ਬਲਿਊ ਵ੍ਹੇਲ ਪਿੱਛੋਂ ਹੁਣ ਇਕ ਹੋਰ ਜਾਨਲੇਵਾ ਗੇਮ ਸਾਬਤ ਹੋ ਰਹੀ ਹੈ 'ਮੋਮੋ ਚੈਲੰਜ'

01/14/2019 1:01:39 PM

ਜਲੰਧਰ (ਵਿਸ਼ੇਸ਼)— ਬਲਿਊ ਵ੍ਹੇਲ ਪਿੱਛੋਂ ਹੁਣ ਬੱਚਿਆਂ ਲਈ ਵਟਸਐਪ ਗੇਮ 'ਮੋਮੋ  ਚੈਲੰਜ' ਜਾਨਲੇਵਾ ਸਾਬਤ ਹੋ ਰਹੀ ਹੈ। ਇਸ ਖਤਰਨਾਕ ਖੇਡ ਕਾਰਨ ਭਾਰਤ 'ਚ ਮੌਤ ਦੀ ਪਹਿਲੀ ਖਬਰ ਪਿਛਲੇ ਸਾਲ ਰਾਜਸਥਾਨ ਦੇ ਅਜਮੇਰ ਵਿਖੇ ਸਾਹਮਣੇ ਆਈ ਸੀ। ਉਥੇ ਮੋਮੋ ਗੇਮ ਦੇ ਚੱਕਰ 'ਚ ਦਸਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਆਤਮਹੱਤਿਆ ਕਰ ਲਈ ਸੀ। ਖਬਰਾਂ ਮੁਤਾਬਕ ਵਿਦਿਆਰਥਣ ਨੇ ਜਨਮ ਦਿਨ ਤੋਂ ਤਿੰਨ ਦਿਨ ਬਾਅਦ ਹੱਥਾਂ ਦੀਆਂ ਨਸਾਂ ਕੱਟੀਆਂ ਅਤੇ ਫਿਰ  ਫਾਹ ਲਾ ਕੇ ਜਾਨ ਦੇ ਦਿੱਤੀ। ਵਿਦਿਆਰਥਣ ਦੇ ਮੋਬਾਇਲ ਦੀ ਬਰਾਊਜ਼ਰ ਹਿਸਟਰੀ, ਮੋਮੋ ਚੈਲੰਜ ਗੇਮ ਦੇ ਨਿਯਮ ਅਤੇ ਸਰੀਰ 'ਤੇ ਬਣੇ ਨਿਸ਼ਾਨ ਕਾਰਨ ਜਾਂਚ ਏਜੰਸੀਆਂ ਦਾ ਧਿਆਨ ਇਸ ਵੱਲ ਗਿਆ  ਸੀ। 
ਰਾਜਸਥਾਨ ਪਿੱਛੋਂ ਹੁਣ ਪੰਜਾਬ 'ਚ ਸਾਈਬਰ ਕ੍ਰਾਈਮ ਸੈੱਲ ਨੇ ਸਮੁੱਚੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲਸ ਮੁਖੀਆਂ ਨੂੰ ਐਡਵਾਈਜ਼ਰੀ ਜਾਰੀ ਕਰ ਕੇ ਬੱਚਿਆਂ ਦੇ ਮਾਪਿਆਂ ਨੂੰ ਇਸ ਗੇਮ ਬਾਰੇ ਚੌਕਸ ਕਰਨ ਲਈ ਕਿਹਾ ਹੈ। ਸਾਈਬਰ ਕ੍ਰਾਈਮ ਵੱਲੋਂ ਇਹ ਐਡਵਾਈਜ਼ਰੀ ਪਿਛਲੇ ਸਾਲ ਪਟਿਆਲਾ ਦੀ ਇਕ ਮੁਟਿਆਰ ਵੱਲੋਂ ਭਾਖੜਾ ਨਹਿਰ 'ਚ ਛਾਲ ਮਾਰ ਕੇ ਜਾਨ ਦੇਣ ਪਿੱਛੋਂ ਹੋਈ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਜਾਰੀ ਕੀਤੀ ਗਈ ਹੈ।
ਉਕਤ ਮੁਟਿਆਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਮੋਬਾਇਲ ਫੁਟੇਜ ਰਾਹੀਂ ਸਾਈਬਰ ਕ੍ਰਾਈਮ ਦੇ ਸਾਹਮਣੇ ਕੁਝ ਇਸ ਤਰ੍ਹਾਂ ਦੇ ਤੱਥ ਆਉਣ ਪਿੱਛੋਂ ਇਸ ਸਬੰਧੀ ਡਰ ਪ੍ਰਗਟ ਕੀਤਾ ਗਿਆ ਹੈ। ਅਜਿਹੀ ਹੀ ਐਡਵਾਈਜ਼ਰੀ ਪੰਜਾਬ ਦੇ ਨਾਲ ਹੀ ਹਿਮਾਚਲ ਅਤੇ ਹੋਰਨਾਂ ਸੂਬਿਆਂ ਲਈ ਵੀ ਜਾਰੀ ਕੀਤੀ ਗਈ ਹੈ।

ਕੀ ਹੈ ਮੋਮੋ ਚੈਲੰਜ
ਅਸਲ 'ਚ ਇਹ ਇਕ ਵਟਸਐਪ ਆਧਾਰਤ 'ਖੂਨੀ  ਖੇਡ' ਹੈ। ਬਲਿਊ ਵ੍ਹੇਲ ਗੇਮ ਵਾਂਗ ਇਸ 'ਚ ਵੀ ਖਤਰਨਾਕ ਟਾਸਕ ਮਿਲਦਾ ਹੈ। ਸੋਸ਼ਲ ਮੀਡੀਆ 'ਤੇ ਜਾਪਾਨ ਦੇ ਏਰੀਆ ਕੋਡ ਵਾਲਾ ਨੰਬਰ ਵਾਇਰਲ ਹੁੰਦਾ ਹੈ। ਵਟਸਐਪ 'ਤੇ ਕਾਂਟੈਕਟ ਨੰਬਰ ਸੇਵ ਕਰਨ 'ਤੇ ਇਕ ਡਰਾਉਣੀ ਤਸਵੀਰ, ਜਿਸ ਦੀਆਂ ਦੋ ਵੱਡੀਆਂ-ਵੱਡੀਆਂ ਅੱਖਾਂ ਹਨ ਅਤੇ  ਜੋ ਪੀਲੇ ਰੰਗ ਦੀ ਹੁੰਦੀ ਹੈ, ਨਜ਼ਰ ਆਉਂਦੀ ਹੈ। ਇਕ ਡਰਾਉਣੀ ਜਿਹੀ ਮੁਸਕਾਨ ਅਤੇ ਟੇਡੇ-ਮੇਢੇ ਨੱਕ ਵਾਲੀ ਉਕਤ ਫੋਟੋ ਸਮੇਤ ਅਚਾਨਕ ਕਿਸੇ ਅਣਜਾਣ ਨੰਬਰ ਤੋਂ ਮੈਸੇਜ ਆਉਂਦਾ  ਹੈ।
ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਮੋਮੋ ਦੀ ਪ੍ਰੋਫਾਈਲ ਸਭ ਤੋਂ ਪਹਿਲਾਂ ਲੋਕਾਂ ਨੂੰ ਫੇਸਬੁੱਕ 'ਤੇ ਨਜ਼ਰ ਆਈ। ਪ੍ਰੋਫਾਈਲ 'ਚ ਲੱਗੀ ਤਸਵੀਰ ਦਾ ਚਿਹਰਾ 2016 'ਚ ਜਾਪਾਨ ਦੇ ਮਿਊਜ਼ੀਅਮ 'ਚ ਪ੍ਰਦਰਸ਼ਿਤ ਇਕ ਮੂਰਤੀ ਨਾਲ ਮਿਲਦਾ ਹੈ। ਦਿਲੋ-ਦਿਮਾਗ 'ਚ ਡਰ ਪੈਦਾ ਕਰਨ ਵਾਲੀ ਮੋਮੋ ਚੈਲੰਜ ਗੇਮ ਇਕ ਕਾਂਸਪੀਰੇਸੀ ਥਿਊਰੀ 'ਤੇ ਆਧਾਰਿਤ ਹੈ।

ਖਤਰਨਾਕ ਕਿਉਂ?
ਭਾਰਤ ਹੀ ਨਹੀਂ, ਅਮਰੀਕਾ ਤੋਂ ਅਰਜਨਟੀਨਾ, ਫਰਾਂਸ, ਜਰਮਨ ਆਦਿ ਦੇਸ਼ਾਂ 'ਚ ਵੀ ਇਹ ਖੂਨੀ ਖੇਡ ਆਪਣੀ ਦਹਿਸ਼ਤ ਫੈਲਾ ਚੁੱਕੀ ਹੈ। ਇਸ ਦੀ ਦਸਤਕ ਭਾਰਤ ਵਿਚ ਵੀ ਪਹੁੰਚ ਚੁੱਕੀ ਹੈ। ਮੈਕਸੀਕੋ ਦੀ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਮੁਤਾਬਕ ਜੇ ਤੁਸੀਂ ਅਣਜਾਣ ਨੰਬਰ ਤੋਂ ਆਏ ਮੈਸੇਜ 'ਤੇ ਮੋਮੋ ਨਾਲ ਗੱਲਬਾਤ ਕਰਦੇ ਹੋ ਤਾਂ ਤੁਹਾਨੂੰ 5 ਤਰ੍ਹਾਂ ਦੇ ਖਤਰੇ ਹੋ ਸਕਦੇ ਹਨ।
ਨਿੱਜੀ ਜਾਣਕਾਰੀ ਦਾ ਜਨਤਕ ਹੋਣਾ।
ਆਤਮਹੱਤਿਆ ਜਾਂ ਹਿੰਸਾ ਲਈ ਉਕਸਾਉਣਾ।
ਧਮਕਾਉਣਾ।
ਉਗਰਾਹੀ ਕਰਨਾ
ਸਰੀਰਕ ਤੇ ਮਨੋਵਿਗਿਆਨਕ ਟੈਨਸ਼ਨ ਪੈਦਾ ਕਰਨੀ।

ਇੰਝ ਬਚਾਓ ਬੱਚਿਆਂ ਨੂੰ
ਖਤਰਨਾਕ ਖੇਡ ਦੇ ਜਾਲ 'ਚ ਬੱਚੇ ਆਸਾਨੀ ਨਾਲ ਫਸ ਜਾਂਦੇ ਹਨ। ਇਸ ਲਈ ਮਾਪਿਆਂ ਨੂੰ ਵਿਸ਼ੇਸ਼ ਧਿਆਨ  ਦੇਣ ਦੀ ਲੋੜ ਹੈ। ਕੁਝ ਸਾਵਧਾਨੀਆਂ ਵਰਤ ਕੇ ਬੱਚਿਆਂ ਨੂੰ ਇਸ ਖੇਡ ਦੇ ਚੱਕਰ 'ਚ ਪੈਣ ਤੋਂ ਰੋਕਿਆ ਜਾ ਸਕਦਾ ਹੈ।
1. ਸੋਸ਼ਲ ਮੀਡੀਆ ਅਕਾਊਂਟ 'ਤੇ ਬੱਚਿਆਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖੋ। ਉਹ ਕੀ ਲਿਖ ਰਹੇ ਹਨ, ਕੀ ਪੋਸਟ ਕਰ ਰਹੇ ਹਨ, ਨੂੰ ਨਿਯਮਿਤ ਤੌਰ 'ਤੇ ਚੈੱਕ ਕਰੋ।
2. ਧਿਆਨ ਰੱਖੋ ਕਿ ਆਪਣੇ ਅਤੇ ਬੱਚਿਆਂ ਦੇ ਮੋਬਾਇਲ ਕਾਂਟੈਕਟ ਲਿਸਟ 'ਚ ਜਾਣੂਆਂ ਦੇ ਹੀ ਨੰਬਰ ਹੋਣ। ਫੋਨ 'ਚ ਪੈਟਰਨ ਲਾਕ ਦੀ ਸਹੂਲਤ ਵੀ ਰੱਖੋ।
3. ਬੱਚੇ ਜੇ ਗੁੰਮਸੁਮ, ਉਦਾਸ ਨਜ਼ਰ ਆਉਣ ਜਾਂ ਉਨ੍ਹਾਂ ਦੇ ਰਵੱਈਏ ਵਿਚ ਕੁਝ ਹੈਰਾਨੀਜਨਕ ਤਬਦੀਲੀ ਹੋਵੇ ਤਾਂ ਉਨ੍ਹਾਂ ਦੀ ਅੰਦਰੂਨੀ ਢੰਗ ਨਾਲ ਦੇਖਭਾਲ ਕਰੋ।


shivani attri

Content Editor

Related News