ਨਗਰ ਨਿਗਮ ਦੀ ਮੀਟਿੰਗ ’ਚ ਪਹੁੰਚੇ ਮੰਤਰੀ ਧਾਲੀਵਾਲ, ਅਧਿਕਾਰੀਆਂ ਨੂੰ ਪਾਈ ਝਾੜ, ਦਿੱਤਾ 10 ਦਿਨ ਦਾ ਅਲਟੀਮੇਟਮ

Friday, Jun 21, 2024 - 06:34 PM (IST)

ਅੰਮ੍ਰਿਤਸਰ (ਰਮਨ)-ਨਗਰ ਨਿਗਮ ਰਣਜੀਤ ਐਵੇਨਿਊ ਦਫਤਰ ਵਿਖੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਿਧਾਇਕਾਂ ਸਮੇਤ ਨਗਰ ਨਿਗਮ ਅਧਿਕਾਰੀਆਂ ਨਾਲ ਪਹਿਲੀ ਵਾਰ ਪਲੇਠੀ ਮੀਟਿੰਗ ਕਰਦਿਆਂ ਨਿਗਮ ਅਫਸਰਾਂ ਨੂੰ ਝਾੜ ਪਾਈ ਅਤੇ ਉਨ੍ਹਾਂ ਦੇ ਕੰਮਾਂ ਪ੍ਰਤੀ ਚਿਤਾਵਨੀਆਂ ਦਿੱਤੀਆਂ। ਲੋਕ ਸਭਾ ਚੋਣਾਂ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਅਤੇ ਚੋਣਾਂ ਦੌਰਾਨ ਲੋਕਾਂ ਵਲੋਂ ਕੀਤੀਆਂ ਸ਼ਿਕਾਇਤਾਂ ਨੂੰ ਲੈ ਕੇ ਸਾਰਾ ਗੁੱਸਾ ਬੈਠਕ ਵਿਚ ਕੱਢਿਆ ਗਿਆ ਅਤੇ ਮੰਤਰੀ ਨੇ ਅਫਸਰਾਂ ਨੂੰ ਸੁਧਰਨ ਲਈ 10 ਦਿਨਾਂ ਦਾ ਸਮਾਂ ਦਿੱਤਾ ਅਤੇ ਉਨ੍ਹਾਂ ਨੇ ਚਿਤਾਵਨੀ ਭਰੇ ਸ਼ਬਦਾਂ ਨਾਲ ਕਿਹਾ ਕਿ ਜੇਕਰ 10 ਦਿਨਾਂ ਦੇ ਅੰਦਰ ਅੰਦਰ ਨਹੀਂ ਸੁਧਰੇ ਤਾਂ ਉਨ੍ਹਾਂ ਦੇ ਤਬਾਦਲੇ ਕੀਤੇ ਜਾਣਗੇ।

ਉਨ੍ਹਾਂ ਨਿਗਮ ਕਮਿਸ਼ਨਰ ਸਮੇਤ ਅਫਸਰਾਂ ਨੂੰ ਹਦਾਇਤਾਂ ਕੀਤੀਆਂ ਕਿ ਉਹ ਦਫਤਰਾਂ ਵਿਚ ਬੈਠ ਕੇ ਲੋਕਾਂ ਦੇ ਕੰਮ ਕਰਨ ਅਤੇ ਨਾਲ ਹੀ ਉਨ੍ਹਾਂ ਕਿਹਾਲ ਕਿ ਉਨ੍ਹਾਂ ਦੇ ਪਾਰਟੀ ਵਲੰਟੀਅਰਾਂ ਨੂੰ ਵੀ ਪਿਆਰ ਨਾਲ ਪੇਸ਼ ਆਉਣ ਅਤੇ ਉਨ੍ਹਾਂ ਦੇ ਕੰਮ ਕਰਨ। ਬੈਠਕ ਵਿਚ ਮੰਤਰੀ ਧਾਲੀਵਾਲ ਨੇ ਸਟਰੀਟ ਲਾਈਟਾਂ ਨੂੰ ਲੈ ਕੇ ਕਿਹਾ ਕਿ 10 ਦਿਨਾਂ ਵਿਚ ਸ੍ਰੀ ਦਰਬਾਰ ਸਾਹਿਬ, ਹੈਰੀਟੇਜ ਸਟਰੀਟ ਦਾ ਆਲਾ ਦੁਆਲਾ ਸਾਰਾ ਜਗਮਗ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਕਮਿਸ਼ਨਰੇਟ ’ਚ ਵੱਡਾ ਫੇਰਬਦਲ, 112 SI, ASI ਅਤੇ ਹੈੱਡ ਕਾਂਸਟੇਬਲਾਂ ਦੇ ਹੋਏ ਤਬਾਦਲੇ

ਉਨ੍ਹਾਂ ਨੂੰ ਕੋਈ ਵੀ ਸਟਰੀਟ ਲਾਈਟ ਖ਼ਰਾਬ ਨਹੀਂ ਦਿੱਖਣੀ ਚਾਹੀਦੀ। ਉਥੇ ਹੀ ਸ਼ਹਿਰ ਦੀ ਕੂੜੇ ਦੀ ਸਮੱਸਿਆ ਨੂੰ ਲੈ ਕੇ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਚੋਣਾਂ ਦੇ ਦੌਰਾਨ ਉਨ੍ਹਾਂ ਨੂੰ ਹਰ ਮੰਚ ’ਤੇ ਕੂੜੇ ਦੀ ਲਿਫਟਿੰਗ ਨੂੰ ਲੈ ਕੇ ਸ਼ਿਕਾਇਤਾਂ ਮਿਲੀਆਂ ਹਨ ਅਤੇ ਨਿਗਮ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਲੋਕ ਨਿਰਾਸ਼ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਵਿੱਖ ਵਿਚ ਸ਼ਹਿਰ ਵਿਚ ਕੋਈ ਨਾਜਾਇਜ਼ ਉਸਾਰੀ ਨਾ ਹੋਵੇ ਅਤੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਇਕ ਟੀਮ ਵਜੋਂ ਕੰਮ ਕਰਨ ਲਈ ਅੱਗੇ ਆਉਣ।

ਮੀਟਿੰਗ ਵਿਚ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ, ਸੰਯੁਕਤ ਕਮਿਸ਼ਨਰ ਸੁਰਿੰਦਰ ਸਿੰਘ, ਅਧਿਕਾਰੀ ਅਤੇ ਵਿਧਾਇਕ ਜੀਵਨਜੋਤ ਕੌਰ, ਵਿਧਾਇਕ ਡਾ. ਜਸਬੀਰ ਸਿੰਘ, ਵਿਧਾਇਕ ਡਾ. ਅਜੇ ਗੁਪਤਾ, ਚੇਅਰਮੈਨ ਜਸਪ੍ਰੀਤ ਸਿੰਘ, ਇਕਬਾਲ ਸਿੰਘ ਭੁੱਲਰ, ਤਲਬੀਰ ਸਿੰਘ ਗਿੱਲ, ਅਰਵਿੰਦਰ ਸਿੰਘ ਭੱਟੀ, ਗੁਰਪ੍ਰੀਤ ਸਿੰਘ ਕਟਾਰੀਆ, ਬਲਜਿੰਦਰ ਸਿੰਘ ਥਾਂਦੇ, ਜਰਨੈਲ ਸਿੰਘ ਢੋਟ, ਸਤਪਾਲ ਸੋਖੀ ਅਤੇ ਹੋਰ ਆਗੂ ਵੀ ਹਾਜ਼ਰ ਸਨ।

ਜਿਸ ਇਲਾਕੇ ’ਚ ਹੋਈ ਨਾਜਾਇਜ਼ ਉਸਾਰੀ, ਉਹ ਅਫਸਰ ਹੋਵੇਗਾ ਜ਼ਿੰਮੇਵਾਰ

ਮੰਤਰੀ ਧਾਲੀਵਾਲ ਨੇ ਕਿਹਾ ਕਿ ਜਿਸ ਵੀ ਅਧਿਕਾਰੀ ਅਧੀਨ ਪੈਂਦੇ ਇਲਾਕੇ ਵਿਚ ਕੋਈ ਨਾਜਾਇਜ਼ ਉਸਾਰੀ ਉਸ ਲਈ ਉਸ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ। ਗੁਰੂ ਨਗਰੀ ਵਿਚ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਰ, ਰਾਮਤੀਰਥ ਮੰਦਰ ਪਵਿੱਤਰ ਸਥਾਨ ਹੋਣ, ਦੀ ਸਾਫ ਸਫ਼ਾਈ ਵਿਚ ਢਿੱਲ-ਮੱਠ ਨਹੀਂ ਰਹਿਣੀ ਚਾਹੀਦੀ, ਕਿਉਂਕਿ ਇਸ ਨਾਲ ਸ਼ਹਿਰ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੇ ਮਨ ਨੂੰ ਵੱਡੀ ਠੇਸ ਵੱਜਦੀ ਹੈ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਆਉਣ ਵਾਲੀਆਂ ਸੰਗਤਾਂ ਲਈ ਖ਼ਾਸ ਖ਼ਬਰ, ਕਮਰਾ ਬੁੱਕ ਕਰਨ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਮੱਸਿਆਵਾਂ ਬੇਹੱਦ ਪੇਚੀਦਾ ਅਤੇ ਸੰਕਟ ਵਾਲੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਸਮਾਂ ਤਾਂ ਲੱਗ ਸਕਦਾ ਹੈ, ਪਰ ਦੂਰ ਕੀਤੀਆਂ ਜਾਣਗੀਆਂ। ਧਾਲੀਵਾਲ ਨੇ ਕਿਹਾ ਕਿ ਸਾਫ ਸੁਥਰਾ ਆਲਾ ਦੁਆਲਾ, ਸੀਵਰੇਜ, ਪੀਣ ਲਈ ਸਾਫ ਪਾਣੀ ਹਰ ਸ਼ਹਿਰੀ ਦਾ ਬੁਨਿਆਦੀ ਹੱਕ ਅਤੇ ਇਸ ਹੱਕ ਤੋਂ ਉਨ੍ਹਾਂ ਨੂੰ ਵਾਂਝਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਭਾਵੇਂ ਇਸ ਲਈ ਪੁਰਾਣੀਆਂ ਸਰਕਾਰਾਂ ਵੱਲੋਂ ਕੀਤੇ ਗਏ ਇਕਰਾਰਨਾਮੇ ਵੱਡੀ ਰੁਕਾਵਟ ਬਣ ਰਹੇ ਹਨ, ਪਰ ਇਸ ਦੀ ਓਟ ਵਿਚ ਅਸੀਂ ਆਪਣੇ ਫਰਜ਼ਾਂ ਤੋਂ ਭਜ ਨਹੀਂ ਸਕਦੇ। ਗੁਰੂ ਨਗਰੀ, ਜਿਸ ਦੇ ਦਰਸ਼ਨਾਂ ਨੂੰ ਸੰਸਾਰ ਭਰ ਵਿਚੋਂ ਲੋਕ ਆਉਂਦੇ ਹਨ, ਵਿਚ ਡਿਊਟੀ ਕਰਨੀ ਸੇਵਾ ਦੇ ਬਰਾਬਰ ਹੈ ਅਤੇ ਸਾਰੇ ਕਰਮਚਾਰੀ ਤੇ ਅਧਿਕਾਰੀ ਆਪਣੀ ਡਿਊਟੀ ਇਸ ਭਾਵਨਾ ਨਾਲ ਕਰਨ।

ਸ਼ਹਿਰ ਵਿਚ ਵੱਡੇ ਪੱਧਰ ’ਤੇ ਲਗਾਏ ਜਾਣ ਬੂਟੇ

ਮੰਤਰੀ ਧਾਲੀਵਾਲ ਨੇ ਪਿਛਲੇ ਸਮੇਂ ਦੌਰਾਨ ਸ਼ਹਿਰ ਵਿਚ ਲੱਗੇ ਖਜ਼ੂਰ ਦੇ ਬੂਟਿਆਂ ਨੂੰ ਲੈ ਕੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਬਰਸਾਤ ਦੇ ਸੀਜ਼ਨ ਵਿਚ ਸ਼ਹਿਰ ਵਿਚ ਵੱਡੇ ਪੱਧਰ ’ਤੇ ਬੂਟੇ ਲਗਾਉਣ ਲਈ ਜ਼ੋਰ ਦਿੱਤਾ। ਇਸ ਵਾਰ ਬਹੁਤ ਮਹਿੰਗੀ ਕੀਮਤ ਵਾਲੇ ਖਜੂਰਾਂ ਦੇ ਬੂਟੇ ਨਹੀਂ ਲੱਗਣਗੇ, ਬਲਕਿ ਪੰਜਾਬ ਦੇ ਪੌਣ ਪਾਣੀ ਵਿਚ ਅਸਾਨੀ ਨਾਲ ਤੁਰਨ ਵਾਲੇ ਪੌਦੇ ਲਗਾਏ ਜਾਣਗੇ।
ਧਾਲੀਵਾਲ ਨੇ ਕਿਹਾ ਕਿ ਕੋਈ ਵੀ ਕੰਮ ਕਾਗਜ਼ਾਂ ਵਿਚ ਨਹੀਂ ਹੋਵੇਗਾ, ਬਲਕਿ ਧਰਾਤਲ ਪੱਧਰ ’ਤੇ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੋ ਵੀ ਟਰੈਕਟਰ ਜਾਂ ਹੋਰ ਸੰਦ ਸ਼ਹਿਰ ਦੇ ਸਫਾਈ ਪ੍ਰਬੰਧ ਵਿਚ ਲੱਗੇ ਹਨ, ਉਹ ਵੀ ਕੰਮ ਕਰਦੇ ਹੋਏ ਨਜ਼ਰ ਆਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਵੀ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਹਨ, ਉਹ ਪੂਰੇ ਕੀਤੇ ਜਾਣੇ ਹਨ ਅਤੇ ਇਸ ਲਈ ਸਾਰੇ ਅਧਿਕਾਰੀ ਸਰਕਾਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਦੀ ਪਾਲਣਾ ਹਰ ਹਾਲਤ ਯਕੀਨੀ ਬਣਾਉਣ।

ਇਹ ਵੀ ਪੜ੍ਹੋ- ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ ''ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਬਦਲਿਆ ਸਮਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News