555ਵੇਂ ਪ੍ਰਕਾਸ਼ ਪੁਰਬ ਮੌਕੇ ਜਲੰਧਰ ''ਚ ਖਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ ਨਗਰ ਕੀਰਤਨ

Wednesday, Nov 13, 2024 - 01:21 PM (IST)

555ਵੇਂ ਪ੍ਰਕਾਸ਼ ਪੁਰਬ ਮੌਕੇ ਜਲੰਧਰ ''ਚ ਖਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ ਨਗਰ ਕੀਰਤਨ

ਜਲੰਧਰ (ਅਰੋੜਾ, ਪਰੂਥੀ)-ਕ੍ਰਾਂਤੀਕਾਰੀ ਗੁਰੂ, ਸਮੇਂ ਦੇ ਹਾਕਮ ਬਾਬਰ ਨੂੰ ਉਸ ਦੇ ਮੂੰਹ ’ਤੇ ਜਾਬਰ ਕਹਿਣ ਵਾਲੇ, ਲੋਕਾਂ ਨੂੰ ਵਹਿਮਾਂ-ਭਰਮਾਂ ’ਚੋਂ ਕੱਢ ਕੇ ਇਕ ਪ੍ਰਮਾਤਮਾ ਨਾਲ ਜੋੜਨ ਵਾਲੇ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀ ਖ਼ੁਸ਼ੀ 'ਚ ਗੁ. ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਸੇਵਾ ਸੋਸਾਇਟੀਆਂ ਅਤੇ ਗੁਰੂ ਨਾਮਲੇਵਾ ਸੰਗਤ ਦੇ ਸਹਿਯੋਗ ਨਾਲ ਬੀਤੇ ਦਿਨ ਇਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ਼ਹਿਰ ਦੇ ਪੁਰਾਤਨ ਰੂਟ ਤੋਂ ਹੁੰਦਾ ਹੋਇਆ ਅਤੇ ਬਾਬੇ ਨਾਨਕ ਦਾ ਸੁਨੇਹਾ ਘਰ-ਘਰ ਪਹੁੰਚਾਉਂਦਾ ਦੇਰ ਰਾਤ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਿਖੇ ਪਹੁੰਚ ਕੇ ਸਮਾਪਤ ਹੋਇਆ।

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਵੇਰੇ ਲਗਭਗ 11 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੋਬਿੰਦਗੜ੍ਹ ਤੋਂ ਆਰੰਭ ਹੋਇਆ ਇਹ ਨਗਰ ਕੀਰਤਨ ਰੇਲਵੇ ਰੋਡ, ਸੈਂਟਰਲ ਟਾਊਨ, ਮਿਲਾਪ ਰੋਡ, ਫਗਵਾੜਾ ਗੇਟ, ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ, ਮਾਈ ਹੀਰਾਂ ਗੇਟ, ਪਟੇਲ ਚੌਕ, ਪੁਰਾਣੀ ਸਬਜ਼ੀ ਮੰਡੀ, ਜੇਲ ਚੌਕ, ਬਸਤੀ ਅੱਡਾ, ਅਲੀ ਮੁਹੱਲਾ, ਜੋਤੀ ਚੌਕ, ਰੈਣਕ ਬਜ਼ਾਰ, ਸੈਦਾਂ ਗੇਟ ਅਤੇ ਨਯਾ ਬਾਜ਼ਾਰ ਤੋਂ ਹੁੰਦਾ ਹੋਇਆ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸਮਾਪਤ ਹੋਇਆ।

PunjabKesari

ਇਹ ਵੀ ਪੜ੍ਹੋ- ਨਿਗਮ ਚੋਣਾਂ ਨੂੰ ਵੇਖਦਿਆਂ ਹੁਣ ਫਿਰ ਹੋਵੇਗਾ ਦਲ-ਬਦਲ, ਕਈ ਆਗੂ ਜਲਦ ਮਾਰਨਗੇ ਪਲਟੀ

ਸਤਿਗੁਰੂ ਜੀ ਦੀ ਹਜ਼ੂਰੀ ਵਿਚ ਚੌਰ ਸਾਹਿਬ ਦੀ ਸੇਵਾ ਸੰਤ ਬਾਬਾ ਜੀਤ ਸਿੰਘ ਜੌਹਲਾਂ ਵਾਲੇ ਨਿਭਾਅ ਰਹੇ ਸਨ। ਸਤਿਗੁਰੂ ਜੀ ਦੇ ਅਦਬ-ਸਤਿਕਾਰ ਨੂੰ ਮੁੱਖ ਰੱਖਦਿਆਂ ਰਸਤੇ ਦੀ ਸਾਫ-ਸਫਾਈ ਅਤੇ ਫੁੱਲਾਂ ਦੀ ਸੇਵਾ ਦਸਮੇਸ਼ ਸੇਵਕ ਸਭਾ ਚਹਾਰ ਬਾਗ, ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੇ ਪਿਆਰ ਨਾਲ ਕਰ ਰਹੇ ਸਨ, ਜਦਕਿ ਜਲ ਛਿੜਕਾਉਣ ਅਤੇ ਛਕਾਉਣ ਦੀ ਸੇਵਾ ਗੁਰੂ ਰਾਮਦਾਸ ਜਲ ਸੇਵਕ ਸਭਾ ਅਤੇ ਭਾਈ ਘਨੱਈਆ ਜੀ ਸੇਵਕ ਦਲ ਵੱਲੋਂ ਨਿਭਾਈ ਜਾ ਰਹੀ ਸੀ। ਭਾਈ ਜਸਪਾਲ ਸਿੰਘ ਰਾਜ ਨਗਰ ਵਾਲੇ, ਭਾਈ ਪ੍ਰਿੰਸਪਾਲ ਸਿੰਘ ਅਤੇ ਭਾਈ ਜਸਕਬੀਰ ਸਿੰਘ ਦੇ ਰਾਗੀ ਜਥਿਆਂ ਤੋਂ ਇਲਾਵਾ ਵੱਖ-ਵੱਖ ਧਾਰਮਿਕ ਸੋਸਾਇਟੀਆਂ ਅਤੇ ਸਿੰਘ ਸਭਾਵਾਂ ਦੇ ਜਥੇ ਨਗਰ ਕੀਰਤਨ ਵਿਚ ਅਤੇ ਅਗਵਾਈ ਕਰ ਰਹੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਨਾਲ-ਨਾਲ ਕੀਰਤਨ ਦੀ ਛਹਿਬਰ ਲਾਉਂਦਿਆਂ ਚੱਲ ਰਹੇ ਸਨ। ਰਣਜੀਤ ਨਗਾਰੇ ਦੀਆਂ ਗੂੰਜਾਂ ਤੋਂ ਬਾਅਦ ਸ਼ਬਦਾਂ ਦੀ ਧੁਨ ਵਜਾਉਂਦਾ ਬੈਂਡ, ਖਾਲਸੇ ਦੀ ਚੜ੍ਹਦੀ ਕਲਾ ਨੂੰ ਦਰਸਾਉਂਦੀਆਂ ਗਤਕੇ ਦੀਆਂ ਟੀਮਾਂ, ਸਕੂਲੀ ਬੱਚੇ, ਘੋੜਸਵਾਰ ਪੰਜ ਨਿਸ਼ਾਨਚੀ ਸਿੰਘ, ਸੰਗਤਾਂ ਦੇ ਬੈਠਣ ਦੀ ਸਹੂਲਤ ਅਤੇ ਵੱਖ-ਵੱਖ ਸਲੋਗਨਾਂ ਨਾਲ ਪੰਜਾਬੀਅਤ ਦੀ ਸੇਧ ਦਿੰਦੇ ਹੋਏ ਅਣਗਿਣਤ ਈ-ਰਿਕਸ਼ਾ, ਫ਼ਲੈਕਸ ਬੋਰਡਾਂ ਵਾਲੇ ਟਰਾਲੇ ਅਤੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਣਾਇਆ ਮੂਲ-ਮੰਤਰ ਦਾ ਮਾਡਲ ਵਿਲੱਖਣ ਦ੍ਰਿਸ਼ ਪੈਦਾ ਕਰ ਰਹੇ ਸਨ।

PunjabKesari

ਦੇਰ ਰਾਤ ਲਗਭਗ 11 ਵਜੇ ਨਗਰ ਕੀਰਤਨ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਪੁੱਜਾ, ਜਿੱਥੇ ਗੁਰੂ ਸਾਹਿਬ ਦੇ ਚਰਨਾਂ ਵਿਚ ਨਿਰਵਿਘਨ ਸਮਾਪਤੀ ਲਈ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ ਅਤੇ ਗੁਰੂ ਸਾਹਿਬ ਦਾ ਸਰੂਪ ਆਪਣੇ ਨਿੱਜ ਅਸਥਾਨ ’ਤੇ ਭੇਜਣ ਉਪਰੰਤ ਨਗਰ ਕੀਰਤਨ ਦੀ ਸੰਪੂਰਨਤਾਈ ਹੋਈ। ਪ੍ਰਬੰਧਕਾਂ ਨੇ ਸਮੂਹ ਸਹਿਯੋਗੀਆਂ ਅਤੇ ਸ਼ਹਿਰ ਦੀਆਂ ਸੰਗਤਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ।

PunjabKesari

ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੇ ਮਾਮਲੇ ’ਚ ਇਕ ਹੋਰ ਗਵਾਹ ਆਇਆ ਸਾਹਮਣੇ, ਹੋਇਆ ਹੁਣ ਤੱਕ ਦਾ ਵੱਡਾ ਖ਼ੁਲਾਸਾ

ਸੰਗਤਾਂ ਦੇ ਸਵਾਗਤ ਅਤੇ ਸੇਵਾ ਲਈ ਸ਼ਰਧਾਲੂਆਂ ’ਚ ਸੀ ਅਲੌਕਿਕ ਉਤਸ਼ਾਹ
ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਦਾ ਸਵਾਗਤ ਕਰਨ ਅਤੇ ਸੇਵਾ ਕਰਨ ਦਾ ਅਲੌਕਿਕ ਉਤਸ਼ਾਹ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਤੋਂ ਇਲਾਵਾ ਵੱਖ-ਵੱਖ ਮਾਰਕੀਟਾਂ ਦੀਆਂ ਦੁਕਾਨਦਾਰ ਐਸੋਸੀਏਸ਼ਨਾਂ ਅਤੇ ਪਰਿਵਾਰਾਂ ਵਿਚ ਦੇਖਣ ਨੂੰ ਮਿਲ ਰਿਹਾ ਸੀ। ਨਗਰ ਕੀਰਤਨ ਦੇ ਸਾਰੇ ਰੂਟ ’ਤੇ ਛੱਤੀ ਪ੍ਰਕਾਰ ਦੇ ਪਦਾਰਥਾਂ ਦੇ ਲੰਗਰ ਸਟਾਲ ਲਗਾਏ ਗਏ ਸਨ, ਜਿੱਥੇ ਗੁਰਬਾਣੀ ਦੇ ਜਾਪ ਦੇ ਨਾਲ-ਨਾਲ ਸੰਗਤਾਂ ਦੀ ਸ਼ਰਧਾਪੂਰਵਕ ਸੇਵਾ ਕੀਤੀ ਜਾ ਰਹੀ ਸੀ। ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰ, ਮੈਂਬਰਾਨ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਵਰਕਰ ਅਤੇ ਆਗੂ ਹੱਥੀਂ ਸੇਵਾ ਕਰਕੇ ਗੁਰੂ ਸਾਹਿਬ ਅਤੇ ਸੰਗਤ ਦੀਆਂ ਖ਼ੁਸ਼ੀਆਂ ਹਾਸਲ ਕਰ ਰਹੇ ਸਨ।

PunjabKesari

ਪ੍ਰਦਰਸ਼ਨੀਆਂ ਖਿੱਚ ਰਹੀਆਂ ਸਨ ਲੋਕਾਂ ਦਾ ਧਿਆਨ
ਸਿੱਖ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਸਚਿੱਤਰ ਕਰਦੀ ਇਕ ਇਤਿਹਾਸਕ ਪ੍ਰਦਰਸ਼ਨੀ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਸੀ। ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਨੂੰ ਭੁੱਲਦੀ ਜਾ ਰਹੀ ਮਾਂ ਬੋਲੀ ਪੰਜਾਬੀ ਪ੍ਰਤੀ ਮੁੜ ਤੋਂ ਉਤਸ਼ਾਹ ਪੈਦਾ ਕਰਨ ਅਤੇ ਆਪਣੀ ਬੋਲੀ ਨੂੰ ਸੰਭਾਲਣ ਲਈ ਸੁਚੇਤ ਕਰਦੀ ਇਕ ਪ੍ਰਦਰਸ਼ਨੀ ਵੀ ਆਮ ਲੋਕਾਂ ਦਾ ਧਿਆਨ ਖਿੱਚਣ ਵਿਚ ਸਫਲ ਹੋ ਰਹੀ ਸੀ। ਇਸੇ ਤਰ੍ਹਾਂ ਬੁਰੀ ਤਰਾਂ ਦੂਸ਼ਿਤ ਹੁੰਦੇ ਜਾ ਰਹੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਦੀ ਪ੍ਰਦਰਸ਼ਨੀ ਵੀ ਨਗਰ ਕੀਰਤਨ ਦਾ ਹਿੱਸਾ ਬਣੀ ਹੋਈ ਸੀ।

PunjabKesari

ਸਕੂਲਾਂ ਦੇ ਬਾਵਰਦੀ ਬੱਚਿਆਂ ਵਧਾਈ ਨਗਰ ਕੀਰਤਨ ਦੀ ਸ਼ਾਨ
ਵੱਖ-ਵੱਖ ਸਕੂਲਾਂ ਦੇ ਬਾਵਰਦੀ ਬੱਚੇ ਆਪਣੇ ਅਧਿਆਪਕਾਂ ਦੀ ਨਿਗਰਾਨੀ ਹੇਠ ਕਤਾਰਬੱਧ ਹੋ ਕੇ ਗੁਰਬਾਣੀ ਦਾ ਜਾਪ ਕਰਦੇ ਅਤੇ ਸਿਮਰਨ ਕਰਦੇ ਹੋਏ ਨਗਰ ਕੀਰਤਨ ਦੀ ਸ਼ਾਨ ਵਿਚ ਵਾਧਾ ਕਰਦੇ ਹੋਏ ਆਪਣੀ ਹਾਜ਼ਰੀ ਦਰਜ ਕਰਵਾ ਰਹੇ ਸਨ ਅਤੇ ਖਾਲਸਾਈ ਬਾਣੇ ਵਿਚ ਸਜੇ ਹੋਏ ਬੱਚੇ ਆਪਣੇ ਇੰਚਾਰਜ ਸਰਬਜੀਤ ਸਿੰਘ ਸਹਿਗਲ ਦੀ ਦੇਖ-ਰੇਖ ਹੇਠ ਸੰਗਤ ਦੀਆਂ ਖੁਸ਼ੀਆਂ ਬਟੋਰ ਰਹੇ ਸਨ, ਜਦਕਿ ਬੈਂਡ ਵਾਲੇ ਗੁਰਬਾਣੀ ਸ਼ਬਦਾਂ ਦੀਆਂ ਮਿੱਠੀਆਂ ਧੁਨਾਂ ’ਤੇ ਸੰਗਤਾਂ ਨੂੰ ਮੰਤਰ- ਮੁਗਧ ਕਰਨ ਦਾ ਯਤਨ ਕਰ ਰਹੇ ਸਨ। ਨਗਰ ਕੀਰਤਨ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਪ੍ਰਬੰਧਕੀ ਸੰਚਾਲਕ ਕਮੇਟੀ ਦੇ ਮੈਂਬਰਾਨ ਆਪੋ-ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਸਨ।

PunjabKesari

ਇਹ ਵੀ ਪੜ੍ਹੋ- ਪੰਜਾਬੀਆਂ ਲਈ ਖ਼ੁਸ਼ਖ਼ਬਰੀ: ਆਦਮਪੁਰ ਏਅਰਪੋਰਟ ਤੋਂ ਸ਼ੁਰੂ ਹੋਣਗੀਆਂ ਇਹ ਦੋ ਫਲਾਈਟਾਂ

ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਮੋਹਤਬਰਾਂ ਲੁਆਈ ਹਾਜ਼ਰੀ
ਨਗਰ ਕੀਰਤਨ ਵਿਚ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਵਿਧਾਇਕ ਰਜਿੰਦਰ ਬੇਰੀ, ‘ਆਪ’ ਆਗੂ ਚੰਦਨ ਗਰੇਵਾਲ, ਪਵਨ ਟੀਨੂ, ਰਾਜਵਿੰਦਰ ਕੌਰ ਥਿਆੜਾ, ਦਿਨੇਸ਼ ਢੱਲ, ਅਮਿਤ ਢੱਲ, ਨਿਗਮ ਕਮਿਸ਼ਨਰ ਗੌਤਮ ਜੈਨ, ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਅਤੇ ਅਮਰਜੀਤ ਸਿੰਘ ਅਮਰੀ ਤੋਂ ਤਰਨਤਾਰਨ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਵੀ ਹਾਜ਼ਰੀ ਭਰੀ। (ਤਸਵੀਰ ’ਚ) ਨਗਰ ਕੀਰਤਨ ਵਿਚ ਹਾਜ਼ਰੀ ਭਰਨ ‘ਆਪ’ਆਗੂ ਰਾਜਵਿੰਦਰ ਕੌਰ ਥਿਆੜਾ, ਪਵਨ ਟੀਨੂ ਅਤੇ ਚੰਦਨ ਗਰੇਵਾਲ ਪਹੁੰਚੇ।  

PunjabKesari

ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ
ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਥੇ. ਕੁਲਵੰਤ ਸਿੰਘ ਮੰਨਣ ਦੀ ਅਗਵਾਈ ਵਿਚ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਮਿਲਾਪ ਚੌਕ ਵਿਚ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਦਾ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕਰਨ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਭੇਟ ਕਰਨ ਤੋਂ ਇਲਾਵਾ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ। ਇਸ ਮੌਕੇ ਚਰਨਜੀਵ ਸਿੰਘ ਲਾਲੀ, ਇਕਬਾਲ ਸਿੰਘ ਢੀਂਡਸਾ, ਰਣਜੀਤ ਸਿੰਘ ਰਾਣਾ, ਅਮਰਜੀਤ ਸਿੰਘ ਮਿੱਠਾ, ਅਵਤਾਰ ਸਿੰਘ ਘੁੰਮਣ, ਗੁਰਬਚਨ ਸਿੰਘ ਮੱਕੜ, ਮਨਿੰਦਰਪਾਲ ਸਿੰਘ ਗੁੰਬਰ, ਸੁਰਜੀਤ ਸਿੰਘ ਨੀਲਾਮਹਿਲ, ਰਵਿੰਦਰ ਸਿੰਘ ਸਵੀਟੀ, ਭਜਨ ਲਾਲ ਚੋਪੜਾ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਅਰੁਣ ਕੁਮਾਰ, ਅੰਮ੍ਰਿਤਬੀਰ ਸਿੰਘ, ਦਲਵਿੰਦਰ ਸਿੰਘ ਬੜਿੰਗ, ਸਰਬਜੀਤ ਸਿੰਘ ਪਨੇਸਰ, ਸਤਿੰਦਰ ਸਿੰਘ ਪੀਤਾ, ਆਬਿਦ ਹਸਨ ਸਲਮਾਨੀ, ਗੁਰਪ੍ਰੀਤ ਸਿੰਘ ਸਚਦੇਵਾ, ਜਸਬੀਰ ਸਿੰਘ ਵਾਲੀਆ, ਅਮਰਜੀਤ ਸਿੰਘ ਬਸਰਾ, ਗੁਰਮੀਤ ਸਿੰਘ ਬਸਰਾ, ਪਰਮਿੰਦਰ ਸਿੰਘ ਸੰਤ ਨਗਰ, ਹਰਜਿੰਦਰ ਸਿੰਘ ਢੀਂਡਸਾ, ਮਹੇਸ਼ਇੰਦਰ ਸਿੰਘ ਧਾਮੀ, ਗਗਨਦੀਪ ਸਿੰਘ ਨਾਗੀ, ਅਮਰਜੀਤ ਸਿੰਘ ਬਰਮੀ, ਜਸਵਿੰਦਰ ਸਿੰਘ ਭੰਮਰਾ, ਡਾ. ਰਘਬੀਰ ਸਿੰਘ, ਸੁਰਿੰਦਰ ਸਿੰਘ ਐੱਸ. ਟੀ., ਅੰਮ੍ਰਿਤਪਾਲ ਸਿੰਘ ਗੁੰਬਰ, ਸੰਦੀਪ ਫੁੱਲ, ਚਰਨਜੀਤ ਸਿੰਘ ਲੁਬਾਣਾ, ਤਰਸੇਮ ਭਲਵਾਨ, ਹਰਵਿੰਦਰ ਸਿੰਘ ਚਾਵਲਾ, ਹਰਪ੍ਰੀਤ ਸਿੰਘ ਚੌਹਾਨ, ਤਜਿੰਦਰ ਸਿੰਘ ਉੱਭੀ ਆਦਿ ਹਾਜ਼ਰ ਸਨ।

PunjabKesari

ਸਿੰਘ ਸਭਾਵਾਂ ਦੇ ਨੁਮਾਇੰਦਿਆਂ ਗੁ. ਦੀਵਾਨ ਅਸਥਾਨ ਵਿਖੇ ਕੀਤਾ ਨਗਰ ਕੀਰਤਨ ਦਾ ਸਵਾਗਤ
ਸ਼ਹਿਰ ਦੀਆਂ ਸਿੰਘ ਸਭਾਵਾਂ ਦੇ ਸਮੂਹ ਨੁਮਾਇੰਦਿਆਂ ਨੇ ਗੁ. ਦੀਵਾਨ ਅਸਥਾਨ ਵਿਖੇ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਮਹਿੰਦਰਜੀਤ ਸਿੰਘ, ਗੁਰਬਖਸ਼ ਸਿੰਘ ਜੁਨੇਜਾ, ਪਰਮਿੰਦਰ ਸਿੰਘ ਦਸ਼ਮੇਸ਼ ਨਗਰ, ਕੁਲਦੀਪ ਸਿੰਘ ਪਾਇਲਟ, ਦਵਿੰਦਰ ਸਿੰਘ ਰਿਆਤ, ਜਸਬੀਰ ਸਿੰਘ ਰੰਧਾਵਾ, ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ, ਬਾਬਾ ਗੁਰਵਿੰਦਰ ਸਿੰਘ ਨਿਰਮਲ ਕੁਟੀਆ, ਗੁਰਕਿਰਪਾਲ ਸਿੰਘ ਬਸਤੀ ਸ਼ੇਖ, ਦਵਿੰਦਰ ਸਿੰਘ ਰਹੇਜਾ, ਕੰਵਲਜੀਤ ਸਿੰਘ ਟੋਨੀ, ਹਰਭਜਨ ਸਿੰਘ ਸੈਣੀ, ਗੁਰਿੰਦਰ ਸਿੰਘ ਮਝੈਲ, ਅਮਰਜੀਤ ਸਿੰਘ ਮਿੱਠਾ, ਕੁਲਜੀਤ ਸਿੰਘ ਚਾਵਲਾ, ਹਰਜੋਤ ਸਿੰਘ ਲੱਕੀ, ਭੁਪਿੰਦਰ ਸਿੰਘ ਖ਼ਾਲਸਾ, ਦਲਜੀਤ ਸਿੰਘ ਕ੍ਰਿਸਟਲ, ਗੁਰਜੀਤ ਸਿੰਘ ਪੋਪਲੀ, ਰਣਜੀਤ ਸਿੰਘ ਰਾਣਾ, ਸੁਖਦੇਵ ਸਿੰਘ ਗਾਂਧੀ, ਪਰਮਿੰਦਰ ਸਿੰਘ ਡਿੰਪੀ, ਦਵਿੰਦਰ ਸਿੰਘ ਸੈਂਟਰਲ ਟਾਊਨ, ਸੁਖਵਿੰਦਰ ਸਿੰਘ ਮੱਕੜ, ਚਰਨਜੀਤ ਸਿੰਘ ਮਿੰਟਾ, ਹਰਜੀਤ ਸਿੰਘ ਬਸਤੀ ਸ਼ੇਖ, ਜਸਪ੍ਰੀਤ ਸਿੰਘ, ਗੁਰਜੀਤ ਸਿੰਘ ਟੱਕਰ, ਮਨਦੀਪ ਸਿੰਘ ਬਹਿਲ, ਨਵਦੀਪ ਸਿੰਘ ਗੁਲਾਟੀ, ਬਲਜੀਤ ਸਿੰਘ ਸੇਵਾਦਾਰ ਨਿਹੰਗ ਸਿੰਘ ਜਥੇਬੰਦੀਆਂ, ਹਰਵਿੰਦਰ ਸਿੰਘ ਮੱਖਣ, ਪ੍ਰਦੀਪ ਵਿੱਕੀ, ਬਾਵਾ ਗਾਬਾ, ਪਰਮਿੰਦਰ ਸਿੰਘ ਸੋਨੂੰ, ਗੁਰਨੀਤ ਸਿੰਘ, ਅਨਮੋਲ ਸਿੰਘ, ਗਗਨ ਰੇਨੂ, ਹਰਮਨ ਸਿੰਘ, ਡਿਸਪ੍ਰੀਤ ਸਿੰਘ, ਜਸਦੀਪ ਸਿੰਘ, ਪ੍ਰਭਗੁਣ ਸਿੰਘ, ਭਵਜੋਤ ਸਿੰਘ, ਭਵਰਾਜ ਸਿੰਘ, ਮਨਕੀਰਤ ਸਿੰਘ, ਅਜਮੇਰ ਸਿੰਘ, ਅਰਸ਼ਦੀਪ ਸਿੰਘ, ਗਗਨ ਸਿੰਘ, ਹਰਸ਼ਵਿੰਦਰ ਸਿੰਘ, ਡਿਪਟੀ ਬਤਰਾ, ਕਰਣ ਵਧਵਾ, ਜਪਨਜੋਤ ਸਿੰਘ, ਅਜਮੇਰ ਸਿੰਘ ਅਤੇ ਜਸਕੀਰਤ ਸਿਘ ਜੱਸੀ ਸ਼ਾਮਲ ਸਨ।

PunjabKesari

PunjabKesari

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਬੰਦ ਰਹਿਣਗੀਆਂ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

shivani attri

Content Editor

Related News