ਬੱਚਿਆਂ ਵੱਲੋਂ ਮੋਬਾਈਲ, ਇੰਟਰਨੈੱਟ ਦੀ ਵਰਤੋਂ ਬਣਾ ਰਹੀ ਜਾਨਲੇਵਾ, ਨਹੀਂ ਹੋਣ ਦੇ ਰਿਹਾ ਸਰੀਰਕ ਵਿਕਾਸ

05/16/2024 3:40:06 AM

ਲੁਧਿਆਣਾ (ਸੁਸ਼ੀਲ) - ਅੱਜ ਕੱਲ ਦੇ ਯੁਗ ’ਚ ਟੈਕਨਾਲੋਜੀ ਆਸਮਾਨ ਛੂਹ ਰਹੀ ਹੈ। ਦੂਜੇ ਪਾਸੇ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਬੱਚੇ ਬੀਮਾਰੀਆਂ ਨਾਲ ਗ੍ਰਸਤ ਹੋ ਰਹੇ ਹਨ। ਪਹਿਲੇ ਸਮਿਆਂ ’ਚ ਵਿੱਦਿਆ ਤੋਂ ਇਲਾਵਾ ਸਮਾਂ ਮਿਲਣ ’ਤੇ ਬੱਚਿਆਂ ਦਾ ਧਿਆਨ ਖੇਡ-ਕੁੱਦ ਵਿਚ ਹੁੰਦਾ ਸੀ। ਉਹ ਘਰੋਂ ਬਾਹਰ ਨਿਕਲਦੇ ਸਨ। ਆਪਣੇ ਸਹਿਪਾਠੀਆਂ ਦੇ ਨਾਲ ਖੇਡਣਾ ਕੁੱਦਣਾ ਪੰਸਦ ਕਰਦੇ ਸਨ ਪਰ ਅੱਜ ਦੇ ਯੁਗ ’ਚ ਨਵ-ਜੰਮੇ ਬੱਚੇ ਤੋਂ ਲੈ ਕੇ ਵੱਡੇ ਬੱਚਿਆਂ ਦੇ ਹੱਥਾਂ ’ਚ ਮੋਬਾਈਲ ਫੋਨ ਹਨ, ਜਿਸ ਵਿਚ ਇੰਟਰਨੈੱਟ ਦੀ ਸਹੂਲਤ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਕਮਰਿਆਂ ਤੋਂ ਬਾਹਰ ਨਿਕਲਣ ਦੀ ਲੋੜ ਨਹੀਂ ਪੈਂਦੀ।

ਇਹ ਇਕ ਤਰ੍ਹਾਂ ਨਾਲ ਬੀਮਾਰੀਆਂ ਨੂੰ ਸੱਦਾ ਦੇਣ ਦੀ ਯੋਜਨਾ ਹੈ। ਅਸਲ ਵਿਚ ਮੋਬਾਈਲ ਫੋਨ ਵਰਗੀਆਂ ਚੀਜ਼ਾਂ ਸਾਨੂੰ ਸਹੂਲਤਾਂ ਦੇਣ ਲਈ ਬਣੀਆਂ ਹਨ ਪਰ ਅੱਜ ਕੱਲ ਦੇ ਬੱਚੇ ਇਨ੍ਹਾਂ ਦੀ ਬਹੁਤ ਜ਼ਿਆਦਾ ਗਲਤ ਵਰਤੋਂ ਕਰ ਰਹੇ ਹਨ। ਮੋਬਾਈਲ ’ਤੇ ਇੰਟਰਨੈੱਟ ਦੀ ਗਲਤ ਵਰਤੋਂ ਅਤੇ ਜ਼ਿਆਦਾ ਸਮੇਂ ਤੱਕ ਮੋਬਾਈਲ ਚਲਾਉਣਾ ਖਾਸ ਕਰ ਕੇ ਬੱਚਿਆਂ ਲਈ ਬਹੁਤ ਹੀ ਖਤਰਨਾਕ ਸਾਬਤ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਵਿਚ ਹੀ ਫੋਨ ਹੱਥ ’ਚ ਹੁੰਦਾ ਹੈ, ਜਿਸ ਨਾਲ ਉਹ ਸੂਰਜ ਦੀ ਉਰਜਾ ਤੋਂ ਦੂਰ ਆਪਣੇ ਮਾਂ-ਬਾਪ ਤੋਂ ਦੂਰ ਹੁੰਦੇ ਜਾ ਰਹੇ ਹਨ।

ਖਾਣਾ ਖਾਂਦੇ ਸਮੇਂ ਬੱਚੇ ਆਪਣੀ ਫੈਮਿਲੀ ’ਚ ਬੈਠਣਾ ਪਸੰਦ ਨਹੀਂ ਕਰਦੇ ਕਿਉਂਕਿ ਉਨ੍ਹਾਂ ਦੇ ਧਿਆਨ ਉਨ੍ਹਾਂ ਦੇ ਮੋਬਾਈਲ ’ਤੇ ਹੁੰਦਾ ਹੈ, ਜਿਸ ਕਾਰਨ ਉਹ ਖਾਣਾ ਚੰਗੀ ਤਰ੍ਹਾਂ ਨਹੀਂ ਖਾ ਪਾਉਂਦੇ ਅਤੇ ਸਰੀਰਕ ਤੌਰ ’ਤੇ ਸਿਹਤਮੰਦ ਨਹੀਂ ਰਹਿੰਦੇ। ਜ਼ਿਆਦਾ ਮੋਬਾਈਲ ਫੋਨ ਚਲਾਉਣਾ ਮਤਲਬ ਜ਼ਿਆਦਾ ਦੇਰ ਤੱਕ ਇਕ ਹੀ ਜਗ੍ਹਾ ’ਤੇ ਬੈਠੇ ਰਹਿਣਾ, ਜਿਸ ਕਾਰਨ ਅੱਜ ਕੱਲ ਦੇ ਬੱਚਿਆਂ ਵਿਚ ਮੋਟਾਪਾ ਵਧਦਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕੱਦ ਨਹੀਂ ਵਧ ਰਿਹਾ।

ਇਸ ਸਭ ਦੇ ਪਿੱਛੇ ਦੇਖਿਆ ਜਾਵੇ ਤਾਂ ਅਸਲ ਕਸੂਰ ਮਾਤਾ-ਪਿਤਾ ਦਾ ਹੁੰਦਾ ਹੈ, ਜੋ ਆਪਣੇ ਛੋਟੇ ਬੱਚੇ ਤੋਂ ਤੰਗ ਆ ਕੇ ਉਨ੍ਹਾਂ ਨੂੰ ਸੰਭਾਲਣ ਦੀ ਬਜਾਏ ਉਨ੍ਹਾਂ ਦੇ ਹੱਥਾਂ ’ਚ ਮੋਬਾਈਲ ਫੋਨ ਫੜਾ ਦਿੰਦੇ ਹਨ। ਫਿਰ ਖਾਣਾ ਖਾਂਦੇ ਸਮੇਂ, ਦੁੱਧ ਪੀਂਦੇ ਸਮੇਂ ਬੱਚੇ ਨੂੰ ਫੋਨ ਦੀ ਅਜਿਹੀ ਲਤ ਲਗਦੀ ਹੈ ਕਿ ਉਹ ਬਿਨਾਂ ਫੋਨ ਦੇ ਕੋਈ ਕੰਮ ਕਰਨ ਲਈ ਤਿਆਰ ਨਹੀਂ ਹੁੰਦਾ। ਹੌਲੀ-ਹੌਲੀ ਉਹ ਆਪਣੇ ਮਾਤਾ-ਪਿਤਾ ਦੀ ਗੱਲ ਮੰਨਣ ਤੋਂ ਵੀ ਇਨਕਾਰ ਕਰ ਦਿੰਦਾ ਹੈ। ਫਿਰ ਉਸ ਨੂੰ ਬੱਚੇ ਤੋਂ ਮਾਤਾ-ਪਿਤਾ ਪ੍ਰੇਸ਼ਾਨ ਰਹਿੰਦੇ ਹਨ।

ਅੱਜ ਕੱਲ ਬੱਚਿਆਂ ਦਾ ਧਿਆਨ ਕੇਵਲ ਸਾਈਟਾਂ ਵਿਚ ਹੀ ਲੱਗਾ ਰਹਿੰਦਾ ਹੈ ਜਿਵੇਂ ਵੀਡੀਓ ਬਣਾਉਣਾ, ਸਟੋਰੀ ਪਾਉਣਾ, ਪੋਸਟ ਅਪਲੋਡ ਕਰਨਾ, ਆਨਲਾਈਨ ਗੇਮ ਖੇਡਣਾ। ਉਹ ਇਨ੍ਹਾਂ ਚੀਜ਼ਾਂ ਨੂੰ ਅੱਜ ਕੱਲ ਦਾ ਸਟੈਂਡਰਡ ਮੰਨਦੇ ਹਨ। ਬੱਚਿਆਂ ਨੂੰ ਲਗਦਾ ਹੈ ਕਿ ਜੇਕਰ ਉਹ ਸੋਸ਼ਲ ਮੀਡੀਆ ’ਤੇ ਅਪਡੇਟ ਨਹੀਂ ਰਹਿਣਗੇ ਤਾਂ ਉਹ ਆਪਣੇ ਮਿੱਤਰਾਂ ਵਿਚ ਬੈਠ ਕੇ ਗੱਲ ਕਰਨ ਦੇ ਲਾਇਕ ਨਹੀਂ ਹਨ। ਉਹ ਆਪਣੇ ਆਪ ਨੂੰ ਡਿੱਗਿਆ ਹੋਇਆ ਮਹਿਸੂਸ ਕਰਦੇ ਹਨ ਜਿਸ ਕਾਰਨ ਉਹ ਮਹਿੰਗੇ ਫੋਨ, ਸਮਾਰਟਫੋਨ ਲੈਣ ਲਈ ਆਪਣੇ ਮਾਤਾ ਪਿਤਾ ਨਾਲ ਝਗੜਦੇ ਹਨ।

ਅਸੀਂ ਜਾਣਦੇ ਹਾਂ ਕਿ ਅੱਜ ਕੱਲ ਇੰਟਰਨੈੱਟ ਬੱਚਿਆਂ ਲਈ ਹਰ ਖੇਤਰ ’ਚ ਮਹੱਤਵ ਰੱਖਦਾ ਹੈ ਅਤੇ ਹਰ ਤਰ੍ਹਾਂ ਦੀ ਜਾਣਕਾਰੀ ਇੰਟਰਨੈੱਟ ’ਤੇ ਹਾਸਲ ਕੀਤੀ ਜਾ ਸਕਦੀ ਹੈ। ਮਾਹਿਰਾਂ ਮੁਤਾਬਕ ਲੋਕਾਂ ਨੂੰ ਖਾਸ ਤੌਰ ’ਤੇ ਆਪਣੇ ਛੋਟੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਨ੍ਹਾਂ ਦੀ ਛੋਟੀ ਉਮਰ ’ਚ ਅੱਖਾਂ ਦੀ ਰੌਸ਼ਨੀ ’ਤੇ ਇਨ੍ਹਾਂ ਚੀਜ਼ਾਂ ਦਾ ਬਹੁਤ ਬੁਰਾ ਅਸਰ ਪੈਂਦਾ ਹੈ, ਜੋ ਅੱਗੇ ਚੱਲ ਕੇ ਅੰਨ੍ਹੇਪਣ ਦੇ ਰੂਪ ’ਚ ਬਦਲ ਸਕਦਾ ਹੈ।

ਕੀ ਕਹਿੰਦੇ ਹਨ ਡਾਕਟਰ ਰਮੇਸ਼ ਕੁਮਾਰ
ਜਦੋਂ ਇਸ ਸਬੰਧੀ ਅੱਖਾਂ ਦੇ ਡਾਕਟਰ ਰਮੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਆਪਣੇ ਬੱਚਿਆਂ ਨੂੰ ਫਿਜ਼ੀਕਲ ਤੌਰ ’ਤੇ ਕਿਸੇ ਨਾ ਕਿਸੇ ਖੇਡ ’ਚ ਪਾ ਦੇਣਾ ਚਾਹੀਦਾ ਹੈ, ਤਾਂ ਜੋ ਮੋਬਾਈਲ ਤੋਂ ਦੂਰ ਰਹਿਣ। ਇਨ੍ਹਾਂ ਨੂੰ ਆਪਣੇ ਪੇਰੈਂਟਸ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਘਰ ਵਿਚ ਵੀ ਗੇਮਾਂ ਖੇਡਣੀਆਂ ਚਾਹੀਦੀਆਂ ਹਨ, ਤਾਂ ਜੋ ਉਹ ਮੋਬਾਇਲ ਇੰਟਰਨੈੱਟ ਤੋਂ ਦੂਰ ਹੋ ਸਕਣ।


Inder Prajapati

Content Editor

Related News