਂ ਆਗਾਜ਼ ਹੈ ਉਸ ਇਨਕਲਾਬ ਦਾ ਜਿਹੜਾ ਭਾਰਤ ਤੇ ਇਟਲੀ ਦੇ ਆਪਸੀ ਸੰਬਧਾਂ ਵਿੱਚ ਨਿਵੇਕਲਾ ਪਿਆਰ ਪੈਦਾ ਕਰੇਗਾ। ਅਜੋਕੇ ਦੌਰ ਵਿੱਚ ਇਟਲੀ ਦੀਆਂ ਤਮਾਮ ਰਾਜਸੀ ਪਾਰਟੀਆਂ ਨੂੰ ਇਹ ਗੱਲ ਭਲੀਭਾਂਤ ਸਮਝ ਲੱਗ ਚੁੱਕੀ ਹੈ ਕਿ ਇਟਲੀ ਵਿੱਚ ਹੁਣ ਭਾਰਤੀ ਲੋਕਾਂ ਨੂੰ ਸਰੀਕ ਬਣਾਉਣਾ ਸਮੇਂ ਦੀ ਮੁੱਖ ਮੰਗ ਹੈ। ਜਿਸ ਤਹਿਤ ਇਟਲੀ ਦੀਆਂ ਰਾਸ਼ਟਰੀ ਤੇ ਸੂਬਾ ਪੱਧਰੀ ਰਾਜਨੀਤਕ ਪਾਰਟੀਆਂ ਵਲੋਂ ਵੱਖ-ਵੱਖ ਇਲਾਕਿਆਂ ਦੀਆਂ ਹੋਣ ਵਾਲੀਆਂ ਕਮੂਨੇ (ਨਗਰ ਕੌਂਸਲ ਜਾਂ ਨਿਗਮ) ਦੀਆਂ ਚੋਣਾਂ ਵਿੱਚ ਭਾਰਤੀ ਭਾਈਚਾਰੇ ਦੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ।
ਇਸ ਮਿਸ਼ਨ ਅਧੀਨ ਹੀ ਪਿਛਲੇ ਇੱਕ ਦਹਾਕੇ ਤੋਂ ਇਟਲੀ ਦੀ ਸਿਆਸਤ ਵਿੱਚ ਹਲਚਲ ਮਚਾ ਰਹੀ ਲੀਬੇਰੀ ਦੀ ਸ਼ੇਲੀਏਰੇ ਪਾਰਟੀ ਵੱਲੋਂ ਪੰਜਾਬ ਦੀ ਸਿਆਸਤ ਵਿੱਚ ਕਿਸੇ ਸਮੇਂ ਤਹਿਲਕਾ ਮਚਾਉਣ ਵਾਲੇ ਮਰਹੂਮ ਸਿਆਸਤਦਾਨ ਜਤਿੰਦਰ ਸਿੰਘ ਕਰੀਹਾ ਸਾਬਕਾ ਵਿਧਾਇਕ ਤੇ ਆਗੂ ਸ਼੍ਰੋਮਣੀ ਅਕਾਲੀ ਦਲ (ਬ) ਦੇ ਜੱਦੀ ਪਿੰਡ ਕਰੀਹਾ (ਸ਼ਹੀਦ ਭਗਤ ਸਿੰਘ ਨਗਰ) ਦੇ ਜੰਮਪਲ ਮੁੱਛਪੁੱਟ ਗੱਭਰੂ ਵਰੂਨਜੋਤ ਸਿੰਘ (18) ਪੁੱਤਰ ਤਰਲੋਚਨ ਸਿੰਘ ਕਰੀਹਾ ਨੂੰ ਆਪਣੀ ਪਾਰਟੀ ਵੱਲੋਂ ਇਮੀਲੀਆ ਰੋਮਾਨਾ ਸੂਬੇ ਦੇ ਸ਼ਹਿਰ ਕਸਤੇਲ ਫਰਾਂਕੋ ਇਮੀਲੀਆ (ਮੋਦਨਾ) ਵਿਖੇ ਹੋ ਰਹੀਆਂ ਨਗਰ ਕੌਂਸਲ ਚੋਣਾਂ ਵਿੱਚ ਮੇਅਰ ਦੇ ਸਲਾਹਕਾਰ ਵਜੋਂ ਉਮੀਦਵਾਰ ਬਣਾਕੇ ਉਤਾਰਿਆ ਹੈ। ਜਿਸ ਨੂੰ ਇਟਾਲੀਅਨ, ਭਾਰਤੀ ਤੇ ਹੋਰ ਦੇਸ਼ਾਂ ਦੇ ਭਾਈਚਾਰੇ ਵੱਲੋਂ ਭਰਵੀਂ ਹਮਾਇਤ ਮਿਲ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਕੈਨੇਡੀ ਏਅਰਪੋਰਟ 'ਤੇ ਬਣੇਗਾ ਵਿਸ਼ਾਲ 'ਮੰਦਰ', ਡੇਢ ਸਾਲ 'ਚ ਹੋਵੇਗਾ ਤਿਆਰ
ਉਮੀਦਵਾਰ ਵਰੂਨਜੋਤ ਸਿੰਘ ਦੇ ਪਿਤਾ ਤਰਲੋਚਨ ਸਿੰਘ ਕਰੀਹਾ ਪਿਛਲੇ ਦੋ ਦਹਾਕਿਆਂ ਤੋਂ ਵੀ ਵਧੇਰੇ ਸਮੇ ਤੋਂ ਇਟਲੀ ਰਹਿਣ ਬਸੇਰਾ ਕਰ ਰਹੇ ਹਨ ਤੇ ਇਲਾਕੇ ਵਿੱਚ ਸਮਾਜ ਸੇਵੀ ਕਾਰਜਾਂ ਵਿੱਚ ਵਿਚਰਦੇ ਰਹਿੰਦੇ ਹਨ। ਇਸ ਮੌਕੇ "ਜਗਬਾਣੀ" ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਵਰੂਨਜੋਤ ਸਿੰਘ ਨੇ ਕਿਹਾ ਕਿ ਜੇਕਰ ਇਲਾਕੇ ਦਾ ਸਮੂਹ ਭਾਈਚਾਰਾ ਉਸ ਨੂੰ ਇਨ੍ਹਾਂ ਚੋਣਾਂ ਦੁਆਰਾ ਚੁਣ ਕੇ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਉਹ ਇਲਾਕੇ ਦੇ ਪ੍ਰਵਾਸੀਆਂ ਦੀਆਂ ਪੇਚੀਦਾ ਮੁਸ਼ਕਿਲਾਂ ਦੇ ਹੱਲ ਤੇ ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਅਪੀਲ ਕੀਤੀ ਹੈ ਹਰ ਭਾਰਤੀ ਜਿਸ ਲੋਕ ਇਟਾਲੀਅਨ ਨਾਗਰਿਕਤਾ ਹੈ ਉਹ ਇਨ੍ਹਾਂ ਚੋਣਾਂ ਵਿੱਚ ਵੋਟ ਜ਼ਰੂਰ ਪਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।