ਕਿਸਾਨੀ ਧਰਨੇ ’ਚ ਜਾ ਰਹੀ ਇਕ ਹੋਰ ਕਿਸਾਨ ਬੀਬੀ ਦੀ ਮੌਤ, ਰੇਲ ਸਟੇਸ਼ਨ ’ਤੇ ਉਤਰਦੇ ਸਮੇਂ ਵਾਪਰਿਆ ਹਾਦਸਾ

Thursday, May 09, 2024 - 11:21 PM (IST)

ਪਟਿਆਲਾ/ਸਨੌਰ (ਮਨਦੀਪ ਜੋਸਨ)– ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਿਸਾਨਾਂ ਵਲੋਂ ਉਲੀਕੇ ਗਏ ਅੰਦੋਲਨ ’ਚ ਸ਼ਿਰਕਤ ਕਰਨ ਪੁੱਜ ਰਹੀ ਅੱਜ ਇਕ ਹੋਰ ਕਿਸਾਨ ਬੀਬੀ ਦੀ ਮੌਤ ਹੋ ਗਈ। ਰੋਸ ਵਜੋਂ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਜਾਣਕਾਰੀ ਅਨੁਸਾਰ ਕਿਸਾਨ ਬੀਬੀ ਸੁਖਮੰਦਰ ਕੌਰ ਪਤਨੀ ਜਸਪਾਲ ਸਿੰਘ ਪਿੰਡ ਕਲੇਰ ਜ਼ਿਲਾ ਫਰੀਦਕੋਟ ਆਪਣੇ ਪਿੰਡ ਤੋਂ ਖਨੌਰੀ ਬਾਰਡਰ ਕਿਸਾਨ ਧਰਨੇ ’ਚ ਸ਼ਾਮਲ ਹੋਣ ਆ ਰਹੀ ਸੀ। ਜਦੋਂ ਉਹ ਫਰੀਦਕੋਟ ਰੇਲਵੇ ਸਟੇਸ਼ਨ ’ਤੇ ਪੁੱਜੀ ਤਾਂ ਉਤਰਦੇ ਸਮੇਂ ਉਹ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਨੂੰ ਜ਼ਖ਼ਮੀ ਹਾਲਤ ’ਚ ਸਰਕਾਰੀ ਹਸਪਤਾਲ ਲਿਜਾਂਦੇ ਸਮੇਂ ਉਨ੍ਹਾਂ ਦੀ ਮੌਤ ਹੋ ਗਈ, ਜਿਸ ਕਾਰਨ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਸ਼ਹੀਦ ਕਿਸਾਨ ਸੁਰਿੰਦਰ ਆਕੜੀ ਦਾ ਹੋਇਆ ਸਸਕਾਰ
ਇਸੇ ਤਰ੍ਹਾਂ ਅੱਜ ਸ਼ਹੀਦ ਹੋਏ ਕਿਸਾਨ ਸੁਰਿੰਦਰ ਪਾਲ ਸਿੰਘ ਆਕੜੀ ਨੂੰ ਸ਼ੰਭੂ ਬੈਰੀਅਰ ਉੱਪਰ ਸ਼ਰਧਾਂਜਲੀ ਦੇਣ ਉਪਰੰਤ ਸੈਂਕੜੇ ਕਿਸਾਨਾਂ ਵਲੋਂ ਪਿੰਡ ਆਕੜੀ ਵਿਖੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਕਿਸਾਨ ਆਗੂ ਮਨਜੀਤ ਸਿੰਘ ਘੁਮਾਣਾ, ਜੰਗ ਸਿੰਘ ਭਟੇੜੀ, ਕਾਕਾ ਸਿੰਘ ਕੋਟਲਾ, ਸਤਨਾਮ ਸਿੰਘ ਬਹਿਰੂ, ਸੁਖਵਿੰਦਰ ਸਿੰਘ ਮਸਾਣੀਆਂ, ਸੁਰਜੀਤ ਸਿੰਘ ਫੁਲ, ਤੇਜਿੰਦਰ ਸਿੰਘ ਸਰਪੰਚ ਮੋਹੀ ਲੱਖਾ ਸਿੰਘ ਸੌਟੀ, ਬੂਟਾ ਸਿੰਘ ਖਰਾਜਪੁਰ ਆਦਿ ਨੇ ਦੱਸਿਆ ਕਿ ਬੀਤੇ ਦਿਨੀਂ ਦੋਵੇਂ ਫੋਰਮਾਂ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਮੋਤੀ ਮਹਿਲ ਅੱਗੇ ਰੋਸ ਧਰਨਾ ਦਿੱਤਾ ਜਾਣਾ ਸੀ।

ਇਹ ਖ਼ਬਰ ਵੀ ਪੜ੍ਹੋ : ‘ਕੈਨੇਡਾ’ਸ ਗੌਟ ਟੈਲੇਂਟ’ ’ਚ ਇਸ਼ਾਨ ਸੋਬਤੀ ਨੇ ਵਧਾਇਆ ਪੰਜਾਬ ਦਾ ਮਾਣ, ਫਾਈਨਲ ’ਚ ਪਹੁੰਚ ਕਰਵਾਈ ਬੱਲੇ-ਬੱਲੇ

ਉਨ੍ਹਾਂ ਦੀ ਮੰਗ ਸੀ ਕਿ ਕਿਸਾਨ ਆਗੂ ਸੁਰਿੰਦਰਪਾਲ ਸਿੰਘ ਆਕੜੀ ਦੀ ਮੌਤ ਲਈ ਜ਼ਿੰਮੇਵਾਰ ਭਾਜਪਾ ਤੇ ਹੋਰਨਾਂ ਆਗੂਆਂ ਦੀ ਗ੍ਰਿਫ਼ਤਾਰੀ ਕੀਤੀ ਜਾਵੇ ਪਰ ਪੁਲਸ ਪ੍ਰਸ਼ਾਸਨ ਨਾਲ ਸਹਿਮਤੀ ਨਾ ਬਣਨ ਕਰ ਕੇ ਕਿਸਾਨ ਆਗੂਆਂ ਵਲੋਂ 2 ਦਿਨ ਦਾ ਸਮਾਂ ਲੰਘਣ ਤੋਂ ਬਾਅਦ ਬੀਤੇ ਦਿਨੀਂ ਪਟਿਆਲਾ ਵੱਲ ਕੂਚ ਕੀਤਾ ਗਿਆ ਪਰ ਰਸਤੇ ’ਚ ਪੁਲਸ ਪ੍ਰਸ਼ਾਸਨ ਵਲੋਂ ਕਿਸਾਨ ਆਗੂਆਂ ਨੂੰ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਘਰ ਤੱਕ ਜਾਣ ਤੋਂ ਰੋਕਿਆ ਗਿਆ।

ਦੇਰ ਸ਼ਾਮ ਜਦੋਂ ਪੁਲਸ ਪ੍ਰਸ਼ਾਸਨ ਤੇ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਤਾਂ ਪੁਲਸ ਪ੍ਰਸ਼ਾਸਨ ਵਲੋਂ ਭਰੋਸਾ ਦਿੱਤਾ ਗਿਆ ਕਿ ਇਸ ਮਾਮਲੇ ’ਚ ਨਾਮਜ਼ਦ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਤੇ ਮਾਮਲੇ ਦੀ ਜਾਂਚ ਲਈ ਸਿੱਟ ਬਣਾਈ ਜਾਵੇਗੀ। ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵਲੋਂ ਕਿਸਾਨ ਸੁਰਿੰਦਰ ਪਾਲ ਸਿੰਘ ਆਕੜੀ ਦਾ ਅੱਜ ਸਸਕਾਰ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News