ਧਨਾਸ ਤੋਂ 8ਵੀਂ ਜਮਾਤ ਦੀ ਵਿਦਿਆਰਥਣ ਲਾਪਤਾ

Tuesday, Apr 23, 2024 - 02:17 PM (IST)

ਧਨਾਸ ਤੋਂ 8ਵੀਂ ਜਮਾਤ ਦੀ ਵਿਦਿਆਰਥਣ ਲਾਪਤਾ

ਚੰਡੀਗੜ੍ਹ (ਸੁਸ਼ੀਲ) : ਧਨਾਸ ’ਚ 13 ਸਾਲਾ ਦੀ ਕੁੜੀ ਸ਼ੱਕੀ ਹਾਲਾਤ ’ਚ ਲਾਪਤਾ ਹੋ ਗਈ। ਕੁੜੀ ਸਰਕਾਰੀ ਸਕੂਲ ’ਚ 8ਵੀਂ ਜਮਾਤ ਵਿਚ ਪੜ੍ਹਦੀ ਹੈ। ਸਾਰੰਗਪੁਰ ਥਾਣਾ ਪੁਲਸ ਅਗਵਾ ਦਾ ਕੇਸ ਦਰਜ ਕਰ ਕੇ ਸੀ. ਸੀ. ਟੀ. ਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਧੀ ਛੱਤ ’ਤੇ ਖੇਡ ਰਹੀ ਸੀ, ਬਾਅਦ ’ਚ ਉਹ ਖੇਡਣ ਲਈ ਹੇਠਾਂ ਚਲੀ ਗਈ। ਜਦੋਂ ਉਹ ਰਾਤ 8 ਵਜੇ ਤੱਕ ਵਾਪਸ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ।

ਇਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਕੀਤੀ। ਦੱਸਣਯੋਗ ਹੈ ਕਿ ਬੱਚੀ ਦੀ ਮਾਂ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ ਜਦੋਂ ਉਹ 6 ਮਹੀਨੇ ਦੀ ਸੀ। ਕਰੀਬ 2 ਸਾਲ ਪਹਿਲਾਂ ਪਿਤਾ ਦੀ ਵੀ ਬੀਮਾਰੀ ਕਾਰਨ ਮੌਤ ਹੋ ਗਈ। ਉਹ ਚਾਚੇ ਕੋਲ ਰਹਿ ਰਹੀ ਸੀ। ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਨੇ ਕਿਹਾ ਕਿ ਇਸ ਖੇਤਰ ’ਚ ਸੁਰੱਖਿਆ ਨੂੰ ਲੈ ਕੇ ਕਾਫੀ ਸਮੱਸਿਆ ਹੈ। ਇਸ ਸਬੰਧੀ ਡੀ. ਜੀ. ਪੀ. ਤੇ ਐੱਸ. ਐੱਸ. ਪੀ. ਨੂੰ ਮੰਗ ਪੱਤਰ ਦਿੱਤਾ ਹੈ। ਉਨ੍ਹਾਂ ਆਪਣੇ ਪੱਧਰ ’ਤੇ ਪੁਲਸ ਬੀਟ ਬਾਕਸ ਵੀ ਬਣਵਾਇਆ ਹੋਇਆ ਹੈ ਪਰ ਹਾਲੇ ਤੱਕ ਕੋਈ ਮੁਲਾਜ਼ਮ ਉੱਥੇ ਤਾਇਨਾਤ ਨਹੀਂ ਕੀਤਾ ਗਿਆ।
 


author

Babita

Content Editor

Related News