ਪੰਜਾਬ ’ਚ ਨਿਗਮ ਚੋਣਾਂ ਨਾ ਕਰਵਾਈਆਂ ਤਾਂ ਅੰਦੋਲਨ ਕਰੇਗੀ ਭਾਜਪਾ : ਸ਼ਵੇਤ ਮਲਿਕ
Friday, Jun 14, 2024 - 03:27 PM (IST)
 
            
            ਅੰਮ੍ਰਿਤਸਰ (ਕਮਲ)-ਸਾਬਕਾ ਸੰਸਦ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਭਾਜਪਾ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਪਿਛਲੇ ਡੇਢ ਸਾਲ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨਿਗਮ ਚੋਣਾਂ ਨਹੀਂ ਕਰਵਾ ਰਹੇ, ਜਦਕਿ ਸ਼ਹਿਰ ਵਿਚ ਕੌਂਸਲਰ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ।
ਮਲਿਕ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਵਿਚ ਨਗਰ ਨਿਗਮ ਚੋਣਾਂ ਨਾ ਕਰਵਾਈਆਂ ਤਾਂ ਭਾਜਪਾ ਸੜਕਾਂ ’ਤੇ ਆ ਕੇ ਚੋਣਾਂ ਕਰਵਾਉਣ ਲਈ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਵੇਗੀ। ਮਲਿਕ ਨੇ ਕਿਹਾ ਕਿ ਦੁਨੀਆ ਭਰ ਦੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਖਿੱਚ ਦਾ ਮੁੱਖ ਕੇਂਦਰ ਅੰਮ੍ਰਿਤਸਰ ਵਰਗੇ ਪਵਿੱਤਰ ਅਤੇ ਧਾਰਮਿਕ ਸ਼ਹਿਰ ਨੂੰ ਕੂੜੇ ਅਤੇ ਗੰਦਗੀ ਦੇ ਢੇਰ ਵਿਚ ਤਬਦੀਲ ਕਰਨ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਹੈ।ਅੰਮ੍ਰਿਤਸਰ ਸ਼ਹਿਰ ਦੇ 85 ਵਾਰਡਾਂ ਵਿਚ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਜਾਮ ਸੀਵਰੇਜ ਅਤੇ ਪੀਣ ਵਾਲੇ ਗੰਦੇ ਪਾਣੀ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਸ਼ਹਿਰ ਦੀਆਂ ਸੜਕਾਂ ਦੀ ਹਾਲਤ ਖਸਤਾ ਹੈ।
ਇਹ ਵੀ ਪੜ੍ਹੋ- ਸੁਖਜਿੰਦਰ ਸਿੰਘ ਰੰਧਾਵਾ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ
ਮਲਿਕ ਨੇ ਕਿਹਾ ਕਿ ਇਹ ਹਾਲਾਤ ਸਿਰਫ਼ ਗੁਰੂ ਨਗਰੀ ਅੰਮ੍ਰਿਤਸਰ ਦੇ ਹੀ ਨਹੀਂ ਹਨ, ਸਗੋਂ ਪੰਜਾਬ ਦੀਆਂ ਪੰਜੇ ਨਗਰ ਨਿਗਮਾਂ ਅਧੀਨ ਆਉਂਦੇ ਇਲਾਕਿਆਂ ਦੇ ਵੀ ਇਹ ਹੀ ਹਾਲਾਤ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪੰਜ ਨਗਰ ਨਿਗਮਾਂ ਵਿਚ ਅਜੇ ਤੱਕ ਨਿਗਮ ਚੋਣਾਂ ਨਹੀਂ ਕਰਵਾਈਆਂ ਗਈਆਂ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀਆਂ ਸਾਰੀਆਂ ਪੰਜ ਨਗਰ ਨਿਗਮਾਂ ਵਿਚ ਲੋਕ ਸਭਾ ਚੋਣਾਂ ਹਾਰ ਚੁੱਕੇ ਹਨ ਅਤੇ ਇਸੇ ਕਰ ਕੇ ਨਗਰ ਨਿਗਮ ਚੋਣਾਂ ਕਰਵਾਉਣ ਤੋਂ ਭੱਜ ਰਹੇ ਹਨ।
ਇਹ ਵੀ ਪੜ੍ਹੋ- ਰੋਜ਼ੀ-ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਵਿਅਕਤੀ ਕਸੂਤਾ ਫਸਿਆ, ਸਜ਼ਾ ਕੱਟਣ ਦੇ ਬਾਵਜੂਦ ਨਹੀਂ ਕੀਤਾ ਰਿਹਾਅ
ਮਲਿਕ ਨੇ ਕਿਹਾ ਕਿ ਮੈਂ ਮੇਅਰ ਵਜੋਂ ਆਪਣੇ ਕਾਰਜਕਾਲ ਦੌਰਾਨ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਹਨ, ਜਿਨ੍ਹਾਂ ਵਿਚ ਸੜਕਾਂ, ਸੀਵਰੇਜ ਦੀ ਸਫ਼ਾਈ, ਕੂੜਾ ਚੁੱਕਣਾ, ਪੀਣ ਵਾਲੇ ਸਾਫ਼ ਪਾਣੀ ਲਈ ਟਿਊਬਵੈੱਲ ਲਗਾਉਣ ਸਮੇਤ ਹੋਰ ਬਹੁਤ ਸਾਰੇ ਕੰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਨਗਰ ਨਿਗਮ ਚੋਣਾਂ ਨਾ ਕਰਵਾਉਣਾ ਪੰਜਾਬ ਸਰਕਾਰ ਦੀ ਵੱਡੀ ਨਾਕਾਮੀ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵੱਡੀ ਘਟਨਾ, ਸ਼ਰਾਰਤੀ ਅਨਸਰਾਂ ਨੇ ਸ੍ਰੀ ਗੁਰੂ ਰਵਿਦਾਸ ਮੰਦਿਰ ’ਚ ਭੰਨਤੋੜ ਕਰ ਕੀਤੀ ਬੇਅਦਬੀ
ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਲੋਕਾਂ ਲਈ ਨਗਰ ਨਿਗਮ ਚੋਣਾਂ ਜਲਦੀ ਕਰਾਉਣ। ਸ਼ਵੇਤ ਮਲਿਕ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਇਸ ਮੌਕੇ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਇਸ ਦੇ ਵਰਕਰ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸ ਮੌਕੇ ਸਲਿਲ ਕਪੂਰ, ਸਾਬਕਾ ਜ਼ਿਲਾ ਪ੍ਰਧਾਨ ਆਨੰਦ ਸ਼ਰਮਾ, ਰਾਜੀਵ ਭਗਤ ਅਤੇ ਜਸਪਾਲ ਸਿੰਘ ਸ਼ੰਟੂ ਆਦਿ ਹਾਜ਼ਰ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            