ਆਸਟ੍ਰੇਲੀਆ ਦੇ ਬੀਚ 'ਤੇ ਫਸੀਆਂ ਸੈਂਕੜੇ ਵ੍ਹੇਲ ਮੱਛੀਆਂ, ਵਾਲੰਟੀਅਰ ਕਰ ਰਹੇ ਬਚਾਉਣ ਦੀ ਕੋਸ਼ਿਸ਼
Friday, Apr 26, 2024 - 12:14 PM (IST)
ਸਿਡਨੀ- ਪੱਛਮੀ ਆਸਟ੍ਰੇਲੀਆ ਦੇ ਤੱਟ 'ਤੇ 160 ਤੋਂ ਵੱਧ ਵ੍ਹੇਲ ਮੱਛੀਆਂ ਫਸ ਗਈਆਂ ਹਨ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੱਛਮੀ ਆਸਟ੍ਰੇਲੀਆ ਦੇ ਪਾਰਕਸ ਅਤੇ ਜੰਗਲੀ ਜੀਵ ਅਥਾਰਟੀ ਡੀ.ਬੀ.ਸੀ.ਏ ਨੇ ਕਿਹਾ ਕਿ ਪਰਥ ਤੋਂ ਲਗਭਗ 250 ਕਿਲੋਮੀਟਰ ਦੱਖਣ ਵਿੱਚ ਡਨਸਬਰੋ ਨੇੜੇ ਬਹੁਤ ਸਾਰੀਆਂ ਵ੍ਹੇਲ ਮੱਛੀਆਂ ਘੱਟੇ ਪਾਣੀ ਵਿੱਚ ਫਸ ਗਈਆਂ ਹਨ। ਆਸਟ੍ਰੇਲੀਆਈ ਟੀਵੀ ਚੈਨਲ ਏਬੀਸੀ ਨੇ ਡੀ.ਬੀ.ਸੀ.ਏ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਦੁਪਹਿਰ ਤੱਕ 26 ਜੀਵਾਂ ਦੀ ਮੌਤ ਹੋ ਚੁੱਕੀ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਾਲੰਟੀਅਰ 140 ਤੋਂ ਵੱਧ ਵ੍ਹੇਲ ਮੱਛੀਆਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।
ਮਾਹਰਾਂ ਵੱਲੋਂ ਚਿਤਾਵਨੀ ਜਾਰੀ
ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੇ ਸਮੁੰਦਰੀ ਕਿਨਾਰੇ 'ਤੇ ਫਸੀਆਂ ਲਗਭਗ 20 ਵ੍ਹੇਲਾਂ ਦੇ ਇੱਕ ਹੋਰ ਸਮੂਹ ਨੂੰ ਬਚਾਉਣ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ। ਕਰੀਬ 110 ਵ੍ਹੇਲਾਂ ਦਾ ਇੱਕ ਹੋਰ ਸਮੂਹ ਵੀ ਤੱਟ ਤੋਂ ਥੋੜ੍ਹੀ ਦੂਰ ਡੂੰਘੇ ਪਾਣੀ ਵਿੱਚ ਪਾਇਆ ਗਿਆ। ਪਸ਼ੂ ਅਧਿਕਾਰ ਕਾਰਕੁਨ ਅਤੇ ਸਥਾਨਕ ਨਿਵਾਸੀ ਵ੍ਹੇਲ ਮੱਛੀਆਂ ਨੂੰ ਜ਼ਿੰਦਾ ਰੱਖਣ ਲਈ ਉਨ੍ਹਾਂ 'ਤੇ ਪਾਣੀ ਪਾਉਣ ਲਈ ਬੀਚ 'ਤੇ ਪਹੁੰਚ ਰਹੇ ਹਨ। ਹਾਲਾਂਕਿ ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਹਿਰਾਂ ਦੀ ਅਗਵਾਈ ਹੇਠ ਹੀ ਵ੍ਹੇਲ ਮੱਛੀਆਂ ਤੱਕ ਪਹੁੰਚ ਕਰਨ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਮੰਦਭਾਗੀ ਖ਼ਬਰ, ਪੰਜਾਬੀ ਮੁਟਿਆਰ ਦੀ ਲਾਸ਼ ਬਰਾਮ
'ਵ੍ਹੇਲ ਮੱਛੀਆਂ ਦੀ ਮੌਤ ਭਿਆਨਕ ਹੈ'
ਅਥਾਰਟੀ ਨੇ ਇੱਕ ਬਿਆਨ ਵਿੱਚ ਕਿਹਾ,"ਅਸੀਂ ਜਾਣਦੇ ਹਾਂ ਕਿ ਲੋਕ ਮਦਦ ਕਰਨਾ ਚਾਹੁੰਦੇ ਹਨ ਪਰ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਡੀ.ਬੀ.ਸੀ.ਏ ਸਟਾਫ ਦੇ ਨਿਰਦੇਸ਼ਾਂ ਤੋਂ ਬਿਨਾਂ ਜਾਨਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਇਸ ਨਾਲ ਜੀਵਾਂ ਨੂੰ ਹੋਰ ਸੱਟ ਲੱਗ ਸਕਦੀ ਹੈ।" ਘਟਨਾ ਵਾਲੀ ਥਾਂ 'ਤੇ ਮੌਜੂਦ ਸਮੁੰਦਰੀ ਮਾਹਿਰ ਇਆਨ ਵਾਈਜ਼ ਨੇ ਰੇਡੀਓ ਏਬੀਸੀ ਪਰਥ ਨੂੰ ਦੱਸਿਆ ਕਿ ਕਈ ਵ੍ਹੇਲਾਂ ਦੀ ਮੌਤ ਹੋ ਚੁੱਕੀ ਹੈ। ਬਾਕੀ ਸੰਘਰਸ਼ ਕਰ ਰਹੇ ਹਨ ਅਤੇ ਕੁਝ ਘੰਟਿਆਂ ਵਿੱਚ ਮਰ ਵੀ ਸਕਦੇ ਹਨ। ਇਹ ਭਿਆਨਕ ਹੈ। ਬੀਤੇ ਸਾਲ 50 ਤੋਂ ਵੱਧ ਵ੍ਹੇਲਾਂ ਦੀ ਮੌਤ ਹੋ ਗਈ ਸੀ।
ਜਾਣੋ ਪਾਇਲਟ ਵ੍ਹੇਲ ਬਾਰੇ
ਵ੍ਹੇਲ ਮੱਛੀਆਂ ਦੇ ਸਮੂਹ ਦੀ ਅਗਵਾਈ ਇਕ ਮਾਦਾ ਮੱਛੀ ਕਰਦੀ ਹੈ। ਅਜਿਹੇ ਸਮੂਹ ਨੂੰ ਪਾਇਲਟ ਵ੍ਹੇਲ ਕਿਹਾ ਜਾਂਦਾ ਹੈ ਅਤੇ ਇਹ ਕਾਫੀ ਸਮਾਜਿਕ ਹੁੰਦੀਆਂ ਹਨ। ਜਦੋਂ ਪਾਇਲਟ ਵ੍ਹੇਲ ਸਮੁੰਦਰ ਤੱਟ 'ਤੇ ਫਸਦੀ ਹੈ ਤਾਂ ਬਾਕੀ ਵੀ ਮੁਸ਼ਕਲ ਵਿਚ ਪੈ ਜਾਂਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।