ਪੁਲਸ ਦੀ ਮਦਦ ਨਾਲ ਗੁਆਚੇ ਬੱਚੇ ਨੂੰ ਪਰਿਵਾਰ ਤੱਕ ਪਹੁੰਚਾਇਆ

05/06/2018 12:35:48 PM

ਅਬੋਹਰ (ਸੁਨੀਲ) - ਬੀਤੇ ਦਿਨੀਂ 6 ਸਾਲਾਂ ਦਾ ਬੱਚਾ ਰੋਂਦਾ-ਕੁਰਲਾਉਂਦਾ ਹੋਇਆ ਬੱਸ ਸਟੈਂਡ ਵਿਖੇ ਚੁੱਘ ਵੈਰਾਇਟੀ ਸਟੋਰ 'ਤੇ ਫਾਇਨਾਂਸਰ ਐਸੋਸੀਏਸ਼ਨ ਦੇ ਪ੍ਰਧਾਨ ਰਿੰਕੂ ਚੁੱਘ ਨੂੰ ਮਿਲਿਆ, ਜਿਸ ਨੇ ਆਪਣਾ ਨਾਂ ਕਰਨ ਉਰਫ ਗਜ਼ਲ ਦੱਸਿਆ । ਉਨ੍ਹਾਂ ਨੇ ਇਸ ਦੀ ਸੂਚਨਾ ਸਮਾਜ-ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਨੂੰ ਦਿੱਤੀ ਅਤੇ ਸੰਸਥਾ ਪ੍ਰਧਾਨ ਰਾਜੂ ਚਰਾਇਆ ਅਤੇ ਪ੍ਰੈੱਸ ਸਕੱਤਰ ਬਿੱਟੂ ਨਰੂਲਾ ਮੌਕੇ 'ਤੇ ਪਹੁੰਚ ਗਏ। 
ਇਸ ਤੋਂ ਬਾਅਦ ਚਾਈਲਡ ਹੈਲਪਲਾਈਨ ਦੇ ਪ੍ਰਾਜੈਕਟ ਅਫਸਰ ਦਿਆਲ ਚੰਦ ਨੂੰ ਬੁਲਾਇਆ ਗਿਆ । ਰਾਤ ਦਾ ਸਮਾਂ ਹੋਣ ਕਾਰਨ ਬੱਚੇ ਨੂੰ ਚਾਈਲਡ ਹੈਲਪਲਾਈਨ ਕੋਲ ਰੱਖਿਆ ਗਿਆ। ਅਗਲੇ ਦਿਨ ਪੁਲਸ ਦੀ ਮਦਦ ਨਾਲ ਬੱਚੇ ਦੇ ਮਾਪਿਆਂ ਦਾ ਪਤਾ ਲਗਾ ਲਿਆ। ਇਹ ਬੱਚਾ ਅਨਾਜ ਮੰਡੀ 'ਚ ਝੁੱਗੀ-ਝੌਂਪੜੀ ਵਿਚ ਰਹਿਣ ਵਾਲੇ ਪਰਿਵਾਰ ਦਾ ਸੀ । ਸੂਚਨਾ ਮਿਲਣ 'ਤੇ ਬੱਚੇ ਦੀ ਮਾਂ ਦਰੋਪਦੀ ਉਰਫ ਪੂਜਾ ਨਗਰ ਥਾਣਾ ਪੁੱਜੀ ਅਤੇ ਪੁਲਸ, ਚਾਈਲਡ ਹੈਲਪਲਾਈਨ ਨੇ ਬੱਚਾ ਉਸ ਨੂੰ ਸੌਂਪ ਦਿੱਤਾ । ਦਰੋਪਦੀ ਨੇ ਦੱਸਿਆ ਕਿ ਉਸ ਦਾ ਪਤੀ ਲਲਨ ਬਾਬੂ ਯੂ. ਪੀ. ਦੇ ਲੀਲਾਪੁਰ 'ਚ ਰਹਿੰਦਾ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ । 
ਇਸ ਲਈ ਆਪਣੇ ਪਤੀ ਨੂੰ ਛੱਡ ਕੇ ਉਹ ਯੂ. ਪੀ. ਤੋਂ ਅਬੋਹਰ ਆ ਕੇ ਨਵੀਂ ਅਨਾਜ ਮੰਡੀ 'ਚ ਰਹਿਣ ਲੱਗੀ ।ਬੀਤੇ ਦਿਨੀਂ ਉਸ ਦਾ ਪੁੱਤਰ ਗਜ਼ਲ ਬਿਨਾਂ ਦੱਸੇ ਕਿਤੇ ਚਲਾ ਗਿਆ, ਜਿਸ ਸਬੰਧੀ ਉਸ ਨੂੰ ਬਹੁਤ ਚਿੰਤਾ ਹੋ ਰਹੀ ਸੀ । ਪੁਲਸ ਨੇ ਆ ਕੇ ਦੱਸਿਆ ਕਿ ਉਸ ਦਾ ਬੱਚਾ ਮਿਲ ਗਿਆ ਹੈ। ਬੱਚੇ ਦੀ ਮਾਤਾ ਦਰੋਪਦੀ ਨੇ ਚਾਈਲਡ ਹੈਲਪਲਾਈਨ, ਨਰ ਸੇਵਾ ਨਰਾਇਣ ਸੇਵਾ ਅਤੇ ਨਗਰ ਥਾਣਾ ਪੁਲਸ ਦਾ ਧੰਨਵਾਦ ਕੀਤਾ। 


Related News