ਖਤਮ ਹੁੰਦੀ ਨਜ਼ਰ ਆ ਰਹੀ ਹੈ ਨਿਤੀਸ਼ ਕੁਮਾਰ ਦੀ ਖੇਡ

05/01/2024 1:53:12 PM

ਨਵੀਂ ਦਿੱਲੀ- ਆਮ ਤੌਰ ’ਤੇ ਜਿਸ ਰੈਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਬੁਲਾਰੇ ਹੁੰਦੇ ਹਨ, ਉਥੇ ਕੋਈ ਵੀ ਨੇਤਾ 5 ਮਿੰਟ ਤੋਂ ਵੱਧ ਨਹੀਂ ਬੋਲਦਾ ਪਰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਜਪਾ- ਜਨਤਾ ਦਲ (ਯੂ) ਦੀ ਇਕ ਸਾਂਝੀ ਰੈਲੀ ’ਚ ਪੂਰੇ ਜੋਸ਼ ਵਿਚ ਸਨ। ਉਹ 15 ਮਿੰਟ ਤੋਂ ਵੱਧ ਸਮੇ ਤੱਕ ਬੋਲੋ। ਇਹ ਇੱਕ ਦੁਰਲੱਭ ਦ੍ਰਿਸ਼ ਸੀ। ਇੰਨਾ ਹੀ ਨਹੀਂ, ਭਾਸ਼ਣ ਦੌਰਾਨ ਨਿਤੀਸ਼ ਕੁਮਾਰ ਨੇ ਆਪਣਾ ਮਾਨਸਿਕ ਸੰਤੁਲਨ ਵਿਗੜਣ ਦੇ ਸੰਕੇਤ ਵੀ ਦਿੱਤੇ। ਇਹ ਕਾਫੀ ਹੈਰਾਨੀਜਨਕ ਸੀ।

ਨਿਤੀਸ਼ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਐੱਨ. ਡੀ. ਏ. 4,000 (ਚਾਰ ਹਜ਼ਾਰ) ਸੀਟਾਂ ਨੂੰ ਪਾਰ ਕਰੇਗੀ। ਜਿਵੇਂ ਕਿ ਇਹ ਕਾਫ਼ੀ ਨਹੀਂ ਸੀ, ਨਿਤੀਸ਼ ਕੁਮਾਰ ਆਪਣੀ ਸੀਟ ’ਤੇ ਵਾਪਸ ਆਏ ਅਤੇ ਮੋਦੀ ਦੇ ਪੈਰ ਛੂਹੇ। ਇਸ ਨਾਲ ਸਿਆਸੀ ਤੂਫ਼ਾਨ ਆ ਗਿਆ।

ਜੇ ਵਿਰੋਧੀ ਨੇਤਾ ਇਸ ਨੂੰ ਨਿਤੀਸ਼ ਦੇ ਮੋਦੀ ਅੱਗੇ ਝੁਕਣ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਇਸ ਨਾਲ ਹੀ ਉਨ੍ਹਾਂ ਦੀ ਸਿਹਤ ਬਾਰੇ ਵੀ ਚਿੰਤਾਵਾਂ ਵਧ ਗਈਆਂ ਹਨ। ਕਿਹਾ ਜਾ ਰਿਹਾ ਹੈ ਕਿ ਉਹ ਡਿਮੇਨਸ਼ੀਆ ਤੋਂ ਪੀੜਤ ਹਨ। ਨਿਤੀਸ਼ ਕੁਮਾਰ ਭਾਸ਼ਣ ਦੇਣ ਸਮੇ ਅਕਸਰ ਹੀ ਗਲਤੀ ਕਰ ਜਾਂਦੇ ਹਨ, ਜਿਸ ਕਾਰਨ ਪਾਰਟੀ ਅਤੇ ਵਰਕਰਾਂ ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਦੋਂ ਤੋਂ ਬਾਅਦ ਮੋਦੀ ਨੇ ਨਿਤੀਸ਼ ਕੁਮਾਰ ਨਾਲ ਕਿਸੇ ਵੀ ਜਨਤਕ ਮੀਟਿੰਗ ਨੂੰ ਸੰਬੋਧਨ ਨਹੀਂ ਕੀਤਾ ਹੈ।

ਉਸ ਜਨਤਕ ਰੈਲੀ ਤੋਂ ਬਾਅਦ ਮੋਦੀ ਨੇ ਮੁੰਗੇਰ ਤੇ ਪੂਰਨੀਆ ’ਚ ਰੈਲੀਆਂ ਨੂੰ ਸੰਬੋਧਨ ਕੀਤਾ। ਜੀਤਨ ਰਾਮ ਮਾਂਝੀ ਗਯਾ ਤੋਂ ਤੇ ਸੰਤੋਸ਼ ਕੁਸ਼ਵਾਹਾ ਪੂਰਨੀਆ ਤੋਂ ਚੋਣ ਲੜ ਰਹੇ ਹਨ। ਦੋਵੇਂ ਐੱਨ. ਡੀ. ਏ. ’ਚ ਭਾਜਪਾ ਦੇ ਸਹਿਯੋਗੀ ਹਨ।

ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਭਵਿੱਖ ’ਚ ਜੇ ਨਿਤੀਸ਼ ਕੁਮਾਰ ਪ੍ਰਧਾਨ ਮੰਤਰੀ ਦੀ ਕਿਸੇ ਰੈਲੀ ਨੂੰ ਸੰਬੋਧਨ ਕਰਦੇ ਹਨ ਤਾਂ ਉਨ੍ਹਾਂ ਨੂੰ ਲਿਖਤੀ ਸਕ੍ਰਿਪਟ ਦਾ ਪਾਲਣ ਕਰਨਾ ਹੋਵੇਗਾ । ਨਾਲ ਹੀ ਨਿਰਧਾਰਤ ਸਮਾਂ ਹੱਦ ਅੰਦਰ ਬੋਲਣਾ ਹੋਵੇਗਾ। ਭਾਜਪਾ ਦੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਨਿਤੀਸ਼ ਕੁਮਾਰ ਭਾਜਪਾ ਦੀ ਰਾਡਾਰ ’ਤੇ ਹਨ।

ਭਾਜਪਾ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਉੱਤਰੀ ਭਾਰਤ ਦੇ ਪ੍ਰਮੁਖ ਸੂਬੇ ਬਿਹਾਰ ’ਚ ਆਪਣਾ ਹੀ ਮੁੱਖ ਮੰਤਰੀ ਬਣਾਉਣਾ ਚਾਹੇਗੀ। ਉਸ ਨੇ ਪੰਜਾਬ ਵਿਚ ਅਕਾਲੀਆਂ ਨਾਲੋਂ ਨਾਤਾ ਤੋੜ ਲਿਆ ਹੈ । ਅਗਲਾ ਨੰਬਰ ਬਿਹਾਰ ਦਾ ਹੈ। ਜਨਤਾ ਦਲ (ਯੂ) ਦੇ ਇਕ ਨੇਤਾ ਨੇ ਕਿਹਾ ਕਿ ‘ਨਿੱਜੀ ਤੌਰ 'ਤੇ ਇਮਾਨਦਾਰ ਪਰ ਸਿਆਸੀ ਤੌਰ ’ਤੇ ਬੇਈਮਾਨ ਨੇਤਾ’ ਦਾ ਪਤਨ ਹੋ ਗਿਅਾ ਹੈ। ਨਿਤੀਸ਼ ਕੁਮਾਰ ਦੀ ਖੇਡ ਖਤਮ ਹੁੰਦੀ ਨਜ਼ਰ ਆ ਰਹੀ ਹੈ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਨਿਤੀਸ਼ ਕੁਮਾਰ ਇੱਕ ਚੁਸਤ ਨੇਤਾ ਹਨ ਅਤੇ ਉਨ੍ਹਾਂ ’ਚ ਬੇਮਿਸਾਲ ਹੁਨਰ ਹੈ।


Rakesh

Content Editor

Related News