ਲਾਹੇਵੰਦ ਹੋ ਸਕਦਾ ਹੈ, ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ
Tuesday, May 14, 2024 - 05:40 PM (IST)
ਪੰਜਾਬ ਵਿਚ ਬਹੁਤ ਗਿਣਤੀ ਕਿਸਾਨ ਅਤੇ ਸਬਜ਼ੀ ਕਾਸ਼ਤਕਾਰ ਪਨੀਰੀ ਰਾਹੀਂ ਪੈਦਾ ਹੋਣ ਵਾਲੀਆਂ ਫਸਲਾਂ ਦੀ ਬਿਜਾਈ ਕਰਨ ਲਈ ਬਾਜ਼ਾਰ ਵਿਚੋਂ ਤਿਆਰ ਪਨੀਰੀ ਅਤੇ ਵੇਲਾਂ ਖਰੀਦ ਕੇ ਖੇਤਾਂ ’ਚ ਬੀਜਦੇ ਹਨ। ਜਿਵੇਂ ਕਿ ਬਾਗਬਾਨੀ ਨਾਲ ਸਬੰਧਤ ਬੂਟਿਆਂ ਦੀਆਂ ਕਲਮਾਂ, ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪਨੀਰੀ, ਕਈ ਕਿਸਮ ਦੇ ਕੱਦੂ ਜਾਤੀ ਦੀਆਂ ਤਿਆਰ ਵੇਲਾਂ ਕਿਸਾਨਾਂ ਨੂੰ ਬਾਜ਼ਾਰ ਵਿਚੋਂ ਮਿਲਦੀਆਂ ਹਨ। ਇਸ ਤੋਂ ਬਿਨਾਂ ਮਿਰਚਾਂ, ਕਰੇਲੇ, ਗੋਭੀ, ਪਿਆਜ਼ ਆਦਿ ਵਰਗੀਆਂ ਬਹੁਤ ਸਾਰੀਆਂ ਅਜਿਹੀਆਂ ਕਿਸਮਾਂ ਹਨ, ਜਿਨ੍ਹਾਂ ਦੀ ਕਾਸ਼ਤ ਕਰਕੇ ਅੱਗੇ ਵੇਚਣ ਦਾ ਵਧੀਆ ਕਾਰੋਬਾਰ ਕੀਤਾ ਜਾ ਸਕਦਾ ਹੈ। ਝੋਨੇ ਦੀ ਪਨੀਰੀ ਵੇਚਣਾ ਇਕ ਅਜਿਹਾ ਕਾਰੋਬਾਰ ਹੈ, ਜਿਸ ਨੂੰ ਕਰਨ ਵਾਸਤੇ ਕਿਸਾਨਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਪਰ ਇਹ ਕਾਰੋਬਾਰ ਵੀ ਸਬਜ਼ੀਆਂ ਦੀ ਤਰ੍ਹਾਂ ਮੌਸਮ ’ਤੇ ਨਿਰਭਰ ਕਰਦਾ ਹੈ। ਪੰਜਾਬ ਵਿਚ ਬਰਸਾਤਾਂ ਵਾਲਾ ਮੌਸਮ ਆਮ ਤੌਰ ’ਤੇ ਚਲਦਾ ਰਹਿੰਦਾ ਹੈ। ਜਿਸ ਕਰਕੇ ਕਈ ਇਲਾਕਿਆਂ ਅੰਦਰ ਦਰਿਆਵਾਂ, ਨਹਿਰਾਂ ਆਦਿ ਵਿਚ ਪਾਣੀ ਆਉਣ ਨਾਲ ਕੁਝ ਕੁ ਪ੍ਰਤੀਸ਼ਤ ਕਿਸਾਨਾਂ ਦੀ ਫ਼ਸਲ ਪਾਣੀ ਵਿਚ ਆ ਜਾਂਦੀ ਹੈ ਜਾਂ ਫਿਰ ਨੀਵੀਆਂ ਜ਼ਮੀਨਾਂ ਵਿਚ ਬਰਸਾਤ ਦਾ ਪਾਣੀ ਭਰਨ ਕਰਕੇ ਫਸਲ ਡੁੱਬ ਜਾਂਦੀ ਹੈ ਅਤੇ ਪੀਤੜ ਕਿਸਾਨਾਂ ਨੂੰ ਝੋਨਾ ਦੁਬਾਰਾ ਲਗਾਉਣਾ ਪੈਂਦਾ ਹੈ।
ਕਈ ਪਿੰਡਾਂ ਵਿਚ ਕਿਸਾਨ, ਜਿਨ੍ਹਾਂ ਕੋਲ ਵਾਧੂ ਝੋਨੇ ਪਨੀਰੀ ਖੜ੍ਹੀ ਹੁੰਦੀ ਹੈ, ਉਹ ਕਿਸਾਨਾਂ ਨੂੰ ਮੁਫਤ ’ਚ ਵੀ ਆਪਣੇ ਖੇਤ ਵਿਚੋਂ ਪੁਟਵਾ ਦਿੰਦੇ ਹਨ ਪਰ ਜਿਹੜੇ ਕਿਸਾਨ ਪਨੀਰੀ ਨੂੰ ਬਾਜ਼ਾਰ ਦੇ ਮੁਤਾਬਕ ਬੀਜਦੇ ਹਨ,ਉਹ ਪਨੀਰੀ ਮੁੱਲ ਦਿੰਦੇ ਹਨ। ਪੰਜਾਬ ਦੇ ਦਰਿਆਵਾਂ ਨੇੜੇ ਪੈਂਦੇ ਇਲਾਕਿਆਂ ਜਾਂ ਫਿਰ ਨੀਵੀਆਂ ਜ਼ਮੀਨਾਂ ਵਾਲੇ ਜ਼ਿਲ੍ਹਿਆਂ ਵਿਚ ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ ਬਹੁਤ ਵੱਡੇ ਪੱਧਰ ’ਤੇ ਚੱਲਦਾ ਹੈ ਅਤੇ 25 ਤੋਂ 35 ਦਿਨਾਂ ਦੀ ਇਹ ਪਨੀਰੀ ਦੋਵੇਂ ਹੀ ਤਰ੍ਹਾਂ ਕਿਸਾਨਾਂ ਲਈ ਆਮਦਨ ਦਾ ਸਾਧਨ ਬਣਦੀ ਹੈ, ਕਿਉਂਕਿ ਜੀਰੀ ਮਰਨ ਵਾਲੇ ਕਿਸਾਨ ਨੂੰ ਸਮੇਂ ਸਿਰ ਝੋਨੇ ਦੀ ਪਨੀਰੀ ਮਿਲ ਗਈ ਅਤੇ ਪਨੀਰੀ ਬੀਜਣ ਵਾਲੇ ਕਿਸਾਨ ਨੂੰ ਆਮਦਨ ਹੋ ਗਈ।
ਇਕ ਏਕੜ ’ਚ ਝੋਨੇ ਦੀ ਪਨੀਰੀ ਤਿਆਰ ਕਰਨ ਲਈ ਤਕਰੀਬਨ 5 ਕੁਇੰਟਲ ਬੀਜ ਕਿਸਮਾਂ ਧਰਤੀ ਦੇ ਹਿਸਾਬ ਨਾਲ ਘੱਟ-ਵੱਧ ਹੋ ਸਕਦੀਆਂ ਹਨ। 10 ਕੁ ਹਜ਼ਾਰ ਦੀਆਂ ਖਾਦਾਂ/ਦਵਾਈਆਂ,ਪੰਜ ਹਜਾਰ ਰੁਪਏ ਜਮੀਨ ਤਿਆਰ ਕਰਵਾਈ ਆਦਿ ’ਤੇ ਮੋਟਾ ਜਿਹਾ ਖਰਚ ਆਉਦਾ ਹੈ। ਅੰਦਾਜ਼ਨ 75 ਤੋਂ ਲੱਖ ਰੁਪਏ ’ਚ ਇਕ ਏਕੜ ’ਚ ਪਨੀਰੀ ਤਿਆਰ ਹੁੰਦੀ ਹੈ। ਜਿਹੜੀ ਡੇਢ ਤੋਂ 2 ਲੱਖ ਰੁਪਏ ਤੱਕ ਵਿਕ ਸਕਦੀ ਹੈ ਅਤੇ ਸਬਜ਼ੀਆਂ ਵਾਂਗ ਕੀਮਤ ਵਧ ਜਾਵੇ ਤਾਂ ਇਕ ਦੋ ਮਹੀਨੇ ’ਚ ਹੀ ਵਾਰੇ-ਨਿਆਰੇ ਵੀ ਕਰ ਸਕਦੀ ਹੈ। ਹੋਰ ਕੋਈ ਅਜਿਹਾ ਕਾਰੋਬਾਰ ਨਹੀ ਹੈ, ਜਿਹੜਾ 25 ਤੋਂ 35 ਦਿਨਾਂ ’ਚ ਹਜ਼ਾਰਾਂ ਰੁਪਏ ਦੀ ਆਮਦਨ ਦੇ ਸਕਦਾ ਹੋਵੇ ਪਰ ਸਬਜ਼ੀਆਂ ਦੀ ਪਨੀਰੀ ਅਤੇ ਫਸਲ ਦੀ ਤਰ੍ਹਾਂ ਝੋਨੇ ਦੀ ਪਨੀਰੀ ਤਿਆਰ ਕਰਕੇ ਵੇਚਣੀ ਵੀ ਹਰ ਕਿਸੇ ਕਿਸਾਨ ਦੇ ਵੱਸ ਦੀ ਗੱਲ ਨਹੀ ਹੈ, ਜੇਕਰ ਕਮਾਈ ਕਰਨੀ ਐਨੀ ਸੌਖੀ ਹੁੰਦੀ ਤਾਂ ਹਰ ਕਿਸਾਨ ਅਜਿਹਾ ਧੰਦੇ ਸ਼ੁਰੂ ਕਰ ਲੈਂਦਾ, ਜਿਹੜੇ ਕਿਸਾਨ ਲਗਾਤਾਰ ਇਕ ਹੀ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਦੇ ਕਿਸੇ ਸਾਲ ਪੈਸੇ ਪੂਰੇ ਹੀ ਹੁੰਦੇ ਹਨ ਪਰ ਕਿਸੇ ਸਾਲ ਸਾਰੇ ਘਾਟੇ-ਵਾਧੇ ਪੂਰੇ ਹੋ ਜਾਂਦੇ ਹਨ। ਕੁਦਰਤ ਦਾ ਇਹ ਨਿਯਮ ਹਰ ਕਿਤੇ ਲਾਗੂ ਹੁੰਦਾ ਹੈ। ਧਨੀਏ ਦਾ ਕਾਸਤ ਕਰਨ ਵਾਲੇ ਕਿਸੇ ਸਾਲ ਘਾਟੇ ’ਚ ਪਰ ਦੂਸਰੇ ਸਾਲ ਪੈਸੇ ਦੁੱਗਣੇ/ਤਿੱਗਣੇ,ਕਮਾਦ,ਆਲੂ, ਸਬਜੀ,ਪੋਲਟਰੀ, ਦੁਕਾਨਦਾਰੀ ਹਰ ਕਿਸੇ ਕਾਰੋਬਾਰ ’ਚ ਉਤਰਾਅ/ਚੜ੍ਹਾਅ ਆਉਦੇ ਰਹਿੰਦੇ ਹਨ। ਜਿਸ ਕਰਕੇ ਇਨਸਾਨ ਨੂੰ ਆਪਣੇ ਦਿਮਾਗ ਨਾਲ ਕਾਰੋਬਾਰ ਕਰਦੇ ਰਹਿਣਾ ਚਾਹੀਦਾ ਹੈ।
—ਬ੍ਰਿਸ ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ ਜ਼ਿਲਾ ਪਟਿਆਲਾ