ਚੀਨ ਦੀ ਖ਼ਤਰਨਾਕ ਯੋਜਨਾ : POK ''ਚ ਪਾਕਿਸਤਾਨ ਲਈ ਵਧਾਈ ਫ਼ੌਜੀ ਮਦਦ, ਬਣਾ ਰਿਹਾ ਸਟੀਲ ਦੇ ਖ਼ਾਸ ਬੰਕਰ

05/31/2024 10:50:09 AM

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਨੂੰ ਲੈ ਕੇ ਚੀਨ ਦੀ ਖ਼ਤਰਨਾਕ ਯੋਜਨਾ ਸਾਹਮਣੇ ਆਈ ਹੈ। ਪੀਓਕੇ ਵਿਚ ਫ਼ੌਜੀ ਮਦਦ ਵਧਾ ਕੇ ਚੀਨ ਉਸ ਦੇ ਨਾਪਾਕ ਮਨਸੂਬਿਆਂ ਨੂੰ ਹਵਾ ਦੇ ਰਿਹਾ ਹੈ। ਭਾਰਤ ਨਾਲ ਸਰਹੱਦੀ ਵਿਵਾਦ ਵਿਚਾਲੇ ਚੀਨ ਅਸਲ ਕੰਟਰੋਲ ਰੇਖਾ (LOC) ਦੇ ਉਸ ਪਾਰ ਪਾਕਿਸਤਾਨੀ ਫ਼ੌਜ ਲਈ ਸਟੀਲ ਦੇ ਬੰਕਰ ਬਣਾ ਰਿਹਾ ਹੈ। ਉਹ ਪਾਕਿਸਤਾਨੀ ਫ਼ੌਜ ਨੂੰ ਮਨੁੱਖ ਰਹਿਤ ਲੜਾਕੂ ਜਹਾਜ਼ ਅਤੇ ਹੋਰ ਸਾਜ਼ੋ-ਸਾਮਾਨ ਵੀ ਮੁਹੱਈਆ ਕਰਵਾ ਰਿਹਾ ਹੈ। ਚੀਨ ਦੀ ਮਦਦ ਨਾਲ ਸਰਹੱਦ ਪਾਰ ਸ਼ਕਤੀਸ਼ਾਲੀ ਸੰਚਾਰ ਟਾਵਰ ਲਗਾਏ ਜਾ ਰਹੇ ਹਨ। 

ਇਹ ਵੀ ਪੜ੍ਹੋ - UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ

ਅੰਡਰਗਰਾਊਂਡ ਫਾਈਬਰ ਕੇਬਲ ਵਿਛਾਉਣ ਦਾ ਕੰਮ ਵੀ ਜ਼ੋਰਾਂ-ਸ਼ੋਰਾਂ ’ਤੇ ਚੱਲ ਰਿਹਾ ਹੈ। ਫ਼ੌਜੀ ਅਧਿਕਾਰੀਆਂ ਮੁਤਾਬਕ ਚੀਨੀ ਮੂਲ ਦੇ ਐਡਵਾਂਸ ਰਡਾਰ ਸਿਸਟਮ ਵੀ ਲਗਾਏ ਗਏ ਹਨ। ਇਨ੍ਹਾਂ ਰਡਾਰ ਨਾਲ ਪਾਕਿਸਤਾਨੀ ਫ਼ੌਜ ਦੀ ਘੱਟ ਉਚਾਈ ਵਾਲੇ ਟੀਚਿਆਂ ਦਾ ਪਤਾ ਲਗਾਉਣ ਦੀ ਸਮਰੱਥਾ ਵਿਚ ਇਜ਼ਾਫਾ ਹੋਵੇਗਾ। ਉਸ ਦੀ ਫ਼ੌਜ ਅਤੇ ਹਵਾਈ ਰੱਖਿਆ ਇਕਾਈਆਂ ਨੂੰ ਖ਼ੁਫ਼ੀਆ ਮਦਦ ਮਿਲੇਗੀ। ਇਸ ਨੂੰ ਪਾਕਿਸਤਾਨ ਦੇ ਨਾਲ ਚੀਨ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿਚ ਚੀਨੀ ਨਿਵੇਸ਼, ਵਿਸ਼ੇਸ਼ ਰੂਪ ਨਾਲ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਨਾਲ ਜੁੜੇ ਨਿਵੇਸ਼ ਦੀ ਸੁਰੱਖਿਆ ਦੀਆਂ ਕੋਸ਼ਿਸ਼ਾਂ ਦੇ ਰੂਪ ਵਿਚ ਵੀ ਦੇਖਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ - ਏਅਰਪੋਰਟ 'ਤੇ ਬਿਨਾਂ ਪਾਇਲਟ ਦੇ ਤੁਰ ਪਿਆ ਜਹਾਜ਼, ਹੈਰਾਨ ਕਰ ਦੇਵੇਗੀ ਇਹ ਵੀਡੀਓ

LOC ਦੇ ਉਸ ਪਾਰ ਵੱਖ-ਵੱਖ ਥਾਵਾਂ 'ਤੇ ਚੀਨ ਦੀਆਂ 155 ਐੱਮਐੱਮ ਹੋਵਿਟਜ਼ਰ ਤੋਪਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਨੂੰ ਸੀਪੀਈਸੀ ਦੇ ਆਲੇ-ਦੁਆਲੇ ਖ਼ਾਸ ਤੌਰ 'ਤੇ ਦੇਖਿਆ ਗਿਆ ਹੈ। ਅਧਿਕਾਰੀਆਂ ਮੁਤਾਬਕ, ਚੀਨੀ ਫ਼ੌਜ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਦੀ ਫਾਰਵਰਡ ਪੋਸਟਾਂ 'ਤੇ ਮੌਜੂਦਗੀ ਨਹੀਂ ਮਿਲੀ ਹੈ। ਪਰ ਇੰਟਰਸੈਪਟਰਾਂ ਤੋਂ ਪਤਾ ਲੱਗਾ ਹੈ ਕਿ ਚੀਨੀ ਫ਼ੌਜੀ ਅਤੇ ਇੰਜੀਨੀਅਰ ਅੰਡਰਗਰਾਊਂਡ ਬੰਕਰਾਂ ਸਮੇਤ ਬੁਨਿਆਦੀ ਢਾਂਚੇ ਦੀ ਸਥਾਪਨਾ ਕਰ ਰਹੇ ਸਨ। ਪੀਓਕੇ ਦੀ ਲੀਪਾ ਘਾਟੀ ਵਿਚ ਸੁਰੰਗ ਵੀ ਬਣਾ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਇਹ ਸੁਰੰਗ ਕਾਰਾਕੋਰਮ ਹਾਈਵੇਅ ਨਾਲ ਜੁੜੇਗੀ। ਭਾਰਤੀ ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਨੇ ਪਹਿਲਾਂ ਗਿਲਗਿਤ ਅਤੇ ਬਾਲਟਿਸਤਾਨ ਵਿਚ ਚੀਨੀ ਸਰਗਰਮੀਆਂ 'ਤੇ ਇਤਰਾਜ਼ ਪ੍ਰਗਟਾਇਆ ਸੀ। ਲਗਾਤਾਰ ਤਣਾਅ ਕਾਰਨ ਭਾਰਤ ਚੌਕਸ ਹੈ ਅਤੇ ਸਰਹੱਦ ਪਾਰ ਤੋਂ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਤਿਆਰ ਹੈ।

ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News