ਆਰਥਿਕ ਤੌਰ ’ਤੇ ਪਹਿਲਾਂ ਹੀ ਕੰਗਾਲ ਹੈ ਨਗਰ ਨਿਗਮ ਪਰ ਬ੍ਰਾਂਡਰਥ ਰੋਡ ਦੀ ਠੀਕ ਸੜਕ ਨੂੰ ਦੋਬਾਰਾ ਬਣਾਇਆ ਜਾਣ ਲੱਗਾ

Tuesday, Jun 25, 2024 - 12:35 PM (IST)

ਆਰਥਿਕ ਤੌਰ ’ਤੇ ਪਹਿਲਾਂ ਹੀ ਕੰਗਾਲ ਹੈ ਨਗਰ ਨਿਗਮ ਪਰ ਬ੍ਰਾਂਡਰਥ ਰੋਡ ਦੀ ਠੀਕ ਸੜਕ ਨੂੰ ਦੋਬਾਰਾ ਬਣਾਇਆ ਜਾਣ ਲੱਗਾ

ਜਲੰਧਰ (ਖੁਰਾਣਾ)-ਜਲੰਧਰ ਨਗਰ ਨਿਗਮ ਪਿਛਲੇ ਕੁਝ ਸਮੇਂ ਤੋਂ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸੇ ਜੂਨ ਮਹੀਨੇ ਨਗਰ ਨਿਗਮ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਮਹੀਨਾਵਾਰ ਤਨਖ਼ਾਹਾਂ ਮਿਲਣ ਵਿਚ 20 ਦਿਨਾਂ ਦੀ ਦੇਰੀ ਹੋਈ। ਦਰਅਸਲ, ਜਲੰਧਰ ਨਿਗਮ ਪੰਜਾਬ ਸਰਕਾਰ ਦੀ ਉਸ ਗ੍ਰਾਂਟ ਦੇ ਸਹਾਰੇ ਹੀ ਚੱਲ ਰਿਹਾ ਹੈ, ਜੋ ਜੀ. ਐੱਸ. ਟੀ. ਸ਼ੇਅਰ ਦੇ ਰੂਪ ਵਿਚ ਜਲੰਧਰ ਨਿਗਮ ਨੂੰ ਹਰ ਮਹੀਨੇ ਭੇਜੀ ਜਾਂਦੀ ਹੈ। ਨਿਗਮ ਇਸ ਗ੍ਰਾਂਟ ਦੇ ਸਾਰੇ ਪੈਸਿਆਂ ਨੂੰ ਆਪਣੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ ਖ਼ਰਚ ਕਰ ਦਿੰਦਾ ਹੈ। ਜਿਸ ਮਹੀਨੇ ਜੀ. ਐੱਸ. ਟੀ. ਸ਼ੇਅਰ ਵਾਲੀ ਗ੍ਰਾਂਟ ਮਿਲਣ ਵਿਚ ਦੇਰੀ ਹੁੰਦੀ ਹੈ, ਉਸ ਮਹੀਨੇ ਮੁਲਾਜ਼ਮਾਂ ਦੀ ਤਨਖ਼ਾਹ ਵੀ ਲੇਟ ਹੋ ਜਾਂਦੀ ਹੈ।

ਖ਼ਾਸ ਗੱਲ ਇਹ ਵੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਲੰਧਰ ਨਿਗਮ ਦੀ ਆਪਣੀ ਕਮਾਈ ਦੇ ਸਾਰੇ ਰਸਤੇ ਬੰਦ ਪਏ ਹਨ। ਨਿਗਮ ਦੀ ਆਮਦਨ ਵਧਾਉਣ ਦੀ ਕੋਈ ਵਿਸ਼ੇਸ਼ ਮੁਹਿੰਮ ਨਹੀਂ ਚਲਾਈ ਗਈ। ਅਜਿਹੇ ਵਿਚ ਨਿਗਮ ਦਾ ਖਜ਼ਾਨਾ ਲਗਭਗ ਖਾਲੀ ਪਿਆ ਹੋਇਆ ਹੈ। ਜ਼ਰੂਰੀ ਖ਼ਰਚਿਆਂ ਲਈ ਵੀ ਨਿਗਮ ਕੋਲ ਪੈਸਿਆਂ ਦੀ ਤੰਗੀ ਹੈ। ਇਸ ਦੇ ਬਾਵਜੂਦ ਜਲੰਧਰ ਨਿਗਮ ਕਈ ਅਜਿਹੇ ਕੰਮਾਂ ’ਤੇ ਲੱਖਾਂ-ਕਰੋੜਾਂ ਰੁਪਏ ਖ਼ਰਚ ਰਿਹਾ ਹੈ, ਜਿਨ੍ਹਾਂ ਕੰਮਾਂ ਦੀ ਅਜੇ ਕੋਈ ਲੋੜ ਹੀ ਨਹੀਂ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਨਗਰ ਨਿਗਮ ਮੁੱਖ ਦਫਤਰ ਤੋਂ ਲੱਗਭਗ ਇਕ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਨਾਜ਼ ਸਿਨੇਮਾ ਦੇ ਬਿਲਕੁਲ ਸਾਹਮਣੇ ਵਾਲੀ ਬ੍ਰਾਂਡਰਥ ਰੋਡ ਹੈ, ਜੋ ਇਸ ਸਮੇਂ ਬਿਲਕੁਲ ਠੀਕ-ਠਾਕ ਹਾਲਤ ਵਿਚ ਹੈ ਪਰ ਬੀਤੀ ਰਾਤ ਨਿਗਮ ਦੇ ਇਕ ਠੇਕੇਦਾਰ ਨੇ ਇਸ ਸੜਕ ਨੂੰ ਨਵੀਂ ਬਣਾਉਣ ਦੇ ਮੰਤਵ ਨਾਲ ਡਿੱਚ ਮਸ਼ੀਨ ਨਾਲ ਪੁੱਟ ਦਿੱਤਾ।

ਇਹ ਵੀ ਪੜ੍ਹੋ- ਨੰਗਲ 'ਚ ਵੱਡੀ ਵਾਰਦਾਤ: ਝਗੜੇ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲ਼ੀਆਂ

ਅੱਖੀਂ ਵੇਖਣ ਵਾਲੇ ਦੱਸਦੇ ਹਨ ਕਿ ਡਿੱਚ ਮਸ਼ੀਨ ਨਾਲ ਜਿਸ ਸੜਕ ਨੂੰ ਪੁੱਟਿਆ ਗਿਆ, ਉਹ ਬਿਲਕੁਲ ਠੀਕ-ਠਾਕ ਹਾਲਤ ਵਿਚ ਸੀ ਅਤੇ ਇੰਨੀ ਮਜ਼ਬੂਤ ਸੀ ਕਿ ਡਿੱਚ ਨਾਲ ਵੀ ਨਹੀਂ ਟੁੱਟ ਰਹੀ ਸੀ। ਨਾਜ਼ ਸਿਨੇਮਾ ਤੋਂ ਲੈ ਕੇ ਸ਼ੇਖਾਂ ਬਾਜ਼ਾਰ ਦੇ ਮੋੜ ਤਕ ਇਸ ਸੜਕ ਵਿਚ 2-4 ਸਥਾਨ ਅਜਿਹੇ ਸਨ, ਜਿੱਥੇ ਪੈਚਵਰਕ ਦੀ ਲੋੜ ਸੀ। ਉਥੇ ਵੀ, ਕੁਝ ਦੁਕਾਨਦਾਰਾਂ ਨੇ ਵਾਟਰ ਸੀਵਰ ਕੁਨੈਕਸ਼ਨ ਲੈਣ ਲਈ ਸੜਕ ਨੂੰ ਤੋੜਿਆ ਸੀ, ਜਿਸ ਕਾਰਨ ਉਥੇ ਰਿਪੇਅਰ ਦੀ ਲੋੜ ਮਹਿਸੂਸ ਹੋ ਰਹੀ ਸੀ ਪਰ ਇਸ ਦੀ ਬਜਾਏ ਨਗਰ ਨਿਗਮ ਦੇ ਅਧਿਕਾਰੀਆਂ ਨੇ ਪੂਰੀ ਸੜਕ ਦਾ ਹੀ ਐਸਟੀਮੇਟ ਬਣਾ ਦਿੱਤਾ ਅਤੇ ਹੁਣ ਉਥੇ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਸੋਮਵਾਰ ਸਵੇਰੇ ਜਦੋਂ ਦੁਕਾਨਦਾਰ ਬਾਜ਼ਾਰ ਵਿਚ ਆਏ ਤਾਂ ਠੀਕ-ਠਾਕ ਸੜਕ ਨੂੰ ਟੁੱਟਿਆ ਵੇਖ ਕਾਫ਼ੀ ਹੈਰਾਨ ਹੋਏ। ਉਨ੍ਹਾਂ ਨਗਰ ਨਿਗਮ ਵੱਲੋਂ ਕੀਤੀ ਜਾ ਰਹੀ ਫਜ਼ੂਲਖਰਚੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ ਲਾਇਆ ਕਿ ਨਿਗਮ ਅਧਿਕਾਰੀ ਕਮੀਸ਼ਨਾਂ ਦੇ ਚੱਕਰ ਵਿਚ ਬਿਨਾਂ ਲੋੜ ਵਾਲੇ ਕੰਮ ਵੀ ਕਰਵਾਈ ਜਾ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਨਿਗਮ ਇਹ ਪੈਸਾ ਉਨ੍ਹਾਂ ਥਾਵਾਂ ’ਤੇ ਖਰਚ ਕਰ ਸਕਦਾ ਹੈ, ਜਿਥੇ ਸੜਕਾਂ ਟੁੱਟੀਆਂ ਹੋਈਆਂ ਹਨ ਅਤੇ ਲੋਕਾਂ ਨੂੰ ਪਾਣੀ ਅਤੇ ਸੀਵਰੇਜ ਵੀ ਨਹੀਂ ਮਿਲ ਰਿਹਾ।

ਦੁਕਾਨਦਾਰਾਂ ਦਾ ਕਾਰੋਬਾਰ ਰਹੇਗਾ ਪ੍ਰਭਾਵਿਤ
ਨਗਰ ਨਿਗਮ ਦੀ ਫਜ਼ੂਲਖਰਚੀ ’ਤੇ ਰੋਸ ਪ੍ਰਦਰਸ਼ਨ ਕਰਨ ਵਾਲੇ ਰੈਣਕ ਬਾਜ਼ਾਰ, ਸ਼ੇਖਾਂ ਬਾਜ਼ਾਰ ਅਤੇ ਬ੍ਰਾਂਡਰਥ ਰੋਡ ਦੇ ਦੁਕਾਨਦਾਰਾਂ ਨੇ ਕਿਹਾ ਕਿ ਜਿਸ ਤਰ੍ਹਾਂ ਨਗਰ ਨਿਗਮ ਪਹਿਲਾਂ ਤੋਂ ਮਜ਼ਬੂਤ ਬਣੀ ਹੋਈ ਸੜਕ ਨੂੰ ਤੋੜਨ ਜਾ ਰਿਹਾ ਹੈ ਅਤੇ ਬਾਅਦ ਵਿਚ ਉਸਨੂੰ ਬਣਾਉਣ ਵਿਚ ਵੀ ਕਈ ਹਫ਼ਤੇ ਲੱਗ ਜਾਣਗੇ। ਅਜਿਹੇ ਹਾਲਾਤ ਵਿਚ ਦੁਕਾਨਦਾਰਾਂ ਦਾ ਕਾਰੋਬਾਰ ਲੰਮੇ ਸਮੇਂ ਤਕ ਪ੍ਰਭਾਵਿਤ ਰਹੇਗਾ। ਦੁਕਾਨਦਾਰਾਂ ਨੇ ਕਿਹਾ ਕਿ ਬਾਜ਼ਾਰ ਵਿਚ ਸੜਕ ਬਿਲਕੁਲ ਠੀਕ-ਠਾਕ ਹਾਲਤ ਵਿਚ ਹੈ, ਇਸ ਲਈ ਨਿਗਮ ਨੂੰ ਨਵੀਂ ਸੜਕ ਬਣਾਉਣ ਦੀ ਲੋੜ ਨਹੀਂ ਹੈ।

ਨਿਗਮ ਕਮਿਸ਼ਨਰ ਨੇ ਦਿੱਤੇ ਜਾਂਚ ਦੇ ਹੁਕਮ
ਦੁਪਹਿਰ ਦੇ ਸਮੇਂ ਜਦੋਂ ਇਹ ਮਾਮਲਾ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਤਕ ਪੁੱਜਾ ਤਾਂ ਉਨ੍ਹਾਂ ਨਿਗਮ ਦੇ ਬੀ. ਐਂਡ ਆਰ. ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ ਉਕਤ ਸੜਕ ਬਾਰੇ ਰਿਪੋਰਟ ਤਲਬ ਕਰ ਲਈ ਅਤੇ ਸਾਈਟ ’ਤੇ ਜਾ ਕੇ ਜਾਂਚ ਕਰਨ ਨੂੰ ਕਿਹਾ। ਹੁਣ ਦੇਖਣਾ ਹੈ ਕਿ ਤੋੜੀ ਗਈ ਸੜਕ ਬਾਰੇ ਨਿਗਮ ਕਮਿਸ਼ਨਰ ਕੀ ਫੈਸਲਾ ਲੈਂਦੇ ਹਨ।

ਇਹ ਵੀ ਪੜ੍ਹੋ- Elante Mall 'ਚ  TOY Train ਤੋਂ ਡਿੱਗ ਕੇ ਹੋਈ ਬੱਚੇ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਹਾਦਸੇ ਦੀ CCTV ਫੁਟੇਜ਼ ਆਈ ਸਾਹਮਣੇ 

ਫਜ਼ੂਲ ਦੇ ਕੰਮਾਂ ਦੇ ਐਸਟੀਮੇਟ ਬਣਾ ਕੇ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾ ਰਹੇ ਹਨ ਕੁਝ ਜੇ. ਈਜ਼
ਇਨ੍ਹੀਂ ਦਿਨੀਂ ਜਦੋਂ ਕਿ ਨਗਰ ਨਿਗਮ ਆਰਥਿਕ ਸੰਕਟ ਵਿਚ ਹੈ ਅਤੇ ਨਿਗਮ ਸਿਰਫ਼ ਜ਼ਰੂਰੀ ਖ਼ਰਚ ਕੀਤੇ ਜਾ ਰਹੇ ਹਨ ਅਤੇ ਅਜਿਹੀ ਹਾਲਤ ਆਉਣ ਦਾ ਸਭ ਤੋਂ ਵੱਡਾ ਕਾਰਨ ਇਹੀ ਨਜ਼ਰ ਆਉਂਦਾ ਹੈ। ਇਸ ਸਮੇਂ ਜਲੰਧਰ ਨਗਰ ਨਿਗਮ ਵਿਚ ਕਈ ਜੇ. ਈ. ਅਜਿਹੇ ਹਨ, ਜੋ ਫਜ਼ੂਲ ਦੇ ਕੰਮਾਂ ਦੇ ਵੀ ਐਸਟੀਮੇਟ ਬਣਾਈ ਜਾ ਰਹੇ ਹਨ, ਉਹ ਐਸਟੀਮੇਟ ਪਾਸ ਵੀ ਹੋ ਰਹੇ ਹਨ ਅਤੇ ਉਨ੍ਹਾਂ ਦੇ ਆਧਾਰ ’ਤੇ ਉਹ ਕੰਮ ਵੀ ਕਰਵਾਏ ਜਾ ਰਹੇ ਹਨ, ਜਿਨ੍ਹਾਂ ਦੀ ਕੋਈ ਲੋੜ ਹੀ ਨਹੀਂ ਹੁੰਦੀ। ਕਈ ਕੰਮ ਅਜਿਹੇ ਗਿਣਾਏ ਜਾ ਸਕਦੇ ਹਨ, ਜੋ 1-2 ਲੱਖ ਰੁਪਏ ਦੀ ਰਿਪੇਅਰ ਨਾਲ ਕੀਤੇ ਜਾ ਸਕਦੇ ਹਨ ਪਰ ਅਜਿਹਾ ਨਾ ਕਰ ਕੇ 20-30 ਲੱਖ ਰੁਪਏ ਦਾ ਐਸਟੀਮੇਟ ਬਣਾ ਦਿੱਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਨਗਰ ਨਿਗਮ ਦੀ ਆਰਥਿਕ ਤੰਗੀ ਦੂਰ ਹੋਣ ਦਾ ਨਾਂ ਨਹੀਂ ਲੈ ਰਹੀ। ਬ੍ਰਾਂਡਰਥ ਰੋਡ ਨੂੰ ਵੀ ਰਿਪੇਅਰ ਕਰ ਕੇ ਨਿਗਮ ਲੱਗਭਗ 50 ਲੱਖ ਰੁਪਏ ਦੀ ਬੱਚਤ ਕਰ ਸਕਦਾ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ਮੁਲਾਜ਼ਮਾਂ ਦਾ ਵੱਡਾ ਕਾਰਾ, SAD ਦੇ ਸਾਬਕਾ ਕੌਂਸਲਰ ਦੇ ਪੁੱਤ ਨੂੰ ਅਗਵਾ ਕਰਕੇ ਮੰਗੀ ਫਿਰੌਤੀ

ਸੀ. ਐੱਮ. ਗ੍ਰਾਂਟ ਦੇ ਸਮੇਂ ਵੀ ਐਸਟੀਮੇਟਾਂ ਵਿਚ ਗੜਬੜੀ ਆਈ ਸੀ ਸਾਹਮਣੇ
ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ ਜਲੰਧਰ ਸ਼ਹਿਰ ਦੇ ਵਿਕਾਸ ਲਈ 50 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ। ਕਾਫੀ ਸਮੇਂ ਤਕ ਜਲੰਧਰ ਨਿਗਮ ਦੇ ਅਧਿਕਾਰੀ ਸੀ. ਐੱਮ. ਵੱਲੋਂ ਦਿੱਤੀ ਗਈ ਗ੍ਰਾਂਟ ਦੀ ਸਹੀ ਵਰਤੋਂ ਹੀ ਨਹੀਂ ਕਰ ਸਕੇ ਸਨ। ਗ੍ਰਾਂਟ ਦੇ ਕੰਮਾਂ ਸਬੰਧੀ ਟੈਂਡਰ ਹੀ ਬਹੁਤ ਦੇਰ ਬਾਅਦ ਲੱਗੇ ਅਤੇ ਉਸ ਤੋਂ ਬਾਅਦ ਆਏ ਬਰਸਾਤੀ ਸੀਜ਼ਨ ਨੇ ਕੰਮਾਂ ਵਿਚ ਅੜਿੱਕਾ ਪਾਇਆ। ਇਸ ਗ੍ਰਾਂਟ ਨਾਲ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਕਈ ਅਜਿਹੇ ਕੰਮਾਂ ਦੇ ਐਸਟੀਮੇਟ ਬਣਾ ਦਿੱਤੇ ਸਨ, ਜਿਨ੍ਹਾਂ ਦੀ ਕੋਈ ਲੋਡ਼ ਹੀ ਨਹੀਂ ਸੀ।
ਖ਼ਾਸ ਗੱਲ ਇਹ ਹੈ ਕਿ ਸੀ. ਐੱਮ. ਦੀ ਗ੍ਰਾਂਟ ਵਿਚ ਹੋਈ ਇਸ ਗੜਬੜੀ ਬਾਰੇ ਪਿਛਲੇ ਸਾਲ ‘ਪੰਜਾਬ ਕੇਸਰੀ’ਨੇ ਜਦੋਂ ਨਿਯਮਿਤ ਰੂਪ ਨਾਲ ਮੁਹਿੰਮ ਚਲਾਈ, ਉਦੋਂ ਮੰਤਰੀ ਦਫਤਰ ਹਰਕਤ ਵਿਚ ਆਇਆ ਅਤੇ ਉਸ ਨੇ ਸੀ. ਐੱਮ. ਵੱਲੋਂ ਜਲੰਧਰ ਨਿਗਮ ਨੂੰ ਦਿੱਤੀ ਗਈ ਗ੍ਰਾਂਟ ਨਾਲ ਚੱਲ ਰਹੇ ਕੰਮਾਂ ਦੀ ਚੈਕਿੰਗ ਲੋਕਲ ਬਾਡੀਜ਼ ਵਿਭਾਗ ਦੇ ਚੀਫ ਇੰਜੀਨੀਅਰ ਮੁਕੁਲ ਸੋਨੀ ਅਤੇ ਅਸ਼ਵਨੀ ਚੌਧਰੀ ਤੋਂ ਕਰਵਾਈ, ਜਿਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਚੰਡੀਗੜ੍ਹ ਤੋਂ ਆ ਕੇ ਗ੍ਰਾਂਟ ਨਾਲ ਚੱਲ ਰਹੇ ਕੰਮਾਂ ਦੇ ਕਈ ਮੌਕੇ ਦੇਖੇ। ਇਸ ਜਾਂਚ ਵਿਚ ਕਈ ਕੰਮ ਅਜਿਹੇ ਨਿਕਲੇ, ਜਿਨ੍ਹਾਂ ’ਤੇ ਚੀਫ਼ ਇੰਜੀਨੀਅਰ ਨੇ ਇਤਰਾਜ਼ ਲਾ ਦਿੱਤਾ ਕਿ ਇਨ੍ਹਾਂ ਕੰਮਾਂ ਦੀ ਕੋਈ ਲੋਡ਼ ਹੀ ਨਹੀਂ ਹੈ, ਇਨ੍ਹਾਂ ਨੂੰ ਨਾ ਕਰਵਾਇਆ ਜਾਵੇ। ਇਹ ਸਿਲਸਿਲਾ ਅੱਜ ਵੀ ਇਸ ਲਈ ਨਹੀਂ ਰੁਕ ਰਿਹਾ ਕਿਉਂਕਿ ਪਿਛਲੇ ਸਮੇਂ ਦੌਰਾਨ ਹੋਈ ਨਾਲਾਇਕੀ ਲਈ ਕਿਸੇ ਅਧਿਕਾਰੀ ਨੂੰ ਜਵਾਬਦੇਹ ਨਹੀਂ ਬਣਾਇਆ ਗਿਆ।
 

ਇਹ ਵੀ ਪੜ੍ਹੋ- ਖੇਤਾਂ 'ਚ ਕੰਮ ਕਰਦੇ ਸਮੇਂ ਕਿਸਾਨ ਨਾਲ ਵਾਪਰੀ ਅਣਹੋਣੀ, ਇੰਝ ਆਵੇਗੀ ਮੌਤ ਕਦੇ ਸੋਚਿਆ ਨਾ ਸੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News