ਭਾਰਤ, ਪਾਕਿਸਤਾਨ ਨੇ ਕੈਨੇਡੀਅਨ ਚੋਣਾਂ 'ਚ ਦਖਲ ਦੇਣ ਦੀ ਕੀਤੀ ਕੋਸ਼ਿਸ਼ : CSIS

Friday, Apr 05, 2024 - 06:05 PM (IST)

ਭਾਰਤ, ਪਾਕਿਸਤਾਨ ਨੇ ਕੈਨੇਡੀਅਨ ਚੋਣਾਂ 'ਚ ਦਖਲ ਦੇਣ ਦੀ ਕੀਤੀ ਕੋਸ਼ਿਸ਼ : CSIS

ਓਟਾਵਾ: ਕੈਨੇਡੀਅਨ ਚੋਣਾਂ ਵਿਚ ਵਿਦੇਸ਼ੀ ਦਖਲ ਦੇ ਗੁੱਝੇ ਭੇਤ ਦੀਆਂ ਪਰਤਾਂ ਤੇਜ਼ੀ ਨਾਲ ਖੁੱਲ੍ਹਣ ਲੱਗੀਆਂ ਜਦੋਂ ਪੜਤਾਲ ਕਮਿਸ਼ਨ ਅੱਗੇ ਪੇਸ਼ ਹੋਏ ਖੁਫੀਆ ਏਜੰਸੀ ਦੇ ਮੁਖੀ ਨੇ ਦੱਸਿਆ ਕਿ 2019 ਅਤੇ 2021 ਦੀਆਂ ਚੋਣਾਂ ਦੌਰਾਨ ਨਾ ਸਿਰਫ ਚੀਨ ਵੱਲੋਂ ਆਪਣੇ ਸਰੋਤਾਂ ਰਾਹੀਂ ਢਾਈ ਲੱਖ ਡਾਲਰ ਖਰਚ ਕਰਨ ਦੇ ਯਤਨ ਕੀਤੇ ਗਏ ਸਗੋਂ ਭਾਰਤ ਅਤੇ ਪਾਕਿਸਤਾਨ ਨੇ ਵੀ ਦਖਲ ਦੇਣ ਦਾ ਯਤਨ ਕੀਤਾ।

ਖੁਫੀਆ ਏਜੰਸੀ ਨੇ ਚੀਨ ਅਤੇ ਪਾਕਿਸਤਾਨ ’ਤੇ ਵੀ ਲਾਏ ਦੋਸ਼

ਕੈਨੇਡੀਅਨ ਸਕਿਊਰਿਟੀ ਇੰਟੈਲੀਜੈਂਸ ਸਰਵਿਸ (CSIS) ਵੱਲੋਂ ਪੇਸ਼ ਦਸਤਾਵੇਜ਼ਾਂ ਮੁਤਾਬਕ ਭਾਰਤ ਸਰਕਾਰ ਨੇ ਚੋਣ ਵਿਚ ਦਖਲ ਦੇ ਇਰਾਦੇ ਨਾਲ ਆਪਣੇ ਲੁਕਵੇਂ ਏਜੰਟ ਦੀ ਵਰਤੋਂ ਕਰਦਿਆਂ ਸੰਭਾਵਤ ਤੌਰ ’ਤੇ ਗੁਪਤ ਸਰਗਰਮੀਆਂ ਚਲਾਈਆਂ। ਸਿਰਫ ਇਥੇ ਹੀ ਬੱਸ ਨਹੀਂ ਪਾਕਿਸਤਾਨ ਨੇ ਵੀ ਆਪਣੇ ਹਿਤਾਂ ਖਾਤਰ ਚੋਣਾਂ ਵਿਚ ਦਖਲ ਦੇਣ ਦੇ ਯਤਨ ਕੀਤੇ। ਦੂਜੇ ਪਾਸੇ ਚੀਨ ਵੱਲੋਂ ਲਿਬਰਲ ਪਾਰਟੀ ਦੇ ਸੱਤ ਅਤੇ ਕੰਜ਼ਰਵੇਟਿਵ ਪਾਰਟੀ ਦੇ ਚਾਰ ਉਮੀਦਵਾਰਾਂ ਨੂੰ ਕਥਿਤ ਤੌਰ ’ਤੇ ਪ੍ਰਭਾਵਤ ਕਰਨ ਦਾ ਯਤਨ ਕੀਤਾ ਗਿਆ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਪਾਕਿਸਤਾਨ ਸਰਕਾਰ ਦੀ ਦਿਲਚਸਪੀ ਆਪਣੇ ਮੁਲਕ ਵਿਚ ਆਰਥਿਕ ਸਥਿਰਤਾ ਅਤੇ ਦੁਨੀਆਂ ਵਿਚ ਭਾਰਤ ਦੇ ਵਧਦੇ ਦਬਦਬੇ ਤੱਕ ਸੀਮਤ ਅਤੇ ਇਸੇ ਮਕਸਦ ਵਾਸਤੇ ਉਥੋਂ ਦੀ ਸਰਕਾਰ ਕੈਨੇਡੀਅਨ ਚੋਣਾਂ ਵਿਚ ਦਖਲ ਦੇਣ ਦਾ ਯਤਨ ਕਰਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਭਾਰਤੀ ਨੌਜਵਾਨ ਕਈ ਦਿਨਾਂ ਤੋਂ ਲਾਪਤਾ, ਚਿੰਤਾ 'ਚ ਪਰਿਵਾਰ

2019 ਅਤੇ 2021 ਦੀਆਂ ਚੋਣਾਂ ’ਚ ਹੋਇਆ ਸੀ ਵਿਦੇਸ਼ੀ ਦਖਲ

ਇਸ ਦੇ ਉਲਟ ਭਾਰਤ ਦੇ ਮਾਮਲੇ ਵਿਚ ਅਜਿਹਾ ਬਿਲਕੁਲ ਵੀ ਨਹੀਂ ਅਤੇ ਉਥੋਂ ਦੀ ਸਰਕਾਰ ਆਪਣੇ ਜੱਦੀ ਮੁਲਕ ਦੀ ਹਮਾਇਤ ਵਿਚ ਖੜ੍ਹਨ ਵਾਲੇ ਉਮੀਦਵਾਰਾਂ ਦੀ ਮਦਦ ਕਰਦੀ ਹੈ। ਖੁਫੀਆ ਦਸਤਾਵੇਜ਼ਾਂ ਮੁਤਾਬਕ ਭਾਰਤ ਸਰਕਾਰ ਦਾ ਮੰਨਣਾ ਹੈ ਕਿ ਇੰਡੋ ਕੈਨੇਡੀਅਨ ਵੋਟਰਾਂ ਦਾ ਇਕ ਵੱਡਾ ਹਿੱਸਾ ਖਾਲਿਸਤਾਨੀ ਸਰਗਰਮੀਆਂ ਪ੍ਰਤੀ ਨਰਮ ਰਵੱਈਆ ਰਖਦਾ ਹੈ। ਇਸੇ ਦੌਰਾਨ ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਚੀਨ ਵੱਲੋਂ 11 ਉਮੀਦਵਾਰਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ 13 ਸਟਾਫ ਮੈਂਬਰਾਂ ਨੂੰ ਵੀ ਪ੍ਰਭਾਵਤ ਕਰਨ ਦੇ ਯਤਨ ਕੀਤੇ ਗਏ। ਢਾਈ ਲੱਖ ਡਾਲਰ ਦੀ ਰਕਮ ਚੀਨੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਰਾਹੀਂ 2018 ਅਤੇ 2019 ਵਿਚ ਕੈਨੇਡਾ ਪਹੁੰਚਾਈ ਗਈ ਜਿਨ੍ਹਾਂ ਨੂੰ ਖੁਫੀਆ ਰਿਪੋਰਟ ਵਿਚ ‘ਥਰੈਟ ਐਕਟਰਜ਼’ ਦਾ ਨਾਂ ਦਿਤਾ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕੱਪ 'ਚ ਪਿਸ਼ਾਬ ਕਰਨ 'ਤੇ ਸਿਡਨੀ ਏਅਰਲਾਈਨ ਦੇ ਯਾਤਰੀ ਨੂੰ ਭਾਰੀ ਜੁਰਮਾਨਾ

ਚੀਨ ਵੱਲੋਂ 2.5 ਲੱਖ ਡਾਲਰ ਭੇਜੇ ਗਏ : ਖੁਫੀਆ ਰਿਪੋਰਟ

ਚੋਣ ਪ੍ਰਚਾਰ ਵਿਚ ਵਿਦੇਸ਼ੀ ਦਖਲ ਬਾਰੇ ਸਭ ਤੋਂ ਅਹਿਮ ਸਬੂਤ 2021 ਦੀਆਂ ਚੋਣਾਂ ਬਾਅਦ ਖੁਫੀਆ ਏਜੰਸੀ ਦੇ ਹੱਥ ਲੱਗੇ। ਇਸ ਖੁਫੀਆ ਜਾਣਕਾਰੀ ਨੂੰ ਇਲੈਕਸ਼ਨਜ਼ ਟਾਸਕ ਫੋਰਸ, ਰੱਖਿਆ ਮੰਤਰੀ, ਆਰ.ਸੀ.ਐਮ.ਪੀ. ਅਦੇ ਫਾਈਵ ਆਈਜ਼ ਨਾਲ ਸਾਂਝਾ ਕੀਤਾ ਗਿਆ। ਪੜਤਾਲ ਕਮਿਸ਼ਨ ਅੱਗੇ ਪੇਸ਼ੀ ਦੌਰਾਨ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕੀ ਵਿਦੇਸ਼ੀ ਦਖਲ ਬਾਰੇ ਜਾਣਕਾਰੀ ਮਿਲਣ ਮਗਰੋਂ ਆਰ.ਸੀ.ਐਮ.ਪੀ. ਅਤੇ ਸੀ.ਐਸ.ਆਈ.ਐਸ. ਵੱਲੋਂ ਕੋਈ ਕਾਰਵਾਈ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News