ਸਵੱਛਤਾ ਸਰਵੇਖਣ ''ਚ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਨਿਗਮਾਂ ਤੋਂ ਕਿਤੇ ਪਿੱਛੇ ਰਹਿ ਗਿਆ ਜਲੰਧਰ

06/24/2018 5:41:40 AM

ਜਲੰਧਰ, (ਖੁਰਾਣਾ)- ਮੋਦੀ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲਾ ਵੱਲੋਂ ਸਾਲ 2018 ਦੇ ਸ਼ੁਰੂ ਵਿਚ ਦੇਸ਼ ਦੇ 4041 ਸ਼ਹਿਰਾਂ ਵਿਚ ਸਵੱਛਤਾ ਸਰਵੇਖਣ ਕਰਵਾਇਆ ਗਿਆ ਸੀ, ਜਿਸ ਦੀ ਰਿਪੋਰਟ ਅੱਜ ਜਾਰੀ ਕੀਤੀ ਗਈ। ਰਿਪੋਰਟ ਅਨੁਸਾਰ ਜਲੰਧਰ ਨੂੰ ਸਫਾਈ ਦੇ ਮਾਮਲੇ ਵਿਚ 215ਵਾਂ ਰੈਂਕ ਹਾਸਲ ਹੋਇਆ ਹੈ, ਜਦਕਿ ਪਹਿਲੇ ਸਥਾਨ 'ਤੇ ਪੰਜਾਬ ਦੇ ਬਠਿੰਡਾ ਦਾ ਨਾਂ ਹੈ, ਜਿਸ ਨੂੰ 104ਵੀਂ ਰੈਂਕਿੰਗ ਮਿਲੀ ਹੈ।

ਜਲੰਧਰ ਦੀ ਗੱਲ ਕਰੀਏ ਤਾਂ ਇਹ ਨਗਰ ਨਿਗਮ ਬਠਿੰਡਾ, ਮੋਹਾਲੀ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਨਗਰ ਨਿਗਮਾਂ ਨਾਲੋਂ ਕਾਫੀ ਪਛੜ ਗਿਆ ਹੈ। ਲੁਧਿਆਣਾ ਦੀ ਰੈਂਕਿੰਗ 137ਵੀਂ ਹੈ ਅਤੇ ਹੋਰ ਮਾਮਲੇ ਵਿਚ ਹੁਸ਼ਿਆਰਪੁਰ ਅਤੇ ਨਿਹਾਲਸਿੰਘ ਵਾਲਾ ਅਜਿਹੀਆਂ ਛੋਟੀ ਮਿਊਂਸੀਪਲ ਕੌਂਸਲਾਂ ਵੀ ਜਲੰਧਰ ਤੋਂ ਅੱਗੇ ਨਿਕਲ ਗਈਆਂ ਹਨ।

ਜਲੰਧਰ ਨੇ ਸਿਰਫ ਪਠਾਨਕੋਟ ਅਤੇ ਮੋਗਾ ਨਗਰ ਨਿਗਮ ਨੂੰ ਪਿੱਛੇ ਛੱਡਿਆ ਹੈ। ਇਸ ਤੋਂ ਇਲਾਵਾ ਅਬੋਹਰ, ਮਾਲੇਰਕੋਟਲਾ, ਬਰਨਾਲਾ, ਮੁਕਤਸਰ ਅਤੇ ਬਟਾਲਾ ਨਗਮ ਕੌਂਸਲ ਜਲੰਧਰ ਤੋਂ ਪਿੱਛੇ ਹਨ।

ਡਾਇਰੈਕਟ ਆਬਜ਼ਰਵੇਸ਼ਨ 'ਚ ਨਿਗਮ ਨੂੰ ਮਿਲੇ 90 ਫੀਸਦੀ ਅੰਕ

ਅਜਿਹਾ ਨਹੀਂ ਹੈ ਕਿ ਸਵੱਛਤਾ ਰੈਂਕਿੰਗ ਦੇ ਮਾਮਲੇ ਵਿਚ ਜਲੰਧਰ ਬੇਹੱਦ ਪਛੜ ਗਿਆ ਹੈ। ਅਸਲ ਵਿਚ ਪ੍ਰਾਸੈਸਿੰਗ ਪਲਾਂਟ ਤੇ ਓ. ਡੀ. ਐੱਫ. ਵਰਗੀਆਂ ਸਹੂਲਤਾਂ ਨਾ ਹੋਣ ਕਾਰਨ ਨਿਗਮ ਨੂੰ ਸਿਫਰ ਅੰਕ ਮਿਲੇ। ਡਾਇਰੈਕਟ ਆਬਜ਼ਰਵੇਸ਼ਨ ਵਿਚ ਨਿਗਮ ਨੇ 1200 ਵਿਚੋਂ 1056 ਭਾਵ 90 ਫੀਸਦੀ ਅੰਕ ਹਾਸਲ ਕਰ ਕੇ ਸਰਵੋਤਮ ਪ੍ਰਦਰਸ਼ਨ ਕੀਤਾ। ਸਿਟੀਜ਼ਨ ਪਾਰਟੀਸਿਪੇਸ਼ਨ ਮਾਮਲੇ ਵਿਚ ਵੀ ਨਿਗਮ ਨੂੰ 1400 ਵਿਚੋਂ 761 ਅੰਕ ਮਿਲੇ।

ਜਲੰਧਰ ਨਿਗਮ ਕੋਲ ਨਾ ਸਟਾਫ, ਨਾ ਮਸ਼ੀਨਰੀ

ਪੰਜਾਬ ਸਰਕਾਰ ਵੱਲੋਂ ਜਲੰਧਰ ਨਿਗਮ ਨਾਲ ਕੀਤੇ ਜਾ ਰਹੇ ਮਤਰੇਏ ਵਿਵਹਾਰ ਦੀ ਉਦਾਹਰਨ ਇਸ ਤੋਂ ਹੀ ਮਿਲਦੀ ਹੈ ਕਿ ਜਲੰਧਰ ਨਿਗਮ ਕੋਲ ਨਾ ਤਾਂ ਪੂਰਾ ਸਟਾਫ ਹੈ ਅਤੇ ਨਾ ਹੀ ਸਫਾਈ ਕਰਮਚਾਰੀ, ਕੰਮਾਂ ਵਿਚ ਵਰਤੀ ਜਾਣ ਵਾਲੀ ਮਸ਼ੀਨਰੀ, ਲੁਧਿਆਣਾ ਵਿਚ ਇਸ ਸਮੇਂ 11 ਅਤੇ ਅੰਮ੍ਰਿਤਸਰ ਵਿਚ 9 ਚੀਫ ਸੈਨੇਟਰੀ ਇੰਸਪੈਕਟਰ ਕੰਮ ਕਰ ਰਹੇ ਹਨ, ਜਦਕਿ ਜਲੰਧਰ ਵਿਚ ਸਿਰਫ 2 ਸੈਨੇਟਰੀ ਇੰਸਪੈਕਟਰਾਂ ਦੀ ਗੱਲ ਕਰੀਏ ਤਾਂ ਲੁਧਿਆਣਾ ਅਤੇ ਅੰਮ੍ਰਿਤਸਰ ਵਿਚ 40-40 ਸੈਨੇਟਰੀ ਇੰਸਪੈਕਟਰ ਕੰਮ ਕਰਦੇ ਹਨ। ਜਦਕਿ ਜਲੰਧਰ 'ਚ ਸਿਰਫ 14 ਪ੍ਰੋਸੈਸਿੰਗ ਪਲਾਂਟ ਦੇ ਨਾਂ 'ਤੇ ਜਲੰਧਰ ਦੇ ਹੱਥ ਖਾਲੀ ਹਨ। ਕੂੜਾ ਢੋਣ ਵਾਲੀ ਮਸ਼ੀਨਰੀ ਵੀ ਪੂਰੀ ਗਿਣਤੀ ਵਿਚ ਨਹੀਂ ਹੈ ਅਤੇ ਹਰ ਦੂਜੇ-ਚੌਥੇ ਦਿਨ ਕੂੜਾ ਢੋਣ ਵਾਲੀਆਂ ਗੱਡੀਆਂ ਨੂੰ ਡੀਜ਼ਲ-ਪੈਟਰੋਲ ਨਹੀਂ ਮਿਲਦਾ, ਜਿਸ ਕਾਰਨ ਪੂਰੇ ਸ਼ਹਿਰ ਦੀ ਸਫਾਈ ਠੱਪ ਹੋ ਜਾਂਦੀ ਹੈ।

ਸਿਆਸੀ ਇੱਛਾ ਸ਼ਕਤੀ ਦੀ ਭਾਰੀ ਕਮੀ

ਜਲੰਧਰ ਦੀ ਲੀਡਰਸ਼ਿਪ 'ਚ ਸਫਾਈ ਵਿਵਸਥਾ ਨੂੰ ਲੈ ਕੇ ਸਿਆਸੀ ਇੱਛਾ ਸ਼ਕਤੀ ਦੀ ਭਾਰੀ ਕਮੀ ਵੇਖਣ ਨੂੰ ਮਿਲ ਰਹੀ ਹੈ। ਜਿੰਦਲ ਕੰਪਨੀ ਨੇ ਇਥੇ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਸ਼ੁਰੂ ਕੀਤਾ ਸੀ ਪਰ ਸਿਆਸਤਦਾਨਾਂ ਨੇ ਆਪਣੇ ਹਿੱਤਾਂ ਲਈ ਨਾ ਸਿਰਫ ਉਸ ਨੂੰ ਫੇਲ ਕੀਤਾ, ਸਗੋਂ ਕੰਪਨੀ ਨੂੰ ਦੌੜ ਜਾਣ ਲਈ ਵੀ ਮਜਬੂਰ ਕੀਤਾ। ਅੱਜ ਹਾਲਤ ਇਹ ਹੈ ਕਿ ਜਲੰਧਰ ਨੇੜੇ ਕੂੜਾ ਸੁੱਟਣ ਲਈ ਥਾਂ ਤੱਕ ਨਹੀਂ ਹੈ। ਜੋ ਸਵੀਪਿੰਗ ਮਸ਼ੀਨਾਂ ਚੱਲ ਰਹੀਆਂ ਹਨ, ਉਨ੍ਹਾਂ ਦੇ ਵੀ ਬੰਦ ਹੋ ਜਾਣ ਦੀ ਨੌਬਤ ਆ ਗਈ ਹੈ।


Related News