ਹੇਮਕੁੰਟ ਯਾਤਰਾ ਦੌਰਾਨ ਲਾਪਤਾ ਹੋਏ ਸ਼ਰਧਾਲੂਆਂ ਦੀ ਭਾਲ ਲਈ ਐੱਫ.ਬੀ.ਆਈ. ਦੇਵੇ ਦਖਲ

09/15/2017 1:32:44 AM

ਅੰਮ੍ਰਿਤਸਰ/ਵਾਸ਼ਿੰਗਟਨ— ਉੱਤਰਾਖੰਡ 'ਚ ਹੇਮਕੁੰਟ ਸਾਹਿਬ ਦੀ ਤੀਰਥ ਯਾਤਰਾ ਕਰਨ ਗਏ ਅਮਰੀਕਾ ਦੇ ਦੋ ਸਿੱਖ ਨਾਗਰਿਕਾਂ ਸਣੇ 6 ਹੋਰ ਲੋਕ ਲਾਪਤਾ ਹੋ ਗਏ। ਇਹ ਹਾਦਸਾ 6 ਜੁਲਾਈ ਨੂੰ ਵਾਪਰਿਆ ਜਦੋਂ ਉਕਤ ਲੋਕ ਯਾਤਰਾ ਤੋਂ ਪਰਤ ਰਹੇ ਸਨ। ਲਾਪਤਾ ਯਾਤਰੀਆਂ 'ਚੋਂ ਅੰਮ੍ਰਿਤਸਰ ਦੇ ਮਹਿਤਾ ਚੌਕ ਇਲਾਕੇ ਦੇ ਕਿਰਪਾਲ ਸਿੰਘ, ਜਸਬੀਰ ਸਿੰਘ, ਕੁਲਬੀਰ ਸਿੰਘ, ਡਰਾਇਵਰ ਮਹਿੰਗਾ ਸਿੰਘ, ਗੁਰਦਾਸਪੁਰ ਦੇ ਪਿੰਡ ਡੱਲਾ ਤੋਂ ਹਰਪਾਲ ਸਿੰਘ, ਵਰਿੰਦਰ ਸਿੰੰਘ ਅਤੇ ਦੋ ਸਿੱਖ ਅਮਰੀਕੀ ਨਾਗਰਿਕ ਹਰਕੇਵਲ ਸਿੰਘ ਅਤੇ ਪਰਮਜੀਤ ਸਿੰਘ ਸ਼ਾਮਲ ਸਨ। 63 ਸਾਲਾਂ ਪਰਮਜੀਤ ਸਿੰਘ ਅਤੇ ਉਸ ਦਾ 38 ਸਾਲਾਂ ਜਵਾਈ ਹਰਕੇਵਲ ਸਿੰਘ ਕੈਲੀਫੋਰਨੀਆ ਸੂਬੇ ਦੇ ਸੈਕਰਾਮੈਂਟੋ ਦੇ ਵਸਨੀਕ ਸਨ।
ਉੱਤਰਾਖੰਡ ਪੁਲਸ ਅਤੇ ਪੰਜਾਬ ਪੁਲਸ ਕਈ ਦਿਨਾਂ ਤਕ ਇਨ੍ਹਾਂ ਲੋਕਾਂ ਦੀ ਭਾਲ ਕਰਦੀ ਰਹੀ ਪਰ ਕੋਈ ਠੋਸ ਸਬੂਤ ਹੱਥ ਨਹੀਂ ਲੱਗਿਆ। ਜਾਂਚ ਦੌਰਾਨ ਗੋਬਿੰਦ ਘਾਟ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਾਇਦ ਤੀਰਥ ਯਾਤਰੀਆਂ ਦੀ ਗੱਡੀ ਅਲਕਨੰਦਾ ਨਦੀਂ 'ਚ ਡਿੱਗ ਗਈ ਹੋਵੇ ਪਰ ਹਾਲੇ ਤਕ ਕੋਈ ਤਸੱਲੀਬਖਸ਼ ਸਬੂਤ ਨਹੀਂ ਮਿਲਿਆ। ਸਿਰਫ ਇਕ ਟੋਇਟਾ ਗੱਡੀ ਦਾ ਲੋਗੋ ਸਬੂਤ ਵਜੋ ਮਿਲਿਆ ਪਰ ਇਹ ਕਿਸੇ ਵੀ ਗੱਡੀ ਦਾ ਹੋ ਸਕਦਾ ਹੈ। ਇਕ ਪਗੜੀ ਜੋ ਮੌਕੇ ਤੋਂ ਮਿਲੀ, ਪਰਿਵਾਰ ਵਾਲਿਆਂ ਨੇ ਕਿਹਾ ਕਿ ਇਹ ਕਿਸੇ ਵੀ ਤੀਰਥ ਯਾਤਰੀ ਦੀ ਨਹੀਂ ਹੈ ਕਿਉਂਕਿ ਉਹ ਜ਼ਿਆਦਾ ਪੁਰਾਣੀ ਅਤੇ ਫੱਟੀ ਹੋਈ ਸੀ।
ਅਮਰੀਕੀ ਨਾਗਰਿਕ ਹਰਕੇਵਲ ਦੀ ਪਤਨੀ ਮਨਜੀਤ ਨੇ ਦੱਸਿਆ ਕਿ ਉਸ ਨੇ 8 ਜੁਲਾਈ ਨੂੰ ਉੱਤਰਾਖੰਡ, ਅੰਮ੍ਰਿਤਸਰ ਅਤੇ ਅਮਰੀਕੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਜ਼ਿਆਦਾ ਮਦਦ ਨਹੀਂ ਮਿਲ ਸਕੀ। ਉਨ੍ਹਾਂ ਕਿਹਾ ਕਿ, ''ਮੈਂ ਉੱਤਰਾਖੰਡ ਪੁਲਸ ਨੂੰ ਸੀ.ਸੀ.ਟੀ.ਵੀ. ਦੀਆਂ ਤਸਵੀਰਾਂ ਖੰਗਾਲਣ ਦੀ ਅਪੀਲ ਕੀਤੀ ਪਰ ਇਸ ਦਾ ਵੀ ਕੋਈ ਫਾਇਦਾ ਨਹੀਂ ਹੋਇਆ। ਇਸ ਲਈ ਮੈਂ ਐੱਫ.ਬੀ.ਆਈ. ਨੂੰ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਕਰ ਰਹੀ ਹਾਂ।'' 30 ਅਗਸਤ ਨੂੰ ਅਮਰੀਕੀ ਦੂਤਾਵਾਸ ਨੇ ਮਨਜੀਤ ਨੂੰ ਕਿਹਾ ਕਿ ਜਾਂਚ ਹਾਲੇ ਵੀ ਜਾਰੀ ਹੈ ਅਤੇ ਨਦੀ ਦੇ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਸਥਾਨਕ ਪੁਲਸ ਸਿਰਫ ਨਦੀਂ ਦੇ ਕਿਨਾਰੇ ਹੀ ਖੋਜ ਕਰ ਸਕਦੀ ਹੈ। ਉਨ੍ਹਾਂ ਕਿਹਾ ਜਿਵੇਂ ਹੀ ਸਾਨੂੰ ਕੋਈ ਸਬੂਤ ਮਿਲੇਗਾ ਤੁਹਾਨੂੰ ਸੂਚਨਾ ਦੇ ਦਿੱਤੀ ਜਾਵੇਗੀ।


Related News